ਜਲੰਧਰ, 7 ਮਈ (ਜਤਿੰਦਰ ਪੰਮੀ)-ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਅੱਗ ਤੋਂ ਸੁਰੱਖਿਆ ਸਬੰਧੀ ਜਾਗਰੂਕਤਾ ਹਫਤੇ ਤਹਿਤ ਵੀਰਵਾਰ ਨੂੰ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਵਿਖੇ ਮੌਕ ਡਰਿੱਲ ਚਲਾਈ ਗਈ | ਇਸਦੇ ਨਾਲ ਹੀ ਵੱਖ-ਵੱਖ ਨਰਸਿੰਗ ਕਾਲਜਾਂ ਦੀਆਂ ਵਿਦਿਆਰਥਣਾਂ ਵਿਚਾਲੇ ਪੋਸਟਰ ਬਣਾਉਣ ਮੁਕਾਬਲੇ ਵੀ ਕਰਵਾਏ ਗਏ | ਸਿਹਤ ਵਿਭਾਗ ਵਲੋਂ ਇਹ ਅੱਗ ਤੋਂ ਸੁਰੱਖਿਆ ਸੰਬੰਧੀ ਜਾਗਰੂਕਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਕਰਵਾਇਆ ਗਿਆ | ਫਾਇਰ ਬਿ੍ਗੇਡ ਅਫਸਰ ਅਵਨੀਸ਼ ਤੇ ਉਨਾਂ ਦੀ ਟੀਮ ਵਿੱਚ ਸ਼ਾਮਿਲ ਸੁਰੱਖਿਆ ਮਾਹਰਾਂ ਦੁਆਰਾ ਹਸਪਤਾਲ ਤੇ ਦਫਤਰਾਂ ਵਿੱਚ ਮੌਕ ਡਰਿੱਲ ਚਲਾਈ ਗਈ | ਇਸ ਦੌਰਾਨ ਮੌਜੂਦ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਬਾਰੇ ਅਤੇ ਜਾਨ-ਮਾਲ ਦਾ ਨੁਕਸਾਨ ਨਾ ਹੋਵੇ ਪ੍ਰਤੀ ਸੁਰੱਖਿਆ ਮਾਪਦੰਡਾਂ ਬਾਰੇ ਦੱਸਿਆ ਗਿਆ | ਇਸ ਦੇ ਨਾਲ ਹੀ ਮੌਕ ਡਰਿੱਲ ਦੇ ਮੁੱਖ ਨੁਕਤੇ, ਐਮਰਜੈਂਸੀ ਅਲਾਰਮ ਅਤੇ ਨਿਕਾਸੀ, ਸਾਇਰਨ ਵੱਜਦੇ ਹੀ ਸਾਰਿਆਂ ਨੂੰ ਸ਼ਾਂਤੀ ਨਾਲ ਫਾਇਰ ਐਗਜ਼ਿਟ ਰਾਹੀਂ ਬਾਹਰ ਜਾਣ ਦੇ ਸੁਰੱਖਿਅਤ ਤਰੀਕਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ | ਪੋਸਟਰ ਬਣਾਉਣ ਦੇ ਮੁਕਾਬਲੇ 'ਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਐਸ.ਐਮ.ਓ. ਗਾਇਨੀ ਡਾ. ਵਰਿੰਦਰ ਕੌਰ ਥਿੰਦ, ਡਾ. ਹਰਵੀਨ ਕੌਰ, ਏ.ਐਚ.ਏ. ਡਾ. ਨੇਹਾ ਅਤੇ ਮੈਟਰਨ ਜਸਵੀਰ ਕੌਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ |