ਸ਼ਾਹਕੋਟ, 6 ਮਈ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)- ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਸੂਬਾ ਪ੍ਰੈੱਸ ਸਕੱਤਰ ਨਾਨਕ ਰਾਮ ਦੀ ਅਗਵਾਈ ਹੇਠ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਂਅ ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਨੂੰ ਇੱਕ ਮੰਗ-ਪੱਤਰ ਸੌਂਪਿਆ ਗਿਆ | ਆਗੂਆਂ ਨੇ ਦੱਸਿਆ ਕਿ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਪਿੱਛਲੇ 15 ਸਾਲ ਤੋਂ ਵੱਧ ਸਮੇਂ ਦੌਰਾਨ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਹੁਣ ਪੰਜਾਬ ਰਾਜ ਦੇ ਫ਼ਰਦ ਕੇਂਦਰਾਂ ਲਈ ਮੈਨਪਾਵਰ ਮੁਹੱਈਆ ਕਰਵਾਉਣ ਸੰਬੰਧੀ ਨਵਾਂ ਟੈਂਡਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਿਰਫ਼ 674 ਕਰਮਚਾਰੀਆਂ ਦੀ ਲੋੜ ਦਰਸਾਈ ਗਈ ਹੈ, ਜਦਕਿ ਮੌਜੂਦਾ ਸਮੇਂ 'ਚ ਫ਼ਰਦ ਕੇਂਦਰਾਂ 'ਚ ਕਰੀਬ 807 ਆਪ੍ਰੇਟਰ ਅਤੇ ਸੇਵਾਦਾਰ ਕੰਮ ਕਰ ਰਹੇ ਹਨ | ਇਸ ਤਰ੍ਹਾਂ ਲਗਭਗ 133 ਆਪ੍ਰੇਟਰਾਂ ਤੇ ਸੇਵਾਦਾਰਾਂ ਦੀਆ ਸੇਵਾਵਾਂ ਨੂੰ ਨੌਕਰੀ ਤੋਂ ਵਾਂਝੇ ਕੀਤਾ ਜਾ ਰਿਹਾ ਹੈ | ਇਹ ਸਾਰੇ ਕਰਮਚਾਰੀ ਬਹੁਤ ਮਿਹਨਤੀ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਨੌਕਰੀ ਨਾਲ ਜੁੜੀ ਹੋਈ ਹੈ | ਜੇਕਰ ਉਨ੍ਹਾਂ ਨੂੰ ਨੌਕਰੀ ਤੋਂ ਹਟਾਇਆ ਗਿਆ ਤਾਂ ਉਨ੍ਹਾਂ ਦੇ ਪਰਿਵਾਰਕ ਜੀਵਨ 'ਤੇ ਗੰਭੀਰ ਅਸਰ ਪਵੇਗਾ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਲੈਂਡ ਰਿਕਾਰਡਜ਼ ਸੁਸਾਇਟੀ ਵੱਲੋਂ ਜਾਰੀ ਕੀਤੇ ਮੈਨਪਾਵਰ ਸੰਬੰਧੀ ਫ਼ੈਸਲੇ 'ਚ ਸੋਧ ਕਰਦੇ ਹੋਏ ਸਾਰੇ ਮੌਜੂਦਾ ਕਰਮਚਾਰੀਆਂ ਦੀਆਂ ਸੇਵਾਵਾਂ ਬਿਨਾਂ ਕਿਸੇ ਸ਼ਰਤ ਦੇ ਜਾਰੀ ਰੱਖੀਆਂ ਜਾਣ | ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਜ਼ਿਲ੍ਹਾ ਤਰਨਤਾਰਨ ਦੀਆਂ ਸੇਵਾਵਾਂ ਨੂੰ ਬਹਾਲ ਕੀਤਾ ਜਾਵੇ | ਸਾਰੇ ਆਪ੍ਰੇਟਰਾਂ ਨੂੰ ਕਿਰਤ-ਕਾਨੂੰਨ ਅਨੁਸਾਰ ਬਣਦੀ ਘੱਟੋ-ਘੱਟ ਉਜਰਤ ਤਹਿਤ ਤਨਖ਼ਾਹ ਦਿੱਤੀ ਜਾਵੇ ਅਤੇ ਹਰ ਸਾਲ ਤਨਖਾਹਾਂ 'ਚ ਵਾਧਾ ਕੀਤਾ ਜਾਵੇ | ਸਾਡੀਆਂ ਸੇਵਾਵਾਂ ਕਿਸੇ ਨਿੱਜੀ ਕੰਪਨੀ ਨੂੰ ਦੇਣ ਦੀ ਬਜਾਏ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਅਧੀਨ ਲਿਆਂਦੀਆਂ ਜਾਣ | ਸਾਡੀ ਨੌਕਰੀ 58 ਸਾਲ ਦੀ ਉਮਰ ਤੱਕ ਸੁਰੱਖਿਅਤ ਕੀਤੀ ਜਾਵੇ ਅਤੇ ਬਿਨਾਂ ਵਾਜਬ ਕਾਰਨ ਨੌਕਰੀ ਤੋਂ ਨਾ ਕੱਢਿਆ ਜਾਵੇ | ਡਿਊਟੀ ਦੌਰਾਨ ਕਿਸੇ ਆਪ੍ਰੇਟਰ ਨਾਲ ਅਣਹੋਣੀ ਹੋਣ ਦੀ ਸਥਿਤੀ 'ਚ ਘੱਟੋ-ਘੱਟ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ | ਫ਼ਰਦ ਕੇਂਦਰਾਂ 'ਚ ਕੰਮ ਕਰ ਰਹੇ ਸੇਵਾਦਾਰਾਂ ਦੀ 35 ਸੌ ਰੁਪਏ ਤਨਖਾਹ ਵਧਾ ਕੇ ਡੀ.ਸੀ. ਰੇਟ ਅਨੁਸਾਰ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਵਲੋਂ 7 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ | ਇਸ ਮੌਕੇ ਰਵਿੰਦਰ ਕੁਮਾਰ, ਜਗਮੀਤ ਸਿੰਘ, ਗੁਰਦੀਪ ਸਿੰਘ ਤੇ ਰੌਜ਼ੀ ਹਾਜ਼ਰ ਸਨ |