ਫਿਲੌਰ, 17 ਫਰਵਰੀ (ਸਤਿੰਦਰ ਸ਼ਰਮਾ)- ਮੁੱਖ ਮਾਰਗ 'ਤੇ ਨੇੜਲੇ ਪਿੰਡ ਦੁਸਾਂਝ ਖੁਰਦ 'ਚ ਸਥਿਤ ਡਰਾਈਵਿੰਗ ਟੈਸਟ ਕੇਂਦਰ ਨੂੰ ਪਿੰਡ ਦੇ ਦੋ ਪੰਚਾਂ ਵਲੋਂ ਜਿੰਦਰਾ ਲਾ ਕੇ ਬੰਦ ਕਰਨ ਵਾਲੇ ਮਾਮਲੇ ਦਾ ਅੱਜ ਸੁਖਦ ਅੰਤ ਹੋ ਗਿਆ | ਜ਼ਿਕਰਯੋਗ ਹੈ ਕਿ ਉਕਤ ਕੇਂਦਰ ਪਿੰਡ ਦੁਸਾਂਝ ਖੁਰਦ ਦੀ ਪੰਚਾਇਤ ਨੇ ਸੰਬੰਧਿਤ ਵਿਭਾਗ ਨੂੰ ਕਿਰਾਏ 'ਤੇ ਦਿੱਤਾ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਲੰਬੇ ਸਮੇਂ ਤੋਂ ਉਕਤ ਸੈਂਟਰ ਦਾ ਕਿਰਾਇਆ ਅਦਾ ਨਾ ਹੋਣ ਕਾਰਨ ਦੋ ਪੰਚਾਂ ਨੇ ਪਰਸੋਂ ਜਿੰਦਰਾ ਲਾ ਕੇ ਇਸ ਨੂੰ ਬੰਦ ਕਰ ਦਿੱਤਾ ਸੀ ਜਿਸ ਕਾਰਨ ਡਰਾਈਵਿੰਗ ਲਾਇੰਸਸ ਬਣਾਉਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਵਰਨਣਯੋਗ ਹੈ ਕਿ ਇਕ ਵਾਰ ਪਹਿਲਾਂ ਵੀ ਉਕਤ ਕੇਂਦਰ ਨੂੰ ਜਿੰਦਰਾ ਲਾ ਦਿੱਤਾ ਗਿਆ ਸੀ | ਪਿੰਡ ਦੀ ਸਰਪੰਚ ਬੀਬੀ ਹੰਸੋ ਨੇ ਉਕਤ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਡਰਾਈਵਿੰਗ ਟੈਸਟ ਸੈਂਟਰ ਨੂੰ ਲਾਏ ਜਿੰਦਰੇ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਿੰਦਰਾ ਲਾਉਣ ਦੇ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਦੇ ਦਖ਼ਲ ਤੋਂ ਬਾਅਦ ਪੰਚਾਂ ਨੇ ਅੱਜ ਜਿੰਦਰਾ ਖੋਲ੍ਹ ਦਿੱਤਾ | ਸੰਪਰਕ ਕਰਨ 'ਤੇ ਐਸ.ਡੀ.ਐਮ. ਫਿਲੌਰ ਨਵਦੀਪ ਸਿੰਘ ਨੇ ਕਿਹਾ ਕਿ ਡਰਾਈਵਿੰਗ ਟੈਸਟ ਸੈਂਟਰ ਦਾ ਮਾਮਲਾ ਸੁਲਝਾ ਲਿਆ ਗਿਆ ਹੈ ਅਤੇ ਪੰਚਾਇਤ ਨੂੰ ਬਣਦਾ ਕਿਰਾਇਆ ਵੀ ਅਦਾ ਕਰ ਦਿੱਤਾ ਗਿਆ ਹੈ |