ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੇ ਬੈਨਰ ਹੇਠ ਅੱਜ ਕਿਸਾਨ ਆਗਾਂਆਂ ਦੇ ਇੱਕ ਵਫ਼ਦ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਦੇ ਨਾਂ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੰਗ ਪੱਤਰ ਸੌਂਪਿਆ | ਵਫ਼ਦ ਵਿੱਚ ਸੁਖਦੇਵ ਸਿੰਘ ਜੰਮੂ, ਹਮਜਿੰਦਰ ਸਿੱਧੂ, ਕਾ. ਸੁਰਜੀਤ ਸਿੰਘ, ਇਕਬਾਲ ਸਿੰਘ, ਬੇਅੰਤ ਸਿੰਘ ਨੇਜਾਡੇਲਾ ਕਲਾਂ, ਜਗਸੀਰ ਸਿੰਘ ਅਤੇ ਰਾਜਿੰਦਰ ਬੈਨੀਵਾਲ ਆਦਿ ਸਮੇਤ ਕਈ ਕਿਸਾਨ ਆਗੂ ਮੌਜੂਦ ਸਨ | ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੁਆਰਾ ਲਾਗੂ ਕੀਤੇ ਗਏ ਇਕਪਾਸੜ ਨਿਯਮਾਂ ਨੇ ਕਿਸਾਨਾਂ ਲਈ ਕਈ ਸਮੱਸਿਆਵਾਂ ਪੈਦਾ ਕੀਤੀਆਂ ਹਨ | ਉਨ੍ਹਾਂ ਨੇ ਕਿਹਾ ਹਾਲ ਹੀ ਵਿੱਚ ਫਸਲਾਂ ਦੀ ਵਿਕਰੀ 'ਤੇ ਲਗਾਈਆਂ ਗਈਆਂ ਸ਼ਰਤਾਂ ਨਾਲ ਸਬੰਧਤ ਮੁੱਦੇ ਜਿਵੇਂ ਆਨਲਾਈਨ ਪੋਰਟਲਾਂ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵੱਧੀਆਂ ਹਨ | ਉਨ੍ਹਾਂ ਕਿਹਾ ਕਿ ਫਸਲਾਂ ਦੀ ਖਰੀਦ ਤੋਂ ਬਾਅਦ ਵੀ ਕਿਸਾਨਾਂ ਨੂੰ ਉਨ੍ਹਾਂ ਦੀ ਕਣਕ ਦੀ ਫਸਲ ਦਾ ਪੂਰਾ ਭੁਗਤਾਨ ਨਹੀਂ ਕੀਤਾ ਗਿਆ ਹੈ | ਮੰਡੀਆਂ ਤੋਂ ਫਸਲਾਂ ਚੁੱਕਣਾ ਵੀ ਇੱਕ ਵੱਡੀ ਸਮੱਸਿਆ ਹੈ | ਸਰਕਾਰ ਦੇ 72 ਘੰਟਿਆਂ ਦੇ ਅੰਦਰ ਭੁਗਤਾਨ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਹੋਇਆ ਤਾਂ ਉਹ ਦੁਬਾਰਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ | ਕਿਸਾਨ ਆਗੂਆਂ ਨੇ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਦੀ ਬਕਾਇਆ ਅਦਾਇਗੀ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਕੀਤੀ ਜਾਵੇ | ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ | ਫਸਲ ਦੀ ਖਰੀਦ ਲਈ ਆਨਲਾਈਨ ਪੋਰਟਲ, ਰਜਿਸਟਰੇਸ਼ਨ ਅਤੇ ਬਾਇਓਮੈਟਿ੍ਕ ਤਸਦੀਕ ਦੀਆਂ ਜ਼ਰੂਰੀ ਸ਼ਰਤਾਂ ਨੂੰ ਵਾਪਸ ਲਿਆ ਜਾਵੇ |
ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੰਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੰਗ-ਪੱਤਰ ਸੌਂਪਿਆ <br/>
ਅਜੀਤ ਡੈਸਕ
08-05-2026