13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

20-02-26

ਅਜੀਤ ਡੈਸਕ 20-02-2026

 ਗਲੀਆਂ ਦੇ ਵਿਚ ਲੱਗੇ ਕੈਮਰੇ
ਜਦੋਂ ਦਾ ਸੀ.ਸੀ.ਟੀ.ਵੀ. ਦੇ ਕੈਮਰਿਆਂ ਦਾ ਦੌਰ ਸ਼ੁਰੂ ਹੋਇਆ ਸੀ ਤਾਂ ਬਹੁਤੇ ਪਿੰਡਾਂ, ਸ਼ਹਿਰਾਂ ਵਿਚ ਵੱਡੀਆਂ 2 ਦੁਕਾਨਾਂ, ਸ਼ੋਅ ਰੂਮਾਂ ਜਾਂ ਸੁਨਿਆਰਿਆਂ ਦੀਆਂ ਦੁਕਾਨਾਂ ਆਦਿ 'ਤੇ ਹੀ ਕੈਮਰੇ ਨਜ਼ਰ ਆਉਂਦੇ ਸਨ ਜਾਂ ਚੌਕਾਂ ਵਿਚੋਂ ਇਕ ਅੱਧਾ ਕੈਮਰਾ ਲੱਗਾ ਹੁੰਦਾ ਸੀ। ਮੌਜੂਦਾ ਦੌਰ ਵਿਚ ਚੋਰੀ, ਲੁੱਟਾਂ-ਖੋਹਾਂ, ਕਤਲੋ-ਗਾਰਤ ਦੀਆਂ ਘਟਨਾਵਾਂ ਕਾਰਨ ਬਹੁਤ ਕੈਮਰੇ ਲੱਗ ਗਏ ਹਨ। ਵੱਡੀ ਗਿਣਤੀ ਲੋਕਾਂ ਵਲੋਂ ਆਪਣੇ ਘਰ 'ਚ ਲਗਵਾਏ ਨਿੱਜੀ ਕੈਮਰਿਆਂ ਦੀ ਰਿਕਾਰਡਿੰਗ, ਉਨ੍ਹਾਂ ਦੇ ਆਪਣੇ ਘਰ ਦੇ ਨਾਲ-ਨਾਲ ਗੁਆਂਢੀਆਂ ਦੇ ਘਰਾਂ ਦੇ ਵੱਡੇ ਹਿੱਸੇ ਦੀ ਵੀ ਰਿਕਾਰਡਿੰਗ ਕਰ ਲੈਂਦੀ ਹੈ। ਜੇਕਰ ਸੁਰੱਖਿਆ ਦੇ ਮੱਦੇਨਜ਼ਰ ਵੇਖੀਏ ਤਾਂ ਗਲੀਆਂ, ਸੜਕਾਂ ਵੱਲ ਕੀਤੇ ਕੈਮਰਿਆਂ ਦੇ ਮੂੰਹ, ਜਿਸ ਨਾਲ ਪੁਲਿਸ ਪ੍ਰਸ਼ਾਸਨ ਲਈ ਵਾਰਦਾਤ ਕਰਨ ਵਾਲੇ ਨੂੰ ਛੇਤੀ ਫੜਨ ਵਿਚ ਸਹਾਈ ਹੁੰਦੇ ਹਨ, ਉਥੇ ਹੀ ਦੂਸਰੇ ਦੇ ਘਰ ਦੀ ਨਿੱਜਤਾ ਦੀ ਰਿਕਾਰਡ ਕਰਨ ਵਾਲੇ ਕੈਮਰੇ ਵੀ ਲੱਗੇ ਹੁੰਦੇ ਹਨ। ਕੋਈ ਵੀ ਕਿਸੇ ਦੀ ਨਿੱਜੀ ਰਿਕਾਰਡਿੰਗ ਨਹੀਂ ਕਰ ਸਕਦਾ। ਇਸ ਸੰਬੰਧੀ ਸ਼ਿਕਾਇਤਾਂ ਕਰਨ ਨਾਲ ਸੰਬੰਧਿਤ ਐਕਟ ਅਧੀਨ ਤਿੰਨ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਸੋ, ਇਸ ਸੰਬੰਧੀ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਵਧੀਆ ਸੰਪਾਦਕੀ

14 ਫਰਵਰੀ ਦਾ ਸੰਪਾਦਕੀ 'ਪਾਕਿਸਤਾਨ ਦੀ ਅਖੰਡਤਾ 'ਤੇ ਸਵਾਲ' ਪਾਕਿਸਤਾਨ 'ਚ ਬਲੋਚਾਂ (ਬਲੋਚਿਸਤਾਨ) ਵਲੋਂ ਅਲਹਿਦਗੀ (ਆਜ਼ਾਦੀ) ਲਈ ਲੜੇ ਜਾ ਰਹੇ ਸੰਘਰਸ਼ ਨੂੰ ਪੜਚੋਲਦਾ ਹੈ। ਬਲੋਚਿਸਤਾਨ ਦੇ ਵਸਨੀਕਾਂ ਵਲੋਂ ਲੰਮੇ ਸਮੇਂ ਤੋਂ ਆਪਣੀ ਆਜ਼ਾਦ ਹਸਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਭਾਵੇਂ ਪਾਕਿਸਤਾਨ ਦੇ ਹਾਕਮ ਹੁਣ ਤੱਕ ਫ਼ੌਜੀ ਤਾਕਤ ਨਾਲ ਦਬਾਉਂਦੇ ਆ ਰਹੇ ਹਨ, ਪਰ ਤਾਜ਼ਾ ਖਬਰਾਂ ਅਨੁਸਾਰ ਪਾਕਿਸਤਾਨੀ ਹਾਕਮ ਹੁਣ ਬਹੁਤੀ ਦੇਰ ਬਲੋਚਿਸਤਾਨ ਨੂੰ ਦਬਾ ਕੇ ਆਪਣੇ ਨਾਲ ਰੱਖਣ ਦੇ ਸਮਰੱਥ ਨਹੀਂ ਜਾਪ ਰਿਹਾ। ਉਂਝ ਵੀ ਕਿਸੇ ਧਿਰ ਨੂੰ ਧੱਕੇ ਨਾਲ ਬਹੁਤੀ ਦੇਰ ਤੱਕ ਦਬਾ ਕੇ ਨਹੀਂ ਰੱਖਿਆ ਜਾ ਸਕਦਾ ਅਤੇ ਜਿਵੇਂ ਬਲੋਚਿਆਂ ਦੇ ਆਗੂਆਂ ਵਲੋਂ ਆਜ਼ਾਦੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਆਮ ਲੋਕਾਂ ਖ਼ਾਸਕਰ ਬੁੱਧੀਜੀਵੀ ਤੇ ਪੜ੍ਹੇ ਲਿਖੇ ਵਰਗ ਦਾ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਬਲੋਚਿਸਤਾਨ ਦਾ ਪਾਕਿਸਤਾਨ ਨਾਲੋਂ ਟੁੱਟ ਕੇ ਵੱਖਰਾ ਮੁਲਕ ਹੋਂਦ 'ਚ ਆਉਣ ਦਾ ਸਮਾਂ ਨੇੜੇ ਤੇੜੇ ਦਿਖਾਈ ਦੇ ਰਿਹਾ ਹੈ।

-ਮਨੋਹਰ ਸਿੰਘ ਸੱਗੂ
ਧੂਰੀ (ਸੰਗਰੂਰ)

ਫੁੱਟ ਪਾਓ - ਰਾਜ ਕਰੋ

ਫੁੱਟ ਪਾਓ ਰਾਜ ਕਰੋ ਨੀਤੀ ਇਕ ਪੁਰਾਣੀ ਰਣਨੀਤੀ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਵੰਡਣਾ ਤੇ ਉਨ੍ਹਾਂ 'ਤੇ ਰਾਜ ਕਰਨਾ ਹੈ। ਇਹ ਨੀਤੀ ਸਿਰਫ਼ ਰਾਜਨੀਤੀ ਵਿਚ ਹੀ ਨਹੀਂ, ਸਗੋਂ ਦਫ਼ਤਰਾਂ ਵਿਚ ਵੀ ਚੱਲਦੀ ਹੈ। ਜਦੋਂ ਦਫ਼ਤਰ ਵਿਚ ਲੋਕਾਂ ਨੂੰ ਵੰਡਿਆ ਜਾਂਦਾ ਹੈ, ਤਾਂ ਟੀਮ ਵਰਕ ਦੀ ਕਮੀ ਕੰਮ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਫੁੱਟ ਪਾਓ- ਰਾਜ ਕਰੋ ਨੀਤੀ ਦੇ ਕਾਰਨ ਦਫ਼ਤਰ ਵਿਚ ਤਣਾਅ 'ਤੇ ਅਸੁਰੱਖਿਆ ਤੇ ਨਕਾਰਾਤਮਿਕ ਮਾਹੌਲ ਬਣਦਾ ਹੈ, ਜੋ ਕਿ ਕਰਮਚਾਰੀਆਂ ਦੀ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਦਫ਼ਤਰ ਵਿਚ ਟੀਮ ਵਰਕ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਸਭ ਕਰਮਚਾਰੀਆਂ ਨੂੰ ਰਲ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਲੋਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਦਫ਼ਤਰ ਵਿਚ ਨਿਰਪੱਖਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਦਫ਼ਤਰ ਵਿਚ ਸਾਕਾਰਾਤਮਿਕ ਮਾਹੌਲ ਬਣਾਉਣਾ ਚਾਹੀਦਾ ਹੈ ਤੇ ਲੋਕਾਂ ਨੂੰ ਆਪਣੇ ਕੰਮ ਵਿਚ ਮਾਣ ਮਹਿਸੂਸ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

-ਗੌਰਵ ਮੁੰਜਾਲ, ਪੀ.ਸੀ.ਐਸ.

ਭਾਰਤ-ਅਮਰੀਕਾ ਵਪਾਰ ਸਮਝੌਤਾ

ਭਾਰਤ ਅਤੇ ਅਮਰੀਕਾ ਵਿਚ ਵਪਾਰਕ ਸਮਝੌਤੇ ਦੇ ਤਹਿਤ ਨਿਰਯਾਤ ਹੋਣ ਵਾਲੀਆਂ ਵਸਤੂਆਂ 'ਤੇ ਟੈਰਿਫ 50 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰਨਾ ਭਾਰਤ ਦੀ ਇਕ ਵੱਡੀ ਕੂਟਨੀਤਕ ਜਿੱਤ ਹੈ। ਇਹ ਸਮਝੌਤਾ ਸਾਡੇ ਦੇਸ਼ ਦੀ ਅੰਤਰਰਾਸ਼ਟਰੀ ਪੱਧਰ 'ਤੇ ਸਾਖ ਨੂੰ ਹੋਰ ਮਜ਼ਬੂਤ ਕਰਨ ਵਿਚ ਸਹਾਈ ਹੋਵੇਗਾ। ਇਸ ਨਾਲ ਸਾਡੇ ਦੇਸ਼ ਵਿਚੋਂ ਨਿਰਯਾਤ ਹੋਣ ਵਾਲੀਆਂ ਵਸਤੂਆਂ ਦੇ ਨਿਰਮਾਣ ਨੂੰ ਵੱਡਾ ਹੁੰਗਾਰਾ ਮਿਲੇਗਾ। ਖੇਤੀ ਖੇਤਰ ਨੂੰ ਇਸ ਸਮਝੌਤੇ ਤੋਂ ਵੱਖਰਾ ਰੱਖਣਾ ਹੀ ਸਹੀ ਕਦਮ ਹੈ। ਜਿੱਥੇ ਇਸ ਨਾਲ ਸਾਡੇ ਦੇਸ਼ ਦੀ ਵਿਸ਼ਵ ਪੱਧਰ 'ਤੇ ਸਾਖ਼ ਹੋਰ ਮਜ਼ਬੂਤ ਹੋਈ ਹੈ ਅਤੇ ਉਥੇ ਇਸ ਨਾਲ ਸਾਡੇ ਦੇਸ਼ ਦੀ ਆਰਥਿਕਤਾ ਨੂੰ ਵੀ ਵੱਡਾ ਹੁੰਗਾਰਾ ਮਿਲੇਗਾ।

-ਚਰਨਜੀਤ ਸਿੰਘ ਮੁਕਤਸਰ

ਪਿਛਲੀ ਖ਼ਬਰ ਕੰਵਰਪਾਲ ਗੁਰਜਰ ਵਲੋਂ ਖੇਤੀਬਾੜੀ ਕਾਲਜ ਲਈ ਜ਼ਮੀਨ ਮਨਜ਼ੂਰ ਕਰਨ ਲਈ ਮੁੱਖ ਮੰਤਰੀ ਸੈਣੀ ਤੇ ਖੇਤੀਬਾੜੀ ਮੰਤਰੀ ਰਾਣਾ ਦਾ ਧ... ਅਗਲੀ ਖ਼ਬਰ ਆਪਣੇ ਸਰੀਰ ਦੇ ਅੰਗਾਂ ਨੂੰ ਸੇਵਾਮੁਕਤ ਨਾ ਹੋਣ ਦਿਉ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।