08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਖਾਦ ਕਾਲਾਬਾਜ਼ਾਰੀ ਤੇ 260 ਗੱਟਿਆਂ ਦੇ ਮੁੱਦੇ ’ਤੇ ਇਫਕੋ ਬਾਜ਼ਾਰ ਮੂਹਰੇ ਕਿਸਾਨਾਂ ਦਾ ਧਰਨਾ

ਐਸ. ਡੀ.

ਡੱਬਵਾਲੀ ਵਿੱਚ ਇਫਕੋ ਬਾਜ਼ਾਰ ਅੱਗੇ ਧਰਨੇ ’ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਦੇ ਐੱਸ.ਡੀ.ਐੱਮ. ਯੋਗੇਸ਼ ਦਿਲਹੌਰ। ਅਜੀਤ ਤਸਵੀਰ 08-10-2026
ਐਸ. ਡੀ. ਐਮ. ਨੇ ਜ਼ਮੀਨ ’ਤੇ ਬੈਠ ਕੇ ਸੁਣੀਆਂ ਕਿਸਾਨ ਸਮੱਸਿਆਵਾਂ, ਸਟਾਕ ਬੋਰਡ ਤੁਰੰਤ ਅਪਡੇਟ ਦੇ ਨਿਰਦੇਸ਼ ਡੱਬਵਾਲੀ, 7 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਇਫਕੋ ਬਾਜ਼ਾਰ ਤੋਂ 260 ਗੱਟੇ ਖਾਦ ਸਹਿਕਾਰੀ ਸਭਾ ਲੋਹਗੜ੍ਹ ਵਿਖੇ ਨਾ ਪੁੱਜਣ ਦਾ ਮੁੱਦਾ ਅੱਜ ਧਰਨੇ ਦਾ ਰੂਪ ਧਾਰ ਗਿਆ। ਡੱਬਵਾਲੀ ਖੇਤਰ ਦੀਆਂ ਕਿਸਾਨ ਜਥੇਬੰਦੀਆਂ ਨੇ ਫ਼ਸਲੀ ਬੀਜਾਂਦ ਲਈ ਡੀ.ਏ.ਪੀ. ਦੀ ਕਿੱਲਤ, ਕਥਿਤ ਕਾਲਾਬਾਜ਼ਾਰੀ ਤੇ ਸਹਿਕਾਰੀ ਸਭਾਵਾਂ ਵਿੱਚ ਖਾਦ ਨਾ ਪੁੱਜਣ ਦੇ ਮੁੱਦੇ ‘ਤੇ ਅੱਜ ਨਵੀਂ ਦਾਣਾ ਮੰਡੀ ‘ਚ ਇਫਕੋ ਬਾਜ਼ਾਰ ਮੂਹਰੇ ਧਰਨਾ ਦਿੱਤਾ। ਕਿਸਾਨਾਂ ਨੇ ਦੋ ਘੰਟਿਆਂ ਦਾ ਅਲਟੀਮੇਟਮ ਦਿੱਤਾ, ਜਿਸ ਮਗਰੋਂ ਐੱਸ.ਡੀ.ਐੱਮ. ਯੋਗੇਸ਼ ਦਿਲਹੌਰ ਨੇ ਧਰਨੇ ‘ਚ ਕਿਸਾਨਾਂ ਵਿਚਕਾਰ ਜ਼ਮੀਨ ‘ਤੇ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਧਰਨੇ ਦੌਰਾਨ ਪਿੰਡ ਲੋਹਗੜ੍ਹ ਦੀ ਸਹਿਕਾਰੀ ਸਭਾ ਲਈ 660 ਗੱਟਿਆਂ ਦੀ ਸੂਚੀ ਦੇ ਮੁਕਾਬਲੇ 400 ਗੱਟੇ ਪੁੱਜਣ ਤੇ ਬਾਕੀ 260 ਗੱਟਿਆਂ ਬਾਰੇ ਸਪੱਸ਼ਟ ਜਾਣਕਾਰੀ ਨਾ ਮਿਲਣ ਦਾ ਮੁੱਦਾ ਭਖਿਆ ਰਿਹਾ। ਕਿਸਾਨਾਂ ਨੇ ਖਾਦ ਦੀਆਂ ਦੁਕਾਨਾਂ ‘ਤੇ ਸਟਾਕ ਬੋਰਡ ਨਾ ਲਾਏ ਜਾਣ ‘ਤੇ ਵੀ ਨਾਰਾਜ਼ਗੀ ਜਤਾਈ। ਹਰਿਆਣਾ ਕਿਸਾਨ ਸੰਗਠਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਭਾਟੀ, ਬਾਪੂ ਮਹਿੰਦਰ ਸਿੰਘ ਖਾਲਸਾ, ਹਰਿਆਣਾ ਕਿਸਾਨ ਏਕਤਾ ਦੇ ਆਗੂ ਐੱਸ.ਪੀ. ਮਸੀਤਾਂ, ਬਲਾਕ ਪ੍ਰਧਾਨ ਜਗਦੀਪ ਸਿੰਘ ਲੋਹਗੜ੍ਹ, ਕਿਸਾਨ ਆਗੂ ਗੁਰਪਾਲ ਸਿੰਘ ਮਾਂਗੇਆਣਾ, ਖੁਸ਼ਦੀਪ ਸਿੰਘ ਹੈਬੂਆਣਾ ਤੇ ਬਲਕਰਨ ਸਿੰਘ ਨੇ ਧਰਨੇ ਦੀ ਅਗਵਾਈ ਕੀਤੀ। ਜਸਵੀਰ ਸਿੰਘ ਭਾਟੀ ਨੇ ਦੋਸ਼ ਲਾਇਆ ਕਿ 1350 ਰੁਪਏ ਦੇ ਡੀ.ਏ.ਪੀ. ਗੱਟੇ ਨਾਲ 500 ਰੁਪਏ ਦੀਆਂ ਬਿਨਾਂ ਮੰਗੀਆਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਿੱਧੀ ਪਰਚੀ ਦਿੱਤੀ ਜਾਵੇ ਤੇ ਸਰਹੱਦੀ ਇਲਾਕੇ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਜਾਂਚ ਕਰਕੇ ਕਥਿਤ ਕਾਲਾਬਾਜ਼ਾਰੀ ਨੂੰ ਰੋਕਿਆ ਜਾਵੇ। ਜਗਦੀਪ ਸਿੰਘ ਲੋਹਗੜ੍ਹ ਨੇ ਦੱਸਿਆ ਕਿ ਲੋਹਗੜ੍ਹ ਦੀ ਸਹਿਕਾਰੀ ਸਭਾ ਲਈ 660 ਗੱਟਿਆਂ ਦੀ ਸੂਚੀ ਬਣੀ ਸੀ ਪਰ 400 ਗੱਟੇ ਹੀ ਭੇਜੇ ਗਏ। ਇਫਕੋ ਬਾਜ਼ਾਰ ਦੇ ਸੇਲਜ਼ ਅਫ਼ਸਰ ਸ਼ੁਭਮ ਨੇ ਦੱਸਿਆ ਕਿ ਲੋਹਗੜ੍ਹ ਲਈ 400 ਗੱਟਿਆਂ ਦੀ ਪਰਚੀ ਕੱਟੀ ਗਈ ਸੀ ਤੇ ਇੰਨੇ ਹੀ ਗੱਟੇ ਭੇਜੇ ਗਏ। ਬਾਕੀ 260 ਗੱਟੇ ਟਰੱਕ ਵਿੱਚ ਥਾਂ ਨਾ ਹੋਣ ਕਾਰਨ ਕਾਲਾਂਵਾਲੀ ਭੇਜੇ ਗਏ ਸਨ। ਇਸ ਤੋਂ ਬਾਅਦ ਲੋਹਗੜ੍ਹ ਵਿੱਚ 700 ਗੱਟੇ ਹੋਰ ਭੇਜੇ ਗਏ ਹਨ। ਕਿਸਾਨਾਂ ਨਾਲ ਗੱਲਬਾਤ ਮੌਕੇ ਐੱਸ.ਡੀ.ਐੱਮ. ਯੋਗੇਸ਼ ਦਿਲਹੌਰ ਨੇ ਖਾਦ ਦੀ ਵੰਡ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਮਸ਼ੀਨ ‘ਤੇ ਅੰਗੂਠਾ ਲਗਾਉਣ ਮਗਰੋਂ ਹੀ ਖਾਦ ਦਿੱਤੀ ਜਾਂਦੀ ਹੈ। ਉਨ੍ਹਾਂ ਖਾਦ ਦੁਕਾਨਦਾਰਾਂ ਨੂੰ ਸਟਾਕ ਬੋਰਡ ਲਾਉਣ ਤੇ ਹਰ 10-15 ਮਿੰਟ ਬਾਅਦ ਇਸ ਨੂੰ ਅਪਡੇਟ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਅਮਿਤ ਸ਼ਰਮਾ ਵੀ ਮੌਜੂਦ ਸਨ।
ਪਿਛਲੀ ਖ਼ਬਰ ਸਰਕਾਰ ਨੂੰ ਮੰਡੀਆਂ ਵਿਚ ਝੋਨੇ ਦੀ ਖਰੀਦ ਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ-ਕੁਮਾਰੀ ਸ਼ੈਲਜਾ ਅਗਲੀ ਖ਼ਬਰ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਬਾਈਕ, ਸਕੂਟਰੀਆਂ ਤੇ ਮੋਬਾਈਲ ਕੀਤੇ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।