ਡੀ.ਸੀ.ਐੱਮ.ਇੰਟਰਨੈਸ਼ਨਲ ਸਕੂਲ ਦੀ ‘ਕੈਟਾਲਿਸਿਸ’ ਵਿਗਿਆਨ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਦਿਖਾਈ ਨਵੀਆਂ ਖੋਜਾਂ ਦੀ ਪ੍ਰਤਿਭਾ
ਫ਼ਿਰੋਜ਼ਪੁਰ, 23 ਨਵੰਬਰ (ਗੁਰਿੰਦਰ ਸਿੰਘ)-ਵਿਦਿਆਰਥੀਆਂ ਅੰਦਰ ਵਿਗਿਆਨਕ ਸੋਚ, ਸਿਰਜਣਾਤਮਿਕਤਾ ਅਤੇ ਨਵੀਆਂ ਖੋਜਾਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡੀ. ਸੀ.
ਫ਼ਿਰੋਜ਼ਪੁਰ, 23 ਨਵੰਬਰ (ਗੁਰਿੰਦਰ ਸਿੰਘ)-ਵਿਦਿਆਰਥੀਆਂ ਅੰਦਰ ਵਿਗਿਆਨਕ ਸੋਚ, ਸਿਰਜਣਾਤਮਿਕਤਾ ਅਤੇ ਨਵੀਆਂ ਖੋਜਾਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ‘ਕੈਟਾਲਿਸਿਸ’ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ। ਇਸ ਵਿਚ ਤੀਜੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵਿਗਿਆਨ, ਗਣਿਤ, ਅਟਲ ਟਿੰਕਰਿੰਗ ਲੈਬ (ਏ.ਟੀ.ਐੱਲ.) ਅਤੇ ਨਕਲੀ ਬੁੱਧੀ (ਏ.ਆਈ.) ਨਾਲ ਸਬੰਧਿਤ ਦਿਲਚਸਪ ਕਾਰਜਸ਼ੀਲ ਨਮੂਨੇ ਅਤੇ ਪ੍ਰਾਜੈਕਟ ਪੇਸ਼ ਕੀਤੇ। ਪ੍ਰਦਰਸ਼ਨੀ ਦੀ ਅਗਵਾਈ ਵਿਗਿਆਨ ਵਿਭਾਗ ਦੇ ਮੁਖੀ ਗੌਰਵ ਕਾਲੀਆ ਅਤੇ ਸਟੈਮ ਕੋਆਰਡੀਨੇਟਰ ਰਾਜਨ ਨੇ ਕੀਤੀ। ਸਮਾਗਮ ਵਿਚ ਡੀ.ਸੀ.ਐੱਮ . ਗਰੁੱਪ ਆਫ਼ ਸਕੂਲਜ਼ ਦੇ ਡਾਇਰੈਕਟਰ ਅਕਾਦਮਿਕ ਡਾ. ਰਮੇਸ਼, ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਅਤੇ ਸੇਵਾਮੁਕਤ ਵਿਭਾਗ ਮੁਖੀ ਇੰਦੂ ਗੁਪਤਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਚੰਦੈਲ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੇ ਗਿਆਨ, ਕਲਪਨਾਸ਼ੀਲਤਾ ਅਤੇ ਤਕਨੀਕੀ ਮੁਹਾਰਤ ਦਾ ਸੁਮੇਲ ਕਰਦਿਆਂ ਵੱਖ-ਵੱਖ ਪ੍ਰਾਜੈਕਟ ਤਿਆਰ ਕੀਤੇ। ਕਿਸੇ ਨੇ ਵਿਗਿਆਨਕ ਸਿਧਾਂਤਾਂ ਨੂੰ ਕਾਰਜਸ਼ੀਲ ਨਮੂਨਿਆਂ ਰਾਹੀਂ ਸਮਝਾਇਆ, ਜਦਕਿ ਕਈ ਵਿਦਿਆਰਥੀਆਂ ਨੇ ਗਣਿਤ ਦੀਆਂ ਗੁੰਝਲਦਾਰ ਧਾਰਨਾਵਾਂ ਅਤੇ ਆਧੁਨਿਕ ਤਕਨਾਲੋਜੀ ’ਤੇ ਆਧਾਰਿਤ ਪ੍ਰਾਜੈਕਟ ਪੇਸ਼ ਕੀਤੇ। ਵਿਸ਼ੇਸ਼ ਤੌਰ ’ਤੇ ਏ.ਟੀ.ਐੱਲ. ਅਤੇ ਏ.ਆਈ. ਨਾਲ ਸਬੰਧਿਤ ਪ੍ਰਾਜੈਕਟ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ। ਇਨ੍ਹਾਂ ਰਾਹੀਂ ਵਿਦਿਆਰਥੀਆਂ ਦੀ ਨਵੀਆਂ ਤਕਨੀਕਾਂ ਪ੍ਰਤੀ ਰੁਚੀ ਅਤੇ ਭਵਿੱਖ ਦੀਆਂ ਚੁਨੌਤੀਆਂ ਦੇ ਹੱਲ ਲੱਭਣ ਦੀ ਸਮਰੱਥਾ ਸਪਸ਼ਟ ਤੌਰ ’ਤੇ ਦਿਖਾਈ ਦਿੱਤੀ। ਪ੍ਰਦਰਸ਼ਨੀ ਦੌਰਾਨ ਜੱਜਾਂ ਦੀ ਭੂਮਿਕਾ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੇ ਭੌਤਿਕ ਵਿਗਿਆਨ ਵਿਭਾਗ ਦੀ ਮੁਖੀ ਆਸ਼ਾ, ਰਸਾਇਣ ਵਿਗਿਆਨ ਵਿਭਾਗ ਦੀ ਮੁਖੀ ਨੇਹਾ ਅਤੇ ਐੱਸ.ਬੀ.ਐੱਸ. ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਮੁਖੀ ਨਿਰਮਲ ਅਤੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਆਂਚਲ ਜੈਨ ਨੇ ਨਿਭਾਈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਾਜੈਕਟਾਂ ਦੀ ਵਿਗਿਆਨਕ ਧਾਰਨਾ, ਪੇਸ਼ਕਾਰੀ, ਸਿਰਜਣਾਤਮਿਕਤਾ ਅਤੇ ਵਿਹਾਰਕ ਉਪਯੋਗਤਾ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਅਨੁਰਾਧਾ ਚੰਦੈਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੱਕ ਸੀਮਤ ਰਹਿਣ ਦੀ ਬਜਾਏ ਖ਼ੁਦ ਪ੍ਰਯੋਗ ਕਰਨ, ਸਵਾਲ ਪੁੱਛਣ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਨੁਭਵ ਆਧਾਰਿਤ ਸਿੱਖਿਆ, ਨਵੀਨਤਾ ਅਤੇ ਤਕਨੀਕੀ ਜਾਗਰੂਕਤਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਇਸ ਪ੍ਰਦਰਸ਼ਨੀ ਨੇ ਵਿਦਿਆਰਥੀਆਂ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ, ਵਿਸ਼ਲੇਸ਼ਣਾਤਮਿਕ ਸਮਰੱਥਾ, ਆਪਸੀ ਸਹਿਯੋਗ ਅਤੇ ਨਵੀਆਂ ਖੋਜਾਂ ਪ੍ਰਤੀ ਉਤਸੁਕਤਾ ਨੂੰ ਹੋਰ ਮਜ਼ਬੂਤ ਕੀਤਾ। ‘ਕੈਟਾਲਿਸਿਸ’ ਰਾਹੀਂ ਸਕੂਲ ਨੇ ਇਹ ਸੁਨੇਹਾ ਦਿੱਤਾ ਕਿ ਜਿਗਿਆਸਾ, ਪ੍ਰਯੋਗ ਅਤੇ ਸਿਰਜਣਾਤਮਿਕਤਾ ਦੇ ਸੁਮੇਲ ਨਾਲ ਹੀ ਭਵਿੱਖ ਦੇ ਖੋਜਕਾਰਾਂ ਅਤੇ ਨਵੀਨਤਾਕਾਰਾਂ ਨੂੰ ਤਿਆਰ ਕੀਤਾ ਜਾ ਸਕਦਾ ਹੈ।ਇਸ ਮੌਕੇ ਹੈੱਡ ਮਿਸਟਰੈੱਸ ਰਾਬੀਆ ਬਜਾਜ, ਜੀ.ਐੱਮ. ਮਨਜੀਤ ਸਿੰਘ, ਡੀ.ਜੀ.ਐੱਮ. ਗਗਨਦੀਪ ਕੌਰ, ਭੁਪਿੰਦਰ ਸਿੰਘ, ਗਤੀਵਿਧੀਆਂ ਦੀ ਕੋਆਰਡੀਨੇਟਰ ਕਵਿਤਾ ਸ਼ਰਮਾ, ਰੀਟਾ ਚੋਪੜਾ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।