27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸ਼ਾਹਕੋਟ ਪੁਲਿਸ ਨੇ ਆਪ ਹੀ ਇਕ ਵਿਅਕਤੀ ਦੇ ਘਰ ਰੱਖਿਆ ਲਾਹਣ ਦਾ ਡਰੰਮ, ਵੀਡੀਓ ਵਾਇਰਲ

ਅਜੀਤ ਡੈਸਕ 12-04-2026
ਸ਼ਾਹਕੋਟ/ਮਲਸੀਆਂ, 11 ਅਪ੍ਰੈਲ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਸ਼ਾਹਕੋਟ ਪੁਲਿਸ ਵਲੋਂ ਲਾਹਣ ਦਾ ਡਰੰਮ ਆਪ ਹੀ ਪਿੰਡ ਦੌਲਤਪੁਰ ਢੱਡਾ 'ਚ ਇਕ ਵਿਅਕਤੀ ਦੇ ਘਰ ਰੱਖਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸ. ਐੱਸ. ਪੀ. (ਦਿਹਾਤੀ) ਹਰਵਿੰਦਰ ਸਿੰਘ ਵਿਰਕ ਵਲੋਂ ਥਾਣਾ ਸ਼ਾਹਕੋਟ ਦੇ ਐੱਸ. ਐੱਚ. ਓ. ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਬੀਤੀ 9 ਅਪ੍ਰੈਲ ਨੂੰ ਸ਼ਾਹਕੋਟ ਪੁਲਿਸ ਵਲੋਂ ਪਿੰਡ ਦੌਲਤਪੁਰ ਢੱਡਾ ਦੇ ਵਸਨੀਕ ਅਕਰਮ ਪੁੱਤਰ ਜੋਗਿੰਦਰ ਸਿੰਘ ਖ਼ਿਲਾਫ਼ ਲਾਹਣ ਬਰਾਮਦਗੀ ਦੇ ਮਾਮਲੇ 'ਚ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ | ਅਕਰਮ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਘਰ 'ਚ ਇਕੱਲੀਆਂ ਔਰਤਾਂ ਸਨ, ਉਸ ਵੇਲੇ ਸ਼ਾਹਕੋਟ ਪੁਲਿਸ ਦੇ ਕੁਝ ਮੁਲਾਜ਼ਮ, ਜਿਨ੍ਹਾਂ 'ਚ ਕੁਝ ਵਰਦੀਧਾਰੀ ਤੇ ਕੁਝ ਬਿਨਾਂ ਵਰਦੀ ਤੋਂ ਇਕ ਸਿਲਵਰ ਰੰਗ ਦੀ ਇਕੋ ਸਪੋਰਟ ਗੱਡੀ 'ਚ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਆਉਂਦੇ ਸਾਰ ਹੀ ਗੱਡੀ ਦੀ ਡਿੱਗੀ ਵਿਚੋਂ ਇਕ ਨੀਲੇ ਰੰਗ ਦਾ ਡਰੰਮ ਕੱਢਿਆ, ਜੋ ਭਾਰਾ ਹੋਣ ਕਾਰਨ ਦੋ ਵਿਅਕਤੀ ਉਸ ਨੂੰ ਚੱਕ ਕੇ ਘਰ ਦੇ ਅੰਦਰ ਲੈ ਕੇ ਗਏ, ਜਿਸ 'ਚ ਲਾਹਣ ਭਰੀ ਹੋਈ ਸੀ, ਨੂੰ ਘਰ ਦੇ ਅੰਦਰ ਰੱਖ ਦਿੱਤਾ | ਕਰੀਬ 13 ਮਿੰਟ ਬਾਅਦ ਲਾਹਣ ਦੇ ਡਰੰਮ ਦੀ ਰਿਕਵਰੀ ਦਿਖਾਉਂਦੇ ਹੋਏ, ਉਥੋਂ ਵਾਪਸ ਚਲੇ ਗਏ | ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਦੇ ਵਾਇਰਲ ਹੋਣ ਤੋਂ ਬਾਅਦ ਸ਼ਾਹਕੋਟ ਪੁਲਿਸ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ ਆ ਗਈ | ਐੱਸ. ਐੱਸ. ਪੀ. ਜਲੰਧਰ (ਦਿਹਾਤੀ) ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਥਾਣਾ ਸ਼ਾਹਕੋਟ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਭੁੱਲਰ, ਏ. ਐੱਸ. ਆਈ. ਸੁਖਵਿੰਦਰ ਸਿੰਘ ਤੇ ਲੇਡੀ ਕਾਂਸਟੇਬਲ ਹੈਵਨਪ੍ਰੀਤ ਕੌਰ ਨੂੰ ਤੁਰੰਤ ਲਾਈਨ ਹਾਜ਼ਰ ਕਰਕੇ ਇਸ ਦੀ ਜਾਂਚ ਐੱਸ. ਪੀ. (ਇਨਵੈਸਟੀਗੇਸ਼ਨ) ਵਨੀਤ ਅਹਲਾਵਤ ਨੂੰ ਸੌਂਪ ਦਿੱਤੀ ਹੈ | ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਐਕਸਾਈਜ਼ ਵਿਭਾਗ ਤੇ ਪੁਲਿਸ ਕਰਮਚਾਰੀਆਂ ਵਲੋਂ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੂਰੀ ਨਾ ਕਰਨ 'ਤੇ ਪੁਲਿਸ ਵਲੋਂ ਇਹ ਡਰਾਮਾ ਰਚ ਕੇ ਅਕਰਮ 'ਤੇ ਝੂਠਾ ਮੁਕਦਮਾ ਦਰਜ ਕੀਤਾ ਗਿਆ ਹੈ | ਇਸ ਸਾਰੇ ਘਟਨਾਕ੍ਰਮ ਨਾਲ ਪੁਲਿਸ ਦੇ ਅਕਸ ਨੂੰ ਬਹੁਤ ਢਾਹ ਲੱਗੀ ਹੈ |
ਪਿਛਲੀ ਖ਼ਬਰ ਬੇਅੰਤ ਸਿੰਘ ਪਾਰਕ 'ਚ 2.70 ਕਰੋੜ ਨਾਲ ਬਣੇਗਾ ਨਵਾਂ ਫਾਇਰ ਸਟੇਸ਼ਨ, ਨਿਰਮਾਣ ਸ਼ੁਰੂ ਅਗਲੀ ਖ਼ਬਰ ਲਾਂਬੜਾ ਵਿਖੇ ਕਿਸਾਨ ਸਿਖਲਾਈ ਕੈਂਪ ਤੇ ਖੇਤੀ ਪ੍ਰਦਰਸ਼ਨੀ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।