ਜ਼ੀਰਾ, 18 ਫਰਵਰੀ (ਰਜਨੀਸ਼ ਕਥੂਰੀਆ)-ਆਪਣੀ ਪਤਨੀ ਤੇ ਉਸ ਦੇ ਪ੍ਰੇਮੀ ਤੋਂ ਤੰਗ ਆ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਇਕ ਵਿਅਕਤੀ ਵਲੋਂ ਖ਼ੁਦਕੁਸ਼ੀ ਕਰਨ 'ਤੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਮਿ੍ਤਕ ਦੀ ਮਾਤਾ ਦੇ ਬਿਆਨ ਦੇ ਆਧਾਰ 'ਤੇ ਮਿ੍ਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਜ਼ੀਰਾ ਦੇ ਏ. ਐੱਸ. ਆਈ. ਬਲਰਾਜ ਸਿੰਘ ਨੇ ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ 'ਚ ਮਿ੍ਤਕ ਵਿਅਕਤੀ ਦੀ ਮਾਂ ਪ੍ਰਕਾਸ਼ ਕੌਰ ਪਤਨੀ ਸੁਖਜੀਤ ਸਿੰਘ ਵਾਸੀ ਅਵਾਨ ਰੋਡ, ਜ਼ੀਰਾ ਹਾਲ ਆਬਾਦ ਢੰਡੀਆਂ ਨੇ ਦੱਸਿਆ ਕਿ ਉਸ ਦਾ ਪੁੱਤਰ ਰਣਬੀਰ ਸਿੰਘ ਛੇ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ ਤੇ ਉਹ ਆਪਣੀ ਨੂੰਹ ਬਲਵਿੰਦਰ ਕੌਰ ਵਾਸੀ ਅਵਾਨ ਰੋਡ ਜ਼ੀਰਾ ਕੋਲ ਰਹਿੰਦੀ ਸੀ | ਪੀੜਤਾਂ ਨੇ ਦੱਸਿਆ ਕਿ ਮੁਲਜ਼ਮ ਬਲਦੇਵ ਸਿੰਘ ਪੁੱਤਰ ਲਕਸ਼ਮਣ ਸਿੰਘ ਵਾਸੀ ਅਵਾਨ ਰੋਡ ਜ਼ੀਰਾ ਉਸ ਦੇ ਸਾਹਮਣੇ ਹੀ ਉਸ ਦੀ ਨੂੰਹ ਨੂੰ ਮਿਲਦਾ ਰਹਿੰਦਾ ਸੀ | ਪੀੜਤਾਂ ਨੇ ਦੱਸਿਆ ਕਿ ਉਸ ਦੀ ਨੂੰਹ ਬਲਵਿੰਦਰ ਕੌਰ ਅਤੇ ਉਸ ਦੇ ਪ੍ਰੇਮੀ ਬਲਦੇਵ ਸਿੰਘ ਨੇ ਮਿਲ ਕੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਘਰੋਂ ਕੱਢ ਦਿੱਤਾ ਸੀ | ਜਿਸ ਕਾਰਨ ਉਸ ਦਾ ਲੜਕਾ ਆਪਣੀ ਪਤਨੀ ਤੇ ਉਸ ਦੇ ਪ੍ਰੇਮੀ ਤੋਂ ਤੰਗ ਸੀ, ਜਿਸ ਦੇ ਚੱਲਦਿਆਂ ਉਸ ਦੇ ਪੁੱਤਰ ਰਣਬੀਰ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ | ਏ. ਐੱਸ. ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਮਿ੍ਤਕ ਰਣਬੀਰ ਸਿੰਘ ਦੀ ਮਾਤਾ ਪ੍ਰਕਾਸ਼ ਕੌਰ ਦੇ ਬਿਆਨ ਦੇ ਆਧਾਰ 'ਤੇ ਉਸ ਦੀ ਪਤਨੀ ਬਲਵਿੰਦਰ ਕੌਰ ਤੇ ਪਤਨੀ ਦੇ ਪ੍ਰੇਮੀ ਬਲਦੇਵ ਸਿੰਘ ਪੁੱਤਰ ਲਕਸ਼ਮਣ ਸਿੰਘ ਵਾਸੀ ਅਵਾਨ ਰੋਡ ਜ਼ੀਰਾ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |