ਜਲੰਧਰ, 17 ਫਰਵਰੀ (ਹਰਵਿੰਦਰ ਸਿੰਘ ਫੁੱਲ)- ਬੇਅੰਤ ਸਿੰਘ ਸਰਹੱਦੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਪੰਜਾਬੀ ਲਿਖਾਰੀ ਸਭਾ ਜਲੰਧਰ ਵਲੋਂ ਕਵੀ ਦਰਬਾਰ ਤੇ ਮਹੀਨਾਵਾਰੀ ਸਮਾਗਮ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਕੰਵਲਜੀਤ ਸਿੰਘ ਉਬਰਾਏ ਪ੍ਰਧਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਜਲੰਧਰ ਅਤੇ ਵਿਸ਼ੇਸ਼ ਮਹਿਮਾਨ ਚੰਦਰ ਸ਼ੇਖਰ ਸ਼ਿੰਗਾਰੀ ਜੋ ਕਿੱਤੇ ਵਜੋ ਸੀ.ਏ. ਹਨ, ਇਸ ਦੇ ਨਾਲ ਹੀ ਉੱਘੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਹਨ ਨੂੰ 'ਪੰਜਾਬੀ ਮਾਂ ਬੋਲੀ ਦਾ ਮਾਣ-ਸਨਮਾਨ' ਦੇ ਕੇ ਸਨਮਾਨਿਤ ਕੀਤਾ ਗਿਆ | ਵਿਸ਼ੇਸ਼ ਸਨਮਾਨ 'ਚ ਗੁਰਮੇਲ ਸਿੰਘ ਖਹਿਰਾ, ਗੁਰਪ੍ਰਤਾਪ ਸਿੰਘ ਅਤੇ ਸੁਖਦੇਵ ਸਿੰਘ ਜੋ ਆਸਟ੍ਰੇਲੀਆ ਤੋਂ ਉਚੇਚੇ ਤੌਰ 'ਤੇ ਸਮਾਗਮ ਵਿੱਚ ਪਹੁੰਚੇ ਸਨ | ਮੰਗਲ ਸਿੰਘ ਭੰਡਾਲ ਦਾ ਵੀ ਸਨਮਾਨ ਕੀਤਾ ਗਿਆ | ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਮਾਗਮ ਦੀ ਰਸਮੀ ਤੌਰ 'ਤੇ ਸ਼ੁਰੂਆਤ ਕਰਦੇ ਹੋਏ ਪ੍ਰਧਾਨਗੀ ਮੰਡਲ 'ਚ ਬੈਠੇ ਹੋਏ ਮਹਿਮਾਨਾਂ ਤੇ ਪਹੁੰਚੇ ਹੋਏ ਕਵੀਆਂ/ਲੇਖਕਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ | ਕਵੀ ਦਰਬਾਰ ਦੀ ਆਰੰਭਤਾ ਸਭਾ ਦੇ ਸਕੱਤਰ ਮਹਿੰਦਰ ਸਿੰਘ ਅਨੇਜਾ ਨੇ ਆਪਣੀ ਕਵਿਤਾ ਨਾਲ ਕੀਤੀ | ਸਭਾ ਦੇ ਚੇਅਰਮੈਨ ਦਲਬੀਰ ਸਿੰਘ ਰਿਆੜ ਨੇ ਸਨਮਾਨਿਤ ਸ਼ਖਸੀਅਤਾਂ ਬਾਰੇ ਜਾਣ ਪਹਿਚਾਣ ਅਤੇ ਸਾਹਿਤਕ ਖੇਤਰ 'ਚ ਉਨ੍ਹਾਂ ਦੀ ਵੱਡਮੁੱਲੀ ਦੇਣ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ | ਸਮਾਗਮ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਦੇ ਬੱਚਿਆਂ ਨੇ ਕਵੀਸ਼ਰੀ ਪੇਸ਼ ਕੀਤੀ | ਇਸ ਸਮਾਗਮ ਵਿੱਚ ਮਹਿੰਦਰ ਸਿੰਘ ਅਨੇਜਾ, ਹਰਭਜਨ ਸਿੰਘ ਨਾਹਲ, ਹਰਜਿੰਦਰ ਸਿੰਘ ਜਿੰਦੀ, ਦਲਬੀਰ ਸਿੰਘ ਰਿਆੜ, ਬਲਦੇਵ ਸਿੰਘ ਬੱਦਨ, ਗੁਰਦੀਪ ਸਿੰਘ ਉਜਾਲਾ, ਹਰਬੰਸ ਸਿੰਘ ਕਲਸੀ, ਮਨਪ੍ਰੀਤ ਕੌਰ, ਜਸਬੀਰ ਕੌਰ, ਕੰਵਲਜੀਤ ਸਿੰਘ, ਮਨ ਸਿੰਘ, ਜਗਤਾਰ ਸਿੰਘ, ਚੰਦਰ ਸ਼ੇਖਰ ਸ਼ਿੰਗਾਰੀ, ਕੁਲਦੀਪ ਸਿੰਘ ਰਤਨ, ਕੁਲਵਿੰਦਰ ਸਿੰਘ ਗਾਖਲ (ਸਟੇਟ ਅਵਾਰਡੀ), ਮੰਗਲ ਸਿੰਘ ਭੰਡਾਲ (ਸਟੇਟ ਅਤੇ ਨੈਸ਼ਨਲ ਅਵਾਰਡੀ), ਅਵਤਾਰ ਸਿੰਘ ਖਾਲਸਾ, ਵੀ.ਕੇ.ਦਿਆਲਪੁਰੀ ਅਤੇ ਐਸ.ਐਸ.ਸੰਧੂ ਹਾਜ਼ਰ ਸਨ | ਸਮਾਗਮ ਦੇ ਅੰਤ 'ਚ ਸਭਾ ਦੀ ਉਪ ਪ੍ਰਧਾਨ ਮੈਡਮ ਗੁਰਬਚਨ ਕੌਰ ਦੂਆ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਅਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਸੇਵਾ ਮਹਿੰਦਰ ਸਿੰਘ ਅਨੇਜਾ ਨੇ ਬਾਖ਼ੂਬੀ ਨਿਭਾਈ |