14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

14-08-2026

14-08-2026

ਅਜੀਤ ਡੈਸਕ 14-08-2026

ਸਫਲਤਾ ਲਈ ਟੀਚਾ ਨਿਰਧਾਰਿਤ ਕਰੋ

ਜੀਵਨ ਵਿਚ ਸਫ਼ਲਤਾ ਪਾਉਣ ਲਈ ਅਤੀ ਜ਼ਰੂਰੀ ਹੈ, ਆਤਮ-ਨਿਰੀਖਣ ਕਰਕੇ ਇਹ ਪਤਾ ਲਗਾਉਣਾ ਕਿ ਲੋਕਾਂ ਵਿਚ ਤੁਹਾਡੇ ਪ੍ਰਤੀ ਕੀ ਧਾਰਨਾਵਾਂ ਹਨ। ਲੋਕ ਤੁਹਾਨੂੰ ਕਿੰਨਾ ਪਸੰਦ ਕਰਦੇ ਹਨ ਤੇ ਕਿੰਨਾ ਨਾਪਸੰਦ। ਲੋਕਾਂ ਦੇ ਵਿਚਾਰਾਂ ਦਾ ਪਤਾ ਉਨ੍ਹਾਂ ਦੇ ਵਿਹਾਰ ਅਤੇ ਗੱਲਾਂ ਤੋਂ ਲੱਗ ਜਾਂਦਾ ਹੈ। ਤੁਸੀਂ ਇਕਾਂਤ ਵਿਚ ਬੈਠ ਕੇ ਚਿੰਤਨ-ਮਨਨ ਕਰਨ ਦੀ ਆਦਤ ਬਣਾਓ ਅਤੇ ਦੇਖੋ ਕਿ ਦਿਨ ਭਰ ਵਿਚ ਤੁਸੀਂ ਕੀ-ਕੀ ਗਲਤੀਆਂ ਕੀਤੀ ਹੈ, ਇਸ ਨਾਲ ਤੁਸੀਂ ਬਹੁਤ ਸਾਰੀਆਂ ਭੁੱਲਾਂ ਵਿਚ ਸੁਧਾਰ ਕਰਕੇ ਗਲਤੀਆਂ ਕਰਨ ਤੋਂ ਵੀ ਬਚ ਸਕਦੇ ਹੋ। ਆਪਣੀਆਂ ਭੁੱਲਾਂ ਉੱਤੇ ਕੁੜਨਾ ਛੱਡੋ ਤੇ ਨਾ ਹੀ ਪਛਤਾਵੇ ਦੇ ਹੰਝੂ ਵਹਾਓ, ਬਲਕਿ ਇਹ ਸੋਚੋ ਕਿ ਹੁਣ ਭਵਿੱਖ ਵਿਚ ਉਹੋ ਜਿਹੀ ਭੁੱਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਆਪਣੇ ਔਗੁਣਾਂ ਨੂੰ ਭੁਲਾਓ, ਉਨ੍ਹਾਂ ਨੂੰ ਤਿਆਗੋ। ਜੋ ਵੀ ਬੁਰੀਆਂ ਆਦਤਾਂ ਹਨ। ੳਨ੍ਹਾਂ ਨੂੰ ਛੱਡ ਦਿਓ ਚੰਗੀਆਂ ਆਦਤਾਂ ਪਾ ਲਓ। ਚੰਗੇ ਗੁਣ ਜਾਂ ਚੰਗੀਆਂ ਆਦਤਾਂ ਹਨ, ਉਨ੍ਹਾਂ ਦਾ ਵਿਕਾਸ ਕਰੋ। ਬਿਨਾਂ ਆਤਮ-ਨਿਰੀਖਣ ਦੇ ਕਦੇ ਵੀ ਤੁਹਾਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ। ਜਦੋਂ ਤੱਕ ਤੁਸੀਂ ਇਹ ਨਹੀਂ ਜਾਣ ਲੈਂਦੇ। ਉਦੋਂ ਤੱਕ ਤੁਸੀਂ ਅੱਗੇ ਨਹੀਂ ਵਧ ਸਕਦੇ। ਇਹ ਸਭ ਤਾਂ ਹੀ ਸੰਭਵ ਹੋਵੇਗਾ ਜਾਂ ਤੁਸੀਂ ਆਤਮ-ਨਿਰੀਖਣ ਕਰਕੇ ਆਪਣੇ ਬਾਰੇ ਜਾਣਕਾਰੀ ਪ੍ਰਾਪਤ ਕਰ ਹੋਵੇ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਸ੍ਰੀ ਮੁਕਤਸਰ ਸਾਹਿਬ।

ਬੇਚੈਨੀ ਬਨਾਮ ਸਰਕਾਰੀ ਤੰਤਰ

ਸਾਡਾ ਮੁਲਕ ਸਿਰਫ਼ ਕਹਿਣ ਨੂੰ ਹੀ ਲੋਕਤੰਤਰੀ ਮੁਲਕ ਹੈ। ਇੱਥੇ ਹਰ ਰੋਜ਼ ਲੋਕਤੰਤਰ ਦਾ ਸ਼ਰੇਆਮ ਘਾਣ ਕੀਤਾ ਜਾਣਾ ਕਿਸੇ ਤੋਂ ਛੁਪਿਆ ਨਹੀਂ। ਲੋਕਤੰਤਰ ਇੱਕ ਆਮ ਸਾਧਾਰਨ ਬੰਦੇ ਤੋਂ ਲੈ ਕੇ ਉੱਚ ਅਹੁਦੇ 'ਤੇ ਬੈਠੇ ਕਿਸੇ ਵੀ ਸ਼ਖ਼ਸ ਨੂੰ ਆਪਣੀ ਗੱਲ ਕਹਿਣ ਤੇ ਕੁਝ ਗ਼ਲਤ ਹੋਣ 'ਤੇ ਰੋਸ ਪ੍ਰਗਟਾਵਾ ਕਰਨ ਦਾ ਹੱਕ ਦਿੰਦਾ ਹੈ ਪਰ ਅਫ਼ਸੋਸ ਅੱਜ ਸਾਡੇ ਮੁਲਕ ਦੇ ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਹਨ ਕਿ ਕੋਈ ਆਦਮੀ ਆਪਣੀ ਤਕਲੀਫ਼, ਮੁਸ਼ਕਿਲ ਤੇ ਉਸ ਨਾਲ਼ ਹੋ ਰਹੇ ਧੱਕੇ ਬਾਰੇ ਜੇਕਰ ਬੋਲਦਾ ਹੈ ਤਾਂ ਉਸ ਨੂੰ ਖੁੱਲ੍ਹੇਆਮ ਸਰਕਾਰੀ ਤੰਤਰ ਵਲੋਂ ਪ੍ਰੇਸ਼ਾਨ ਅਤੇ ਅਕਸਰ ਜ਼ਾਲਮਾਨਾ ਤਰੀਕੇ ਨਾਲ਼ ਕੁੱਟਿਆ ਮਾਰਿਆ ਜਾਂਦਾ ਹੈ ਅਤੇ ਉਸ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਹੋਰ ਤਾਂ ਹੋਰ ਇਲੈੱਕਟ੍ਰੋਨਿਕ ਮੀਡੀਆ ਜਿਸ 'ਤੇ ਸੱਚ ਤੇ ਨਿਰਪੱਖਤਾ ਨਾਲ ਚੰਗੇ ਮਾੜੇ ਦੀ ਅਸਲ ਤਸਵੀਰ ਜਨਤਾ ਸਾਹਮਣੇ ਪੇਸ਼ ਕਰਨ ਦੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ, ਅੱਜ ਉਹ ਵੀ ਸੱਚਾਈ ਤੋਂ ਕਿਨਾਰਾ ਕਰਦਾ ਨਜ਼ਰ ਆ ਰਿਹਾ ਹੈ। ਇਸ ਖੇਤਰ ਵਿਚ ਕੁਝ ਅਜਿਹੇ ਮੀਡੀਆ ਅਨਸਰ, ਚੈਨਲ ਹੋਂਦ ਵਿਚ ਆ ਗਏ ਹਨ, ਜੋ ਸਿਰਫ਼ ਆਪਣੇ ਆਕਾ ਦਾ ਹੀ ਹੁਕਮ ਮੰਨਦੇ ਹਨ, ਉਨ੍ਹਾਂ ਨੂੰ ਸਮਾਜ, ਲੋਕਤੰਤਰ, ਇਨਸਾਨੀਅਤ ਨਾਲ਼ ਲੱਗਦਾ ਹੈ ਕਿਸੇ ਕਿਸਮ ਦਾ ਕੋਈ ਵਾਸਤਾ ਨਹੀਂ। ਉਨ੍ਹਾਂ ਲਈ ਜੋ ਸੱਤਾ ਵਿਚ ਹੈ ਬਸ ਉਸ ਦੀ ਜੀ-ਹਜ਼ੂਰੀ ਕਰਨ ਦਾ ਕੰਮ ਹੀ ਰਹਿ ਗਿਆ ਹੈ। ਕਿਸੇ ਦੇਸ਼ ਦਾ ਭਵਿੱਖ ਉੱਥੋਂ ਦੀ ਨੌਜਵਾਨੀ ਹੁੰਦੀ ਹੈ ਜੇਕਰ ਉਸ ਨੂੰ ਸੰਭਾਲਿਆ ਨਹੀਂ ਜਾਂਦਾ ਜਾਂ ਉਸ ਦੀਆਂ ਮੁਸ਼ਕਿਲਾਂ ਦਾ ਸਮਾਂ ਰਹਿੰਦੇ ਹੱਲ ਨਹੀਂ ਕੀਤਾ ਜਾਂਦਾ ਤਾਂ ਫਿਰ ਮਜਬੂਰੀਵੱਸ ਉਨ੍ਹਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਅੰਦੋਲਨਾਂ ਦਾ ਸਹਾਰਾ ਲੈਣਾ ਪੈਂਦਾ ਹੈ।

-ਲਾਭ ਸਿੰਘ ਸ਼ੇਰਗਿੱਲ,
ਬਡਰੁੱਖਾਂ (ਸੰਗਰੂਰ)

ਦਾਤਣ ਦੀ ਆਦਤ ਅਪਣਾਓ

ਅੱਜ ਤੋਂ ਕੁਝ ਸਾਲ ਪਹਿਲਾਂ ਆਮ ਹੀ ਵੇਖਣ ਵਿਚ ਆਉਂਦਾ ਸੀ ਕਿ ਲੋਕ ਆਪਣੇ ਦੰਦਾਂ ਨੂੰ ਨਿਰੋਗ, ਸਾਫ਼ ਅਤੇ ਤੰਦਰੁਸਤ ਰੱਖਣ ਲਈ ਹਮੇਸ਼ਾ ਹੀ ਕਿੱਕਰ, ਨਿੰਮ ਅਤੇ ਟਾਹਲੀ ਦੀ ਦਾਤਣ ਆਮ ਹੀ ਕਰਦੇ ਸਨ। ਜਿਸ ਦੀ ਬਦੌਲਤ ਹਰ ਕਿਸੇ ਦੇ ਦੰਦ ਬੁਢਾਪੇ ਵਿਚ ਵੀ ਜਿਉਂ ਦੇ ਤਿਉਂ ਮਜ਼ਬੂਤ ਤੇ ਸਾਫ਼ ਹੀ ਰਹਿੰਦੇ ਸਨ।  ਅਜਿਹਾ ਕਰਨ ਨਾਲ ਬਹੁਤ ਸਾਰੇ ਪੈਸੇ ਦੀ ਵੀ ਬੱਚਤ ਹੋ ਜਾਂਦੀ ਸੀ ਅਤੇ ਮਸੂੜਿਆਂ ਦੀ ਵੀ ਆਪ ਮੁਹਾਰੇ ਕਸਰਤ ਹੋ ਜਾਂਦੀ ਸੀ। ਪ੍ਰੰਤੂ ਅੱਜ-ਕਲ੍ਹ ਹੈ। ਕੋਈ ਦਾਤਣ ਨੂੰ ਭੁੱਲ/ਵਿਸਾਰ ਕੇ ਤਰ੍ਹਾਂ-ਤਰ੍ਹਾਂ ਦੇ ਦੰਦਾਂ ਵਾਲੇ ਪੇਸਟ ਵਰਤ ਕੇ ਬੁਰਸ਼ ਹੀ ਕਰਨ ਲੱਗ ਪਿਆ ਹੈ। ਜਿਸ ਕਰਕੇ ਹਰ ਘਰ ਵਿਚ ਇਹ ਮੁਫ਼ਤ ਦਾ ਹੀ ਵੇਖਣ ਵਿਚ ਛੋਟਾ ਪਰ ਬਹੁਤ ਵੱਡਾ ਖ਼ਰਚਾ ਵਧ ਗਿਆ ਹੈ। ਸਿਆਣੇ ਆਖਦੇ ਹਨ ਕਿ ਦਾਤਣ ਵਿਚ ਅਨੇਕਾਂ ਗੁਣ ਹੁੰਦੇ ਹਨ, ਜਦਕਿ ਪੇਸਟ ਵਿਚ ਕੈਮੀਕਲ ਆਦਿ ਦੀ ਵਰਤੋਂ ਕੀਤੀ ਗਈ ਹੁੰਦੀ ਹੈ। ਇਸ ਲਈ ਹਰ ਕਿਸੇ ਨੂੰ ਅੱਜ ਤੋਂ ਹੀ ਦਾਤਣ ਕਰਨ ਦੀ ਆਦਤ ਅਪਣਾ ਲੈਣੀ ਚਾਹੀਦੀ ਹੈ ਤੇ ਆਪਣੇ ਪਰਿਵਾਰ ਨੂੰ ਵੀ ਇਸ ਪਾਸੇ ਮੋੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ, (ਬਠਿੰਡਾ)

ਰੱਬ ਦੀ ਰਜ਼ਾ ਵਿਚ ਰਹੋ

ਮਨੁੱਖੀ ਤ੍ਰਿਸ਼ਨਾਵਾਂ ਕਦੇ ਵੀ ਖ਼ਤਮ ਨਹੀਂ ਹੁੰਦੀਆਂ। ਦਿਨ ਪ੍ਰਤੀ ਦਿਨ ਮਨੁੱਖੀ ਲਾਲਸਾ ਵਧਦੀ ਰਹਿੰਦੀ ਹੈ। ਦੂਜਿਆਂ ਦੇ ਮਹਿਲ ਦੇਖ ਕੇ ਇਨਸਾਨ ਆਪਣੀ ਝੁੱਗੀ ਢਾਉਣ ਨੂੰ ਫਿਰਦਾ ਹੈ। ਦੂਜਿਆਂ ਦੀ ਚੋਪੜੀ ਦੇਖ ਕੇ ਕਦੇ ਵੀ ਆਪਣੀ ਸੁੱਕੀ ਰੋਟੀ ਨੂੰ ਧੱਕੇ ਨਹੀਂ ਦੇਣੇ ਚਾਹੀਦੇ ਕਿਉਂਕਿ ਕਈਆਂ ਨੂੰ ਤਾਂ ਸੁੱਕੀ ਵੀ ਨਸੀਬ ਨਹੀਂ ਹੁੰਦੀ। ਸਮਾਜ ਦੋ ਵਰਗਾਂ 'ਚ ਵੰਡਿਆ ਹੋਇਆ ਹੈ-ਅਮੀਰ ਅਤੇ ਗ਼ਰੀਬ। ਕਈ ਸ਼ਾਹ ਨੇ ਤੇ ਕਈ ਮਲੰਗ। ਕਈ ਮਹਿਲਾਂ 'ਚ ਵੀ ਦੁਖੀ ਨੇ ਤੇ ਕਈ ਝੁੱਗੀਆਂ 'ਚ ਵੀ ਸੁਖੀ ਨੇ। ਸੁਖ਼ਾਲਾ ਜੀਵਨ ਬਤੀਤ ਕਰਨ ਲਈ ਸਾਨੂੰ ਹਮੇਸ਼ਾ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਚਾਹੀਦਾ ਹੈ ਅਤੇ ਸਦਾ ਆਪਣੇ ਤੋਂ ਨੀਵਿਆਂ ਵੱਲ ਦੇਖ ਕੇ ਪਰਮਾਤਮਾ ਦੁਆਰਾ ਦਿੱਤੀਆਂ ਦਾਤਾਂ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਕਿਉਂਕਿ ਜਿੰਨਾ ਅੱਜ ਰੱਬ ਨੇ ਸਾਨੂੰ ਦਿੱਤਾ ਹੈ, ਸ਼ਾਇਦ ਉਨਾ ਹਾਸਲ ਕਰਨ ਲਈ ਵੀ ਕੋਈ ਤਰਸ ਰਿਹਾ ਹੋਵੇ। ਸੋ, ਮਿਹਨਤ ਕਰੋ, ਖ਼ੁਸ਼ ਰਹੋ। ਪ੍ਰਭੂ ਦਾ ਸਿਮਰਨ ਕਰੋ ਅਤੇ ਰੱਬ ਦੀ ਰਜ਼ਾ ਵਿਚ ਸਦਾ ਸੰਤੁਸ਼ਟ ਰਹੋ।

-ਸਿਮਰਨਦੀਪ ਕੌਰ ਬੇਦੀ

ਭਗਤ ਨਾਮਦੇਵ ਨਗਰ, ਘੁਮਾਣ।

 

ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ 11,907 ਹਜ਼ਾਰ ਕਰੋੜ ਦੀ ਅੰਦਾਜ਼ਨ ਲਾਗਤ ਵਾਲੀ ਉਝ ਬਹੁਮੰਤਵੀ ਯੋਜਨਾ ਤਿਆਰ ਅਗਲੀ ਖ਼ਬਰ ਸੰਸਦ ਦੀ ਨਿਰਾਸ਼ਾਜਨਕ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।