27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਣਕ ਦੀ ਫ਼ਸਲ ਚੁੱਕਣ ਲਈ ਸਰਕਾਰ ਨੇ ਕੀਤੇ ਵਿਆਪਕ ਪ੍ਰਬੰਧ-ਕਟਾਰੂਚੱਕ

ਅਜੀਤ ਡੈਸਕ 05-04-2026
ਜਲੰਧਰ, 4 ਅਪ੍ਰੈਲ (ਸ਼ਿਵ)-ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ 'ਚ ਆਉਣ ਵਾਲੇ ਕਣਕ ਦੇ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਵਲੋਂ ਮੰਡੀਆਂ ਵਿਚ ਲਿਆਂਦੀ ਫ਼ਸਲ ਦੇ ਇਕ-ਇਕ ਦਾਣੇ ਦੀ ਖ਼ਰੀਦ ਲਈ ਵਚਨਬੱਧ ਹੈ ਤੇ ਸਰਕਾਰ ਵਲੋਂ ਸੀਜ਼ਨ ਦੌਰਾਨ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਪਹਿਲਾਂ ਹੀ ਵਿਆਪਕ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ | ਇਸ ਬਾਰ ਫ਼ਸਲ ਦੀ ਭਾਰੀ ਆਮਦ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ 1,897 ਖ਼ਰੀਦ ਕੇਂਦਰ (ਮੰਡੀਆਂ) ਸਥਾਪਤ ਕੀਤੇ ਗਏ ਹਨ, ਜਿਥੇ ਕਿਸਾਨ ਆਪਣੀ ਕਣਕ ਦੀ ਵਿਕਰੀ ਕਰ ਸਕਦੇ ਹਨ | ਬੰਪਰ ਫ਼ਸਲ ਨੂੰ ਧਿਆਨ ਵਿਚ ਰੱਖਦਿਆਂ ਕਈ ਅਸਥਾਈ ਖ਼ਰੀਦ ਕੇਂਦਰ ਵੀ ਸਥਾਪਤ ਕੀਤੇ ਗਏ ਹਨ | ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੂਚੱਕ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਫ਼ਸਲ ਦੀ ਖ਼ਰੀਦ ਦੇ 24 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਅਦਾਇਗੀ ਪ੍ਰਾਪਤ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਕਣਕ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ. ਐੱਸ. ਪੀ.) 2,585 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਾਲ ਕਣਕ ਦੀ ਬੰਪਰ ਫ਼ਸਲ ਹੋਣ ਦੀ ਉਮੀਦ ਹੈ ਤੇ 122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਰੱਖਿਆ ਗਿਆ ਹੈ | ਰਾਜ ਸਰਕਾਰ ਨੇ ਪੂਰੇ ਸੀਜ਼ਨ ਦੌਰਾਨ ਸੁਚਾਰੂ ਖ਼ਰੀਦ ਕਾਰਜਾਂ ਲਈ ਕਣਕ ਦੀ ਖ਼ਰੀਦ ਲਈ 30,973 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਪਹਿਲਾਂ ਹੀ ਹਾਸਿਲ ਕਰ ਲਈ ਹੈ | ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਉਪਜ ਦੇ ਸੁਚੱਜੇ ਪ੍ਰਬੰਧਨ ਲਈ ਲੋੜੀਂਦੇ ਬਾਰਦਾਣੇ ਦੇ ਨਾਲ-ਨਾਲ ਲੋੜੀਂਦੇ ਭੰਡਾਰਨ ਸਥਾਨ ਤੇ ਕਰੇਟਾਂ ਦਾ ਪ੍ਰਬੰਧ ਕੀਤਾ ਗਿਆ ਹੈ | ਸਰਕਾਰ ਵਲੋਂ ਖ਼ਰੀਦ ਵਿਚ ਲੱਗੇ ਮਜ਼ਦੂਰਾਂ ਲਈ ਮਜ਼ਦੂਰੀ ਦਰਾਂ 'ਚ ਵਾਧਾ ਕੀਤਾ ਗਿਆ ਹੈ | ਇਸੇ ਤਰ੍ਹਾਂ ਇਹ ਯਕੀਨੀ ਬਣਾਉਣ ਲਈ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, 51 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਦੀ ਫ਼ਸਲ ਖੁੱਲ੍ਹੇ ਪਲਿੰਥਾਂ 'ਚ ਰੱਖਣ ਲਈ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਕਣਕ ਦੀ ਫ਼ਸਲ ਲਈ ਲੋੜੀਂਦੀ ਜਗਾ ਯਕੀਨੀ ਬਣਾਉਣ ਲਈ ਅਪ੍ਰੈਲ ਵਿਚ 409 ਸਪੈਸ਼ਲਾਂ ਤੇ ਮਈ ਵਿਚ 449 ਸਪੈਸ਼ਲਾਂ ਲਈ ਮੰਗ ਕੀਤੀ ਗਈ ਹੈ | ਇਸ ਤੋਂ ਪਹਿਲਾਂ ਉਨ੍ਹਾਂ ਕੈਬਨਿਟ ਮੰਤਰੀ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਤੇ ਲੁਧਿਆਣਾ ਜ਼ਿਲਿ੍ਹਆਂ ਦੇ ਸੀਨੀਅਰ ਅਧਿਕਾਰੀਆਂ, ਟਰਾਂਸਪੋਰਟਰਾਂ ਅਤੇ ਲੇਬਰ ਠੇਕੇਦਾਰਾਂ ਨਾਲ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ | ਇਸ ਮੌਕੇ ਡਿਪਟੀ ਡਾਇਰੈਕਟਰ ਖ਼ੁਰਾਕ ਤੇ ਸਿਵਲ ਸਪਲਾਈ ਰਜਨੀਸ਼ ਕੌਰ, ਡੀ. ਐਫ. ਐੱਸ. ਸੀ. ਨਰਿੰਦਰ ਸਿੰਘ, ਹਰਸ਼ਰਨ ਸਿੰਘ ਬਰਾੜ, ਸਰਤਾਜ ਚੀਮਾ, ਲਖਬੀਰ ਸਿੰਘ, ਸ੍ਰੀਮਤੀ ਕਿੰਮੀ, ਸ੍ਰੀਮਤੀ ਸੰਜੋਕਤਾ ਸੂਦ ਤੋਂ ਇਲਾਵਾ ਖ਼ਰੀਦ ਏਜੰਸੀਆਂ ਦੇ ਡੀ. ਐਮ. ਮੌਜੂਦ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਨਾਰੀ ਨਿਕੇਤਨ ਜਲੰਧਰ ਦਾ ਦੌਰਾ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।