ਨਵੀਂ ਦਿੱਲੀ, 7 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਥਾਣਾ ਪਾਲਮ ਦੀ ਪੁਲਿਸ ਨੇ ਦੋਸ਼ੀ ਰਜ਼ਤ ਉਰਫ਼ ਬੁੱਧਾ ਨਿਵਾਸੀ ਮਹਾਂਵੀ ਇਨਕਲੇਵ ਦਿੱਲੀ ਨੂੰ ਕਾਬੂ ਕੀਤਾ ਹੈ, ਜੋ ਕਿ ਰਿਕਸ਼ਾ ਚਲਾਉਣ ਦੇ ਨਾਲ ਸ਼ਰਾਬ ਪੀਣ ਦਾ ਵੀ ਆਦੀ ਸੀ | ਪੁਲਿਸ ਨੇ ਜਦੋਂ ਇਸ ਤੋਂ ਪੁੱਛ-ਪੜਤਾਲ ਕੀਤੀ ਤਾਂ ਇਸ ਕੋਲੋਂ ਚੋਰੀ ਕੀਤਾ ਇਕ ਗੈਸ ਸਿਲੰਡਰ, ਦੋ ਮੋਬਾਈਲ ਫ਼ੋਨ, ਜ਼ਰੂਰੀ ਦਸਤਾਵੇਜ਼, ਇਕ ਬੈਗ ਤੇ ਕੁੱਝ ਕੱਪੜੇ ਬਰਾਮਦ ਕੀਤੇ ਹਨ | ਇਸ 'ਤੇ ਪਹਿਲਾਂ ਸਾਲ 2026 ਵਿਚ ਵੀ ਮਾਮਲਾ ਦਰਜ ਕੀਤਾ ਗਿਆ ਸੀ | ਇਸ ਨੇ ਆਸਾਨੀ ਨਾਲ ਪੈਸਾ ਕਮਾਉਣ ਲਈ ਇਹ ਧੰਦਾ ਅਪਣਾਇਆ | ਇਸ ਨੇ ਚੋਰੀ ਕਰਨ ਲਈ ਆਮ ਘਰਾਂ ਨੂੰ ਨਿਸ਼ਾਨਾ ਬਣਾਇਆ | ਇਸ ਮਾਮਲੇ ਪ੍ਰਤੀ ਪੁਲਿਸ ਕੋਲ ਕੇਸ ਦਰਜ ਕਰਵਾਇਆ ਗਿਆ ਸੀ | ਪੁਲਿਸ ਨੇ ਜਾਂਚ ਕਰਦੇ ਹੋਏ ਤਕਨੀਕੀ, ਨਿਗਰਾਨੀ, ਗੁਪਤ ਮੁਖ਼ਬਰਾਂ ਦੀ ਤਾਇਨਾਤੀ, ਸੀ. ਸੀ. ਟੀ. ਵੀ. ਫੁਟੇਜ ਦਾ ਵਿਸ਼ਲੇਸ਼ਣ ਆਦਿ ਦੀ ਮਦਦ ਲਈ | ਅਖ਼ੀਰ ਪੁਲਿਸ ਨੇ ਰਜ਼ਤ ਦੀ ਪਹਿਚਾਣ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਉਸ ਤੋਂ ਜਦੋਂ ਸਖ਼ਤੀ ਨਾਲ ਪੁਲਿਸ ਨੇ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਕੀਤੀ ਚੋਰੀ ਪ੍ਰਤੀ ਸਭ ਕੁਝ ਪੁਲਿਸ ਨੂੰ ਦੱਸ ਦਿੱਤਾ | ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ |