ਟੋਹਾਣਾ/ਜਾਖ਼ਲ, 18 ਫ਼ਰਵਰੀ (ਮਨਜੀਤ ਸਿੰਘ) - 'ਕਿਸਾਨਾਂ ਦਾ ਕਰਜ਼ਾ ਮਾਫ਼ ਕਰੋ', 'ਇਨਕਲਾਬ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਪਗੜੀ ਸੰਭਾਲ ਜੱਟਾ ਕਿਸਾਨ ਸੇਵਾ ਸੰਮਤੀ ਦੁਆਰਾ ਹਰਿਆਣੇ ਦੇ ਫ਼ਤਿਹਾਬਾਦ ਜ਼ਿਲ੍ਹੇ ਦੇ ਆਖ਼ਰੀ ਪਿੰਡ ਪੂਰਨ ਮਾਜਰਾ ਤੋਂ ਇੱਕ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ | ਇਸ ਸਬੰਧੀ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸੰਮਤੀ ਦੇ ਨੁਮਾਇੰਦੇ ਨੇ ਕਿਹਾ ਕਿ ਜੋ ਵੱਡੇ ਲੋਕ ਹਨ, ਉਨ੍ਹਾਂ ਦੇ ਤਾਂ ਸਰਕਾਰ ਨੇ ਕਰਜ਼ੇ ਮੁਆਫ਼ ਕਰ ਦਿੱਤੇ ਪਰ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ਿਆਂ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਜਿਵੇਂ ਕਿ ਮਹਾਰਾਸ਼ਟਰ ਵਿਚ ਕਿਸਾਨ-ਮਜ਼ਦੂਰਾਂ ਨੇ ਅੰਦੋਲਨ ਚਲਾ ਕੇ ਆਪਣਾ ਕਰਜ਼ਾ ਮਾਫ਼ ਕਰਵਾ ਲਿਆ, ਉਸੇ ਹੀ ਤਰਜ਼ 'ਤੇ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸੰਮਤੀ ਅਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਸਾਂਝਾ ਅੰਦੋਲਨ ਚਲਾਇਆ ਜਾ ਰਿਹਾ ਹੈ | ਜਿਸ ਵਿਚ ਉਨ੍ਹਾਂ ਨੇ ਇਹੋ ਕਿਸਾਨ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੁੱਖ ਮੰਗ ਰੱਖੀ ਹੈ | 9 ਦਸੰਬਰ ਤੋਂ ਜੋ ਉਨ੍ਹਾਂ ਦੀ ਜਥੇਬੰਦੀ ਵਲੋਂ ਅੰਦੋਲਨ ਸ਼ੁਰੂ ਕੀਤਾ ਗਿਆ, ਉਸੇ ਪੜਾਅ ਅਧੀਨ ਇਹ ਯਾਤਰਾ ਸਾਰੇ ਸ਼ਹਿਰਾਂ ਵਿਚੋਂ ਹੁੰਦਾ ਹੋਇਆ ਫ਼ਤਿਹਾਬਾਦ, ਹਿਸਾਰ ਤੋਂ ਇਲਾਵਾ ਪੂਰੇ ਹਰਿਆਣਾ ਵਿਚ ਜਾਵੇਗਾ | ਅੱਜ ਇਹ ਅੰਦੋਲਨ ਪੂਰਨ ਮਾਜਰਾ ਤੋਂ ਸ਼ੁਰੂ ਕੀਤਾ ਗਿਆ ਜੋ ਕਿ ਟੋਹਾਣਾ ਬਲਾਕ ਦੇ ਸਾਰੇ ਪਿੰਡਾਂ ਨੂੰ ਆਪਣਾ ਸੁਨੇਹਾ ਦਿੰਦਾ ਹੋਇਆ ਪੂਰੇ ਹਰਿਆਣੇ ਵਿਚ ਪਹੁੰਚੇਗਾ | ਇਸ ਸਬੰਧੀ ਇੱਕ ਹੋਰ ਆਗੂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਕਰਜ਼ਾ ਮੁਕਤ ਯਾਤਰਾ ਸ਼ੁਰੂ ਕੀਤੀ ਗਈ ਹੈ | ਇਹ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਨਹੀਂ ਚੱਲਣ ਦੇਣਗੇ | 23, 24 ਅਤੇ 25 ਫਰਵਰੀ ਨੂੰ ਕੁਰੂਕਸ਼ੇਤਰ ਵਿਖੇ ਮੁੱਖ ਮੰਤਰੀ ਦੇ ਨਿਵਾਸ ਅੱਗੇ ਧਰਨਾ ਦੇਣ ਦੀ ਤਿਆਰੀ ਵੀ ਨਾਲੋਂ ਨਾਲ ਚੱਲ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ | ਕਿਉਂਕਿ ਭਾਰਤ ਅੰਦਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਚੱਲ ਰਹੀ ਜਿਸ ਨੇ 33 ਹਜ਼ਾਰ ਕਰੋੜ ਰੁਪਿਆ ਉਨ੍ਹਾਂ ਅਮੀਰਜ਼ਾਦਿਆਂ ਦਾ ਮੁਆਫ਼ ਕਰ ਦਿੱਤਾ ਅਤੇ ਕਿਸਾਨ-ਮਜ਼ਦੂਰਾਂ ਦਾ ਵਿਆਜ ਵੀ ਮੁਆਫ਼ ਨਹੀਂ ਕੀਤਾ | ਸਰਕਾਰ ਨੂੰ ਤਾਂ ਕਾਰਪੋਰੇਟ ਘਰਾਣਿਆਂ ਕੋਲੋਂ ਲੈ ਕੇ ਕਿਸਾਨ-ਮਜ਼ਦੂਰਾਂ ਦੀ ਮਦਦ ਕਰਨੀ ਚਾਹੀਦੀ ਹੈ, ਇਹ ਤਾਂ ਉਲਟਾ ਹੀ ਕਿਸਾਨ-ਮਜ਼ਦੂਰਾਂ ਨੂੰ ਹੋਰ ਕਰਜ਼ਦਾਰ ਬਣਾ ਕੇ ਉਲਟਾ ਚੱਕਰ ਚਲਾ ਰਹੀ ਹੈ | ਭਾਰਤ ਸਰਕਾਰ ਵਲੋਂ ਅਮਰੀਕਾ ਸੰਧੀ ਅਨੁਸਾਰ ਜੋ ਸੌਦੇਬਾਜ਼ੀ ਕੀਤੀ ਹੈ ਉਹ ਵੀ ਕਿਸਾਨ ਮਾਰੂ ਨੀਤੀ ਹੀ ਹੈ, ਉਹ ਉਸ ਦਾ ਵੀ ਵਿਰੋਧ ਕਰਦੇ ਹਨ | ਕਿਸਾਨ-ਮਜ਼ਦੂਰ ਸੰਘਰਸ਼ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਪੂਰੇ ਹਰਿਆਣੇ ਦਾ ਸੰਗਠਨ ਹੈ, ਇਹ ਜੋ ਪੈਦਲ ਮਾਰਚ ਯਾਤਰਾ ਹੈ ਇਹ ਮੁੱਖ ਮੰਤਰੀ ਨਿਵਾਸ ਸਥਾਨ ਮੂਹਰੇ ਧਰਨਾ ਪ੍ਰਦਰਸ਼ਨ ਕਰਨ ਦੇ ਇਵਜ ਵਿਚ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕ ਕਿਸਾਨ ਮਜ਼ਦੂਰਾਂ ਨਾਲ ਹੋ ਰਹੀ ਬੇਇਨਸਾਫੀ ਦਾ ਡਟ ਕੇ ਸਾਥ ਦੇਣ |