ਜਲੰਧਰ, 6 ਮਈ (ਜਤਿੰਦਰ ਪੰਮੀ)-ਗਦਈਪੁਰ ਖੇਤਰ ਵਿੱਚ ਸੜਕਾਂ, ਸਟ੍ਰੀਟ ਲਾਈਟਾਂ ਅਤੇ ਸੀਵਰੇਜ ਪ੍ਰਣਾਲੀ ਦੀ ਸਥਿਤੀ ਦਾ ਖਾਸ ਨਿਰੀਖਣ ਕੀਤਾ ਜਾਵੇਗਾ ਤੇ ਲੋੜੀਂਦੀ ਕਾਰਵਾਈ ਪਹਿਲ ਆਧਾਰ 'ਤੇ ਕੀਤੀ ਜਾਵੇਗੀ | ਇਸ ਦੇ ਨਾਲ ਹੀ ਫੋਕਲ ਪੁਆਇੰਟ ਤੇ ਗਦਈਪੁਰ ਦੇ ਆਸ-ਪਾਸ ਟ੍ਰੈਫਿਕ ਜਾਮ ਦੀ ਸਮੱਸਿਆ ਘਟਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਨਾਈਟਡ ਫੋਰਮ ਆਫ਼ ਇੰਡਸਟਰੀ ਐਂਡ ਟ੍ਰੇਡ ਐਸੋਸੀਏਸ਼ਨ ਦੀ ਮੀਟਿੰਗ 'ਚ ਪੁੱਜੇ ਮੇਅਰ ਵਿਨੀਤ ਧੀਰ ਨੇ ਕੀਤਾ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗਦਈਪੁਰ ਵਿੱਚ ਸਥਿਤ ਪੁਲੀ ਨੂੰ ਤਕਨੀਕੀ ਜਾਂਚ ਤੇ ਯੋਗਤਾ ਦੇ ਆਧਾਰ 'ਤੇ ਚੌੜਾ ਕੀਤਾ ਜਾਵੇਗਾ, ਤਾਂ ਜੋ ਕਨੈਕਟਿਵਟੀ ਵਿੱਚ ਸੁਧਾਰ ਹੋਵੇ ਤੇ ਟ੍ਰੈਫਿਕ ਸੁਚਾਰੂ ਤਰੀਕੇ ਨਾਲ ਚੱਲ ਸਕੇ | ਮੇਅਰ ਨੇ ਇਹ ਵੀ ਭਰੋਸਾ ਦਿੱਤਾ ਕਿ ਫੋਕਲ ਪੁਆਇੰਟ ਚੌਕ ਦੇ ਸੁੰਦਰੀਕਰਨ ਦਾ ਕੰਮ ਯੂ.ਐੱਫ.ਆਈ.ਟੀ. ਨੂੰ ਸੌਂਪਿਆ ਜਾਵੇਗਾ, ਜਿਸ ਨਾਲ ਉਦਯੋਗ ਜਗਤ ਦੀ ਭਾਗੀਦਾਰੀ ਨੂੰ ਬੜ੍ਹਾਵਾ ਮਿਲੇਗਾ | ਇਸ ਮੀਟਿੰਗ ਵਿੱਚ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਜਲੰਧਰ ਨਾਰਥ ਹਲਕਾ ਇੰਚਾਰਜ ਦਿਨੇਸ਼ ਢੱਲ ਵੀ ਮੌਜੂਦ ਰਹੇ | ਮੀਟਿੰਗ ਦਾ ਉਦੇਸ ਜਲੰਧਰ ਸੈਂਟਰਲ ਅਤੇ ਉਦਯੋਗਿਕ ਖੇਤਰਾਂ ਨਾਲ ਜੁੜੀਆਂ ਮਹੱਤਵਪੂਰਨ ਬੁਨਿਆਦੀ ਢਾਂਚੇ ਤੇ ਨਾਗਰਿਕ ਸਮੱਸਿਆਵਾਂ 'ਤੇ ਚਰਚਾ ਕਰਨਾ ਸੀ | ਨਿਤਿਨ ਕੋਹਲੀ ਨੇ ਇਹ ਵੀ ਦੱਸਿਆ ਕਿ ਜਲੰਧਰ ਸੈਂਟਰਲ ਦੇ ਪਾਰਕਾਂ ਦੀ ਸੰਭਾਲ ਦਾ ਕੰਮ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਲਈ ਨਵੇਂ ਸਾਧਨ ਅਤੇ ਬਜ਼ੁਰਗਾਂ ਲਈ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ, ਜਿਸ ਨਾਲ ਪਾਰਕ ਹੋਰ ਉਪਯੋਗੀ, ਸੁਰੱਖਿਅਤ ਅਤੇ ਹਰ ਵਰਗ ਲਈ ਲਾਭਕਾਰੀ ਬਣ ਸਕਣ | ਇਸ ਮੌਕੇ ਨਰਿੰਦਰ ਸਿੰਘ ਸੱਗੂ ਪ੍ਰਧਾਨ ਫੋਕਲ ਪਾਇੰਟ ਐਕਸਟੈਨਸ਼ਨ ਐਸੋਸੀਏਸ਼ਨ, ਤਜਿੰਦਰ ਸਿੰਘ ਭਸੀਨ ਪ੍ਰਧਾਨ ਉਦਯੋਗ ਨਗਰ ਮੈਨੂਫੈਕਚਰਰਜ਼ ਐਸੋਸੀਏਸ਼ਨ, ਬਲਰਾਮ ਕਪੂਰ ਚੇਅਰਮੈਨ ਜਾਮਾ, ਨਿਤਿਨ ਕਪੂਰ ਵਾਈਸ ਪ੍ਰਧਾਨ, ਅਸ਼ੋਕ ਸਰਮਾ, ਰਾਜੀਵ ਮਿੱਤਲ ਸਕੱਤਰ, ਇੰਦਰਦੀਪ ਸਿੰਘ ਸੱਗੂ, ਤੁਸ਼ਾਰ ਜੈਨ ਪ੍ਰਧਾਨ ਸੀ. ਆਈ. ਆਈ., ਰਾਜਕਰਨ ਸਿੰਘ ਪ੍ਰਧਾਨ ਵਿਸ਼ਵਕਰਮਾ ਮੰਦਰ ਮੈਨੇਜਮੈਂਟ ਕਮੇਟੀ, ਪੁਨੀਤ ਗੁਪਤਾ, ਅਸ਼ਵਨੀ ਸ਼ਰਮਾ, ਧਰਮਿੰਦਰ ਮਹਿਤਾ, ਅਮਨਦੀਪ ਸਿੰਘ ਸੱਗੂ, ਜਤਿੰਦਰ ਸਿੰਘ ਸੱਗੂ, ਵਿਕਾਸ ਕਟਿਆਲ, ਅਮਰਜੀਤ ਸਿੰਘ ਚੱਢਾ, ਕਪਿਲ ਅਰੋੜਾ, ਅਰਵਿੰਦ ਗੁਪਤਾ, ਸੰਜੀਵ ਗੁਪਤਾ, ਅਮਿਤ ਮਲਹੋਤਰਾ, ਰਾਜੂ ਲਾਂਬਾ, ਅਜੀਤ ਸਿੰਘ ਵਿਰਦੀ, ਕਮਲਜੀਤ ਸਿੰਘ ਤੇ ਹੋਰ ਉਦਯਗੋਪਤੀ ਹਾਜ਼ਰ ਸਨ |