ਜਲੰਧਰ, 17 ਫਰਵਰੀ (ਸ਼ੈਲੀ)-ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਇਕ ਕਾਰਵਾਈ ਦੌਰਾਨ ਪੁਲਿਸ ਵਰਦੀ ਦੇ ਰੰਗ ਦੀਆਂ ਖਾਕੀ ਪੱਗਾਂ, ਫਿਫਿਟਿਆਂਂ ਅਤੇ ਜੁੱਤੇ ਪਾ ਕੇ ਖ਼ੁਦ ਨੂੰ ਪੁਲਿਸ ਅਫ਼ਸਰ ਦਸ ਕੇ ਰਾਤ ਸਮੇਂ ਲੋਕਾਂ ਨੂੰ ਲੁੱਟਣ ਵਾਲੇ ਚਾਰ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀਆਂ ਦੀ ਪਛਾਣ ਕਰਨਵੀਰ ਸਿੰਘ ਉਰਫ਼ ਕਰਨ ਪੁੱਤਰ ਪੁਖਰਾਜ ਸਿੰਘ, ਸਰਬਜੀਤ ਸਿੰਘ ਉਰਫ਼ ਸ਼ੰਟੀ ਪੁੱਤਰ ਸੁਖਦੇਵ ਸਿੰਘ, ਅਮਨਪਾਲ ਸਿੰਘ ਉਰਫ਼ ਰਿੰਕੂ ਪੁੱਤਰ ਲਖਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਉਰਫ਼ ਮਾਨ ਪੁੱਤਰ ਬਲਵਿੰਦਰ ਸਿੰਘ ਚਾਰੇ ਨਿਵਾਸੀ ਬਾਬਾ ਦੀਪ ਸਿੰਘ ਨਗਰ, ਸੋਢਲ, ਜਲੰਧਰ ਵਜੋਂ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਾਮ ਕੁਮਾਰ ਸ਼ਰਮਾ ਪੁੱਤਰ ਹਰੀ ਸ਼ੰਕਰ ਸ਼ਰਮਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਜੇਲ ਰੋਡ ਗੁਰਦਾਸਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 13 ਜਨਵਰੀ ਨੂੰ ਲਗਪਗ ਰਾਤ 12:15 ਵਜੇ ਉਹ ਅਤੇ ਉਸਦਾ ਦੋਸਤ ਮਨਪ੍ਰੀਤ ਕੁਮਾਰ ਦਿੱਲੀ ਤੋਂ ਜਲੰਧਰ ਪਹੁੰਚੇ, ਫਿਰ ਉਹ ਸਿਟੀ ਸਟੇਸ਼ਨ ਤੋਂ ਬੱਸ ਸਟੈਂਡ ਵੱਲ ਪੈਦਲ ਚੱਲ ਚਲ ਪਏ | ਜਦੋਂ ਉਹ ਲਾਡੋਵਾਲੀ ਰੋਡ 'ਤੇ ਅਲਾਸਕਾ ਚੌਕ ਪਹੁੰਚੇ ਤਾਂ ਬਾਈਕ ਸਵਾਰ ਤਿੰਨ ਨੌਜਵਾਨ, ਜਿਨ੍ਹਾਂ ਨੇ ਪੁਲਿਸ ਵਰਦੀ ਦੇ ਰੰਗ ਦੀਆਂ ਖਾਕੀ ਪੱਗਾਂ ਅਤੇ ਲਾਲ ਬਰਾਉਨ ਰੰਗ ਦੇ ਬੂਟ ਪਾਏ ਸਨ ਉਨ੍ਹਾਂ ਕੋਲ ਆਏ | ਉਨ੍ਹਾਂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ 9,660 ਰੁਪਏ, ਉਨ੍ਹਾਂ ਦਾ ਏ.ਟੀ.ਐੱਮ. ਕਾਰਡ, ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਅਤੇ ਮਨਪ੍ਰੀਤ ਕੁਮਾਰ ਦਾ ਮੋਬਾਈਲ ਫ਼ੋਨ ਖੋਹ ਕੇ ਮੌਕੇ ਤੋਂ ਭੱਜ ਗਏ | ਏ.ਡੀ.ਸੀ.ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਨਵੀ ਬਾਰਾਦਰੀ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ | ਉਨ੍ਹਾਂ ਦਸਿਆ ਕਿ ਕਿ ਏ.ਸੀ.ਪੀ. ਸੈਂਟਰਲ ਦੀ ਦੇਖ-ਰੇਖ ਅਤੇ ਥਾਣਾ ਬਾਰਾਦਰੀ ਦੇ ਮੁਖੀ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਵਲੋਂ ਜਾਂਚ ਦੌਰਾਨ ਨੇੜਲੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਮਾਮਲੇ ਨੂੰ ਹੱਲ ਕਰਦਿਆਂ ਉਪਰੋਕਤ ਚਾਰਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ | ਹੋਰ ਜਾਣਕਾਰੀ ਦਿੰਦੇ ਹੋਏ, ਏ.ਸੀ.ਸੀ.ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਤਿੰਨ ਮੋਟਰਸਾਈਕਲ, ਦੋ ਖਾਕੀ ਰੰਗ ਦੀਆਂ ਪੱਗਾਂ, ਦੋ ਫਿਫਟਿਯਾਂ (ਪੱਗ ਨਾਲ ਪਹਿਨਣ ਵਾਲੀਆਂ), ਦੋ ਲਾਲ-ਬਰਾਉਨ ਰੰਗ ਦੇ ਜੁੱਤੇ, ਨੌਂ ਮੋਬਾਈਲ ਫ਼ੋਨ, ਇਕ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਗਿਆ ਹੈ | ਤਿੰਨ ਰੋਕਦੇ ਸੀ ਸ਼ਿਕਾਰ ਚੌਥੇ ਨੂੰ ਕਰਦੇ ਸੀ ਵਾਕੀ ਟਾਕੀ ਰਾਹੀ ਸੂਚਿਤ-ਲੁਟੇਰਿਆਂ ਦਾ ਲੁੱਟ ਦਾ ਤਰੀਕਾ ਅਜਿਹਾ ਸੀ ਕਿ ਪੀੜਤ ਸੋਚਦਾ ਸੀ ਕਿ ਉਹ ਪੁਲਿਸ ਅਧਿਕਾਰੀ ਹੀ ਹਨ | ਦੋਸ਼ੀ ਵਾਕੀ-ਟਾਕੀ ਵੀ ਰੱਖਦੇ ਸਨ | ਉਨ੍ਹਾਂ ਵਿੱਚੋਂ ਤਿੰਨ ਰਾਤ ਨੂੰ ਪੀੜਤਾਂ ਨੂੰ ਰੋਕਦੇ ਸਨ ਤੇ ਉਨ੍ਹਾਂ ਨੂੰ ਪੁਲਿਸ ਕਾਰਵਾਈ ਦੇ ਨਾਂਅ ਤੇ ਡਰਾਉਂਦੇ ਧਮਕਾਉਂਦੇ ਸਨ, ਅਤੇ ਫਿਰ ਚੌਥੇ ਨੂੰ ਵਾਕੀ-ਟਾਕੀ 'ਤੇ ਸੂਚਿਤ ਕਰਦੇ ਸਨ, ਉਨ੍ਹਾਂ ਨੂੰ ਧਮਕੀਆਂ ਦਿੰਦੇ ਸਨ, ਅਤੇ ਫਿਰ ਪੁਲਿਸ ਕਾਰਵਾਈ ਦੇ ਨਾਂਅ 'ਤੇ ਉਨ੍ਹਾਂ ਨੂੰ ਲੁੱਟਦੇ ਸਨ | ਏ.ਡੀ.ਸੀ.ਪੀ. ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁੱਛਗਿੱਛ ਦੌਰਾਨ, ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਰਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਖਾਕੀ ਰੰਗ ਦੀਆਂ ਪੱਗਾਂ (ਲਾਲ ਫਿਫਟੀਆਂ ਨਾਲ) ਅਤੇ ਬਰਾਉਨ ਰੰਗ ਦੇ ਜੁੱਤੇ ਪਹਿਨਦੇ ਸਨ ਤੇ ਖ਼ੁਦ ਨੂੰ ਪੁਲਿਸ ਅਧਿਕਾਰੀ ਦਸ ਕੇ ਲੋਕਾਂ ਨਾਲ ਲੁੱਟ ਕਰਦੇ ਸਨ | ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਕੋਲ ਵਾਕੀ-ਟਾਕੀ ਸੈੱਟ ਸੀ ਅਤੇ ਉਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਰੋਕਦੇ ਸਨ ਤੇ ਉਨ੍ਹਾਂ ਦਾ ਇਕ ਸਾਥੀ ਦੂਰੀ 'ਤੇ ਖੜ੍ਹਾ ਹੁੰਦਾ ਸੀ ਜਿਸ ਨੂੰ ਇਹ ਵਾਕੀ ਟਾਕੀ ਰਾਹੀਂ ਕਹਿੰਦੇ ਸਨ ਕਿ ਇਨ੍ਹਾਂ ਕੋਲ ਕੋਈ ਕਾਗਜ਼ ਵਗੈਰਾ ਨਹੀਂ ਹੈ | ਇਸ ਦੌਰਾਨ ਉਹ ਪੀੜਿਤ ਨੂੰ ਇਕ ਸਾਈਡ ਤੇ ਲਿਜਾ ਕੇ ਪੁਲਿਸ ਕਾਰਵਾਈ ਦਾ ਡਰਾਵਾ ਦੇ ਕੇ ਉਸ ਕੋਲੋਂ ਜੋ ਮਿਲਦਾ ਲੁੱਟ ਲੈਂਦੇ ਸਨ | ਏ.ਡੀ.ਸੀ.ਪੀ. ਸੁਖਵਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਅਪਰਾਧਾਂ ਦਾ ਹੱਲ ਹੋਣ ਦੀ ਸੰਭਾਵਨਾ ਹੈ |