23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

24-11-2026

24-11-2026

ਅਜੀਤ ਡੈਸਕ 24-11-2026

ਵਧਦੇ ਸੜਕ ਹਾਦਸੇ


ਸੜਕਾਂ ਹੁਣ ਸੜਕਾਂ ਨਹੀਂ ਸ਼ਮਸ਼ਾਨ ਬਣ ਗਈਆਂ ਹਨ | ਹਰ ਘੰਟੇ ਪੰਜਾਬ ਵਿਚ ਸੜਕ 'ਤੇ ਡਿੱਗਣ ਵਾਲਾ ਫਿਰ ਕਦੇ ਨਹੀਂ ਉੱਠਦਾ | ਉਸ ਦੀ ਮਾਂ ਦੀ ਚੁੰਨੀ, ਉਸ ਦੀ ਘਰਵਾਲੀ ਦੀਆਂ ਚੂੜੀਆਂ, ਉਸ ਦੇ ਬਾਪ ਦੀ ਲਾਠੀ, ਸਭ ਉਸੇ ਇਕ ਮੋੜ 'ਤੇ ਰਹਿ ਜਾਂਦੀਆਂ ਹਨ | ਹਾਦਸੇ ਕਿਉਂ ਵਧ ਰਹੇ ਹਨ? ਕਿਉਂਕਿ ਅਸੀਂ ਗੱਡੀ ਚਲਾਉਣੀ ਤਾਂ ਸਿੱਖ ਲਈ ਪਰ ਇਨਸਾਨ ਬਣਨਾ ਭੁੱਲ ਗਏ | ਅਸੀਂ 20 ਹਜ਼ਾਰ ਦਾ ਮੋਬਾਈਲ ਲੈ ਲੈਂਦੇ ਹਾਂ, ਪਰ 1000 ਦਾ ਹੈਲਮਟ ਨਹੀਂ ਲੈਂਦੇ | ਇਕ ਮੁੰਡਾ ਕੰਨ ਵਿਚ ਈਅਰਫੋਨ ਪਾ ਕੇ, ਇਕ ਹੱਥ ਨਾਲ ਫੋਨ ਫੜ ਕੇ, 90 ਦੀ ਸਪੀਡ 'ਤੇ ਬਾਈਕ ਭਜਾਉਂਦਾ ਹੈ | ਉਹਨੂੰ ਲੱਗਦਾ ਹੈ ਉਹ ਸੜਕ 'ਤੇ ਹੈ, ਪਰ ਉਹ ਅਸਲ ਵਿਚ ਆਪਣੀ ਮਾਂ ਦੀ ਕੁੱਖ 'ਤੇ ਲੱਤ ਮਾਰ ਰਿਹਾ ਹੁੰਦਾ ਹੈ | ਸਰਕਾਰ ਸੜਕ ਚੌੜੀ ਕਰ ਦਿੰਦੀ ਹੈ, ਪਰ ਸਾਡੀ ਸੋਚ ਚੌੜੀ ਨਹੀਂ ਹੁੰਦੀ | ਲਾਲ ਬੱਤੀ 'ਤੇ ਰੁਕਣਾ ਸਾਨੂੰ ਬੇਇੱਜ਼ਤੀ ਲੱਗਦਾ ਹੈ | ਸੀਟ ਬੈਲਟ ਪਾਉਣਾ ਸਾਨੂੰ ਕਮਜ਼ੋਰੀ ਲੱਗਦਾ ਹੈ | ਯਾਦ ਰੱਖੋ, ਸੜਕ 'ਤੇ ਤੁਸੀਂ ਇਕੱਲੇ ਨਹੀਂ ਹੁੰਦੇ | ਤੁਹਾਡੇ ਨਾਲ ਤੁਹਾਡੇ ਪਿਓ ਦੀ ਪੱਗ, ਤੁਹਾਡੀ ਮਾਂ ਦੀਆਂ ਅਰਦਾਸਾਂ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਵੀ ਬੈਠਾ ਹੁੰਦਾ ਹੈ | ਇਕ ਸਕਿੰਟ ਦਾ ਸਬਰ ਤੁਹਾਨੂੰ ਘਰ ਪਹੁੰਚਾ ਦੇਵੇਗਾ, ਇਕ ਸਕਿੰਟ ਦੀ ਜਲਦਬਾਜ਼ੀ ਤੁਹਾਨੂੰ ਸ਼ਮਸ਼ਾਨ |

-ਗੌਰਵ ਮੁੰਜਾਲ ਪੀ.ਸੀ.ਐਸ.

ਸੁਰੱਖਿਅਤ ਤੇ ਉੱਜਵਲ ਭਵਿੱਖ

ਅੱਜ-ਕੱਲ੍ਹ ਹਰ ਨੌਜਵਾਨ ਭਾਰਤ ਤੋਂ ਬਾਹਰ ਜਾ ਕੇ ਕਿਸੇ ਹੋਰ ਦੇਸ਼ ਵਿਚ ਸੈੱਟ ਹੋਣਾ ਚਾਹੁੰਦਾ , ਉਨ੍ਹਾਂ ਨੂੰ  ਦਿਸ ਰਿਹਾ ਹੈ ਕਿ ਬਾਹਰ ਕਹਿੰਦੇ ਕਾਨੂੰਨ ਹਨ, ਸਿਸਟਮ ਹੈ, ਭਿ੍ਸ਼ਟਾਚਾਰ ਨਹੀਂ ਹੈ, ਵਿਅਕਤੀਤਵ ਆਜ਼ਾਦੀ ਹੈ, ਵਿਕਸਿਤ ਦੇਸ਼ ਹੈ, ਰਿਜ਼ਰਵੇਸ਼ਨ ਨੀਤੀ ਨਹੀਂ ਹੈ, ਸੁਰੱਖਿਅਤ ਤੇ ਉੱਜਲ ਭਵਿੱਖ ਹੈ ਤੇ ਫਿਰ ਬੱਚੇ ਇਹ ਸਭ ਦੇਖ ਕੇ ਏਧਰ ਨਾਲ ਤੁਲਨਾ ਕਰਦੇ ਹਨ ਤੇ ਉਨ੍ਹਾਂ ਨੂੰ  ਲੱਗਦਾ ਹੈ ਕਿ ਬਾਹਰ ਜਾ ਕੇ ਪੜ੍ਹਾਈ ਕਰ ਕੇ, ਪੀ.ਆਰ. ਲੈ ਕੇ ਬਾਹਰਲੇ ਮੁਲਕ ਵਿਚ ਸੈੱਟ ਹੋਣਾ ਹੀ ਬਿਹਤਰ ਹੈ | ਬੱਚਿਆਂ ਦੇ ਸੁਪਨੇ ਪੂਰੇ ਹੋਣੇ ਚਾਹੀਦੇ ਹਨ | ਬਾਹਰ ਸੈੱਟ ਹੋਣ ਨਾਲ ਸਮਾਂ ਜ਼ਰੂਰ ਲੱਗਦਾ ਹੈ ਤੇ ਸਮੇਂ ਨਾਲ ਸਭ ਠੀਕ ਹੋ ਜਾਂਦਾ ਹੈ |  ਸਬਰ ਰੱਖਣਾ ਪੈਂਦਾ ਹੈ | ਬਾਕੀ ਆਪਣਾ ਮੁਲਕ, ਆਪਣੀ ਜ਼ਮੀਨ ਉਹਦੇ ਨਾਲ ਅਪਣੱਤ ਹੈ |
ਬਾਹਰ ਜਾ ਕੇ ਵੀ ਕਦੇ ਵੀ ਆਪਣੇ ਮੁਲਕ ਨੂੰ  ਭੁਲਾਇਆ ਨਹੀਂ ਜਾ ਸਕਦਾ |  ਸਾਡੇ ਮੁਲਕ ਨੂੰ  ਵਿਕਸਿਤ ਹੋਣ ਲਈ, ਭਿ੍ਸ਼ਟਾਚਾਰ ਖ਼ਤਮ ਕਰਨ ਲਈ, ਕਾਇਦੇ ਕਾਨੂੰਨਾਂ ਨੂੰ  ਪਰਪੱਕ ਰੱਖਣ ਲਈ, ਬੇਰੁਜ਼ਗਾਰੀ ਖ਼ਤਮ ਕਰਨ ਲਈ, ਸਭ ਲਈ ਇਕ ਕਾਨੂੰਨ, ਪੱਖਪਾਤੀ ਨੀਤੀਆਂ ਦਾ ਖ਼ਾਤਮਾ ਕਰਨ ਲਈ, ਵਿਅਕਤੀਤਵ ਆਜ਼ਾਦੀ ਲਈ ਹਾਸਿਲ ਕਰਨ ਲਈ ਲੰਬਾ ਸਮਾਂ ਲੱਗੇਗਾ | ਸ਼ਾਇਦ ਉਦੋਂ ਤੱਕ ਬਾਹਰ ਜਾਣ ਦਾ ਰੁਝਾਨ ਇਸੇ ਤਰ੍ਹਾਂ ਚੱਲਦਾ ਰਹੇਗਾ, ਰੁਕੇਗਾ ਨਹੀਂ ਗੱਲ ਬਿਹਤਰ ਭਵਿੱਖ ਦੀ ਹੈ |

-ਪਿ੍ੰ. ਜਸਪਾਲ ਸਿੰਘ ਲੋਹਾਮ

ਪੀ.ਸੀ.ਐਸ. ਪ੍ਰੀਖਿਆ ਵਿਵਾਦ

ਪੰਜਾਬ ਲੋਕ ਸੇਵਾ ਕਮਿਸ਼ਨ ਦੀ ਪੀ.ਸੀ.ਐਸ. ਮੁੱਖ ਪ੍ਰੀਖਿਆ ਦੇ ਨਤੀਜਿਆਂ ਬਾਰੇ ਉੱਠੇ ਵਿਵਾਦ ਨੇ ਹਜ਼ਾਰਾਂ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ ਕੁਝ ਪ੍ਰੀਖਿਆ ਕੇਂਦਰਾਂ 'ਚੋਂ ਪਾਸ ਉਮੀਦਵਾਰਾਂ ਦੀ ਗਿਣਤੀ, ਲਗਾਤਾਰ ਰੋਲ ਨੰਬਰਾਂ ਵਾਲਿਆਂ ਦੀ ਸਫ਼ਲਤਾ, ਉੱਤਰ-ਪੱਤਰੀਆਂ ਦੀ ਜਾਂਚ ਅਤੇ ਯੋਗਤਾ ਸੰਬੰਧੀ ਉੱਠੇ ਸਵਾਲਾਂ ਨੂੰ  ਸਿਰਫ਼ ਅਫ਼ਵਾਹ ਜਾਂ ਰਾਜਨੀਤਿਕ ਦੋਸ਼ ਕਹਿ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਕਮਿਸ਼ਨ ਵਲੋਂ ਸਫ਼ਾਈ ਦਿੱਤੇ ਜਾਣ ਦੇ ਬਾਵਜੂਦ ਜਨਤਕ ਭਰੋਸਾ ਬਹਾਲ ਕਰਨਾ ਜ਼ਰੂਰੀ ਹੈ | ਕੀ ਅਸੀਂ ਆਪਣੇ ਪ੍ਰਸ਼ਾਸਨ ਲਈ ਅਧਿਕਾਰੀਆਂ ਦੀ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਮੈਰਿਟ ਦੇ ਆਧਾਰ 'ਤੇ ਕਰ ਰਹੇ ਹਾਂ?
ਸਰਕਾਰ ਨੂੰ  ਤੁਰੰਤ ਉੱਚ ਪੱਧਰੀ, ਸੁਤੰਤਰ ਅਤੇ ਸਮਾਂਬੱਧ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜਾਂਚ ਮੁਕੰਮਲ ਹੋਣ ਤੱਕ ਅਗਲੀ ਭਰਤੀ ਪ੍ਰਕਿਰਿਆ ਰੋਕਣੀ ਚਾਹੀਦੀ ਹੈ | ਪ੍ਰੀਖਿਆ ਦੇ ਰਿਕਾਰਡ, ਸੀ.ਸੀ.ਟੀ.ਵੀ. ਫੁਟੇਜ, ਮੁਲਾਂਕਣ ਪ੍ਰਣਾਲੀ ਅਤੇ ਜਾਂਚਕਰਤਾਵਾਂ ਦੀ ਯੋਗਤਾ ਦੀ ਪੜਤਾਲ ਹੋਵੇ | ਜੇ ਬੇਨਿਯਮੀਆਂ ਸਾਬਤ ਹੋਣ ਤਾਂ ਪ੍ਰਭਾਵਿਤ ਅਤੇ ਹੱਕਦਾਰ ਉਮੀਦਵਾਰਾਂ ਨੂੰ  ਪਾਰਦਰਸ਼ੀ ਢੰਗ ਨਾਲ ਮੁੜ ਮੁਕਾਬਲੇ ਦਾ ਮੌਕਾ ਦਿੱਤਾ ਜਾਵੇ | ਨੌਜਵਾਨਾਂ ਦੀ ਸਾਲਾਂ ਦੀ ਮਿਹਨਤ ਅਤੇ ਮਾਪਿਆਂ ਦੀਆਂ ਕੁਰਬਾਨੀਆਂ ਨੂੰ  ਅਣਡਿੱਠਾ ਨਹੀਂ ਕੀਤਾ ਜਾ ਸਕਦਾ | ਪ੍ਰਸ਼ਾਸਨ ਦੀ ਗੁਣਵੱਤਾ ਮੈਰਿਟ ਤੋਂ ਸ਼ੁਰੂ ਹੁੰਦੀ ਹੈ; ਇਸ ਨੂੰ  ਕਿਸੇ ਵੀ ਕੀਮਤ 'ਤੇ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ |

-ਬਿ੍ਜ ਭੂਸ਼ਣ ਗੋਇਲ,
ਲੁਧਿਆਣਾ

 

ਪਿਛਲੀ ਖ਼ਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ’ਤੇ ਪਹਿਰਾ ਦੇਣ ਦੀ ਲੋੜ-ਪਰਮਜੀਤ ਸਿੰਘ ਪੰਮਾ ਅਗਲੀ ਖ਼ਬਰ ਵਿਚਾਰ-ਪ੍ਰਵਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।