11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗਲਾਸਗੋ ਵਿਚ ਨੈਲਸਨ ਮੰਡੇਲਾ ਦਾ ਲਗਾਇਆ ਗਿਆ ਬੁੱਤ ਅਤੇ ਲਗਾਉਣ ਸਮੇਂ ਲੋਕਾਂ ਦਾ ਇਕੱਠ। ਨੈਲਸਨ ਮੰਡੇਲਾ ਦਾ ਗਲਾਸਗੋ ਵਿਚ ਲਗਾਇਆ ਬੁੱਤ

ਗਲਾਸਗੋ, 10 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਦੱਖਣੀ ਅਫ਼ਰੀਕਾ ਵਿਚ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਦੇ ਮਹਾਨ ਆਗੂ ਅਤੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੀ ਯਾਦ ਵਿਚ ਗਲਾਸਗੋ ਦੇ ਸ਼ਹਿਰੀ ਕੇਂਦਰ ਵਿਖੇ ਸਥਾਪਿਤ ਕਾਂਸੀ ਦੇ ਬੁੱਤ ਤੋਂ ਪਰਦਾ ਹਟਾਇਆ ਗਿਆ। ਨੈਲਸਨ ਮੰਡੇਲਾ ਪਲੇਸ ਵਿਚ ਹੋਏ ਸਮਾਗਮ ਦੌਰਾਨ ਮੀਂਹ ਦੇ ਬਾਵਜੂਦ ਸੈਂਕੜੇ ਲੋਕ ਹਾਜ਼ਰ ਹੋਏ।

ਅਜੀਤ ਡੈਸਕ 11-10-2026
ਗਲਾਸਗੋ, 10 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਦੱਖਣੀ ਅਫ਼ਰੀਕਾ ਵਿਚ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਦੇ ਮਹਾਨ ਆਗੂ ਅਤੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੀ ਯਾਦ ਵਿਚ ਗਲਾਸਗੋ ਦੇ ਸ਼ਹਿਰੀ ਕੇਂਦਰ ਵਿਖੇ ਸਥਾਪਿਤ ਕਾਂਸੀ ਦੇ ਬੁੱਤ ਤੋਂ ਪਰਦਾ ਹਟਾਇਆ ਗਿਆ। ਨੈਲਸਨ ਮੰਡੇਲਾ ਪਲੇਸ ਵਿਚ ਹੋਏ ਸਮਾਗਮ ਦੌਰਾਨ ਮੀਂਹ ਦੇ ਬਾਵਜੂਦ ਸੈਂਕੜੇ ਲੋਕ ਹਾਜ਼ਰ ਹੋਏ। ਇਹ ਸਮਾਗਮ ਮੰਡੇਲਾ ਦੀ 9 ਅਕਤੂਬਰ 1993 ਦੀ ਇਤਿਹਾਸਕ ਗਲਾਸਗੋ ਫੇਰੀ ਦੇ ਠੀਕ 33 ਸਾਲ ਪੂਰੇ ਹੋਣ ਮੌਕੇ ਕਰਵਾਇਆ ਗਿਆ। ਸਕਾਟਿਸ਼ ਮੂਰਤੀਕਾਰ ਐਲਨ ਬੀ. ਹੈਰੀਅਟ ਵਲੋਂ ਬਣਾਏ ਬੁੱਤ ਵਿਚ ਮੰਡੇਲਾ ਨੂੰ ਆਪਣੀ ਪਛਾਣ ਬਣੀ ਮੁਸਕਰਾਹਟ ਅਤੇ ਉੱਠੀਆਂ ਬਾਹਾਂ ਨਾਲ ਦਰਸਾਇਆ ਗਿਆ ਹੈ। ਬੁੱਤ ਦੱਖਣੀ ਅਫ਼ਰੀਕਾ ਤੋਂ ਲਿਆਂਦੇ ਗ੍ਰੇਨਾਈਟ ਪੱਥਰ ਦੇ ਚਬੂਤਰੇ ਉੱਪਰ ਸਥਾਪਿਤ ਕੀਤਾ ਗਿਆ ਹੈ। ਗਲਾਸਗੋ ਅਤੇ ਮੰਡੇਲਾ ਦਾ ਰਿਸ਼ਤਾ ਕਈ ਦਹਾਕੇ ਪੁਰਾਣਾ ਹੈ। ਸਾਲ 1981 ਵਿਚ ਗਲਾਸਗੋ ਉਨ੍ਹਾਂ ਨੂੰ ਸ਼ਹਿਰ ਦਾ ਸਰਬਉੱਚ ਨਾਗਰਿਕ ਸਨਮਾਨ ਦੇਣ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣਿਆ ਸੀ। ਉਸ ਵੇਲੇ ਮੰਡੇਲਾ ਦੱਖਣੀ ਅਫ਼ਰੀਕਾ ਦੀ ਜੇਲ੍ਹ ਵਿਚ ਕੈਦ ਸਨ। ਸ਼ਹਿਰ ਨੇ 1986 ਵਿਚ ਉਨ੍ਹਾਂ ਦੇ ਸਨਮਾਨ ਵਿਚ ਇਕ ਸੜਕ ਦਾ ਨਾਂਅ ਬਦਲ ਕੇ ਨੈਲਸਨ ਮੰਡੇਲਾ ਪਲੇਸ ਰੱਖਿਆ। ਰਿਹਾਈ ਤੋਂ ਬਾਅਦ 1993 ਵਿਚ ਮੰਡੇਲਾ ਗਲਾਸਗੋ ਪਹੁੰਚੇ ਅਤੇ ਸ਼ਹਿਰ ਦਾ ਸਨਮਾਨ ਰਸਮੀ ਤੌਰ ’ਤੇ ਪ੍ਰਾਪਤ ਕੀਤਾ। ਇਸੇ ਫੇਰੀ ਦੌਰਾਨ ਉਨ੍ਹਾਂ ਨੂੰ ਅੱਠ ਹੋਰ ਬਰਤਾਨਵੀ ਸ਼ਹਿਰਾਂ ਦੇ ਨਾਗਰਿਕ ਸਨਮਾਨ ਵੀ ਭੇਟ ਕੀਤੇ ਗਏ ਸਨ। ਬੁੱਤ ਦੇ ਉਦਘਾਟਨੀ ਸਮਾਗਮ ਵਿਚ ਗਲਾਸਗੋ ਦੀ ਲਾਰਡ ਪ੍ਰੋਵੋਸਟ ਜੈਕਲੀਨ ਮੈਕਲੈਰਨ, ਬਰਤਾਨੀਆ ਵਿਚ ਦੱਖਣੀ ਅਫ਼ਰੀਕਾ ਦੇ ਹਾਈ ਕਮਿਸ਼ਨਰ ਕਿੰਗਜ਼ਲੀ ਮਾਮਾਬੋਲੋ ਅਤੇ ਨੈਲਸਨ ਮੰਡੇਲਾ ਸਕਾਟਿਸ਼ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਬ੍ਰਾਇਨ ਫਿਲਿੰਗ ਨੇ ਹਿੱਸਾ ਲਿਆ। ਦੱਖਣੀ ਅਫ਼ਰੀਕਾ ਦੀ ਗਾਇਕਾ ਮਾਰਾ ਲੋਅ ਵੀ ਸਮਾਗਮ ਵਿਚ ਸ਼ਾਮਿਲ ਹੋਈ ਅਤੇ ਗਾਇਨ ਕੀਤਾ। ਮਾਰਾ ਨੇ 1993 ਵਿਚ ਮੰਡੇਲਾ ਦੀ ਗਲਾਸਗੋ ਫੇਰੀ ਦੌਰਾਨ ਵੀ ਗੀਤ ਗਾਇਆ ਸੀ ਅਤੇ ਉਸ ਵੇਲੇ ਉਨ੍ਹਾਂ ਨਾਲ ਨੱਚਦੇ ਮੰਡੇਲਾ ਦੀ ਤਸਵੀਰ ਇਤਿਹਾਸਕ ਯਾਦ ਬਣ ਗਈ ਸੀ। ਸਮਾਗਮ ਦੇ ਅੰਤ ਵਿੱਚ ਉਸ ਨੇ ਦੱਖਣੀ ਅਫ਼ਰੀਕਾ ਦਾ ਕੌਮੀ ਗੀਤ ਗਾਇਆ। ਫਾਊਂਡੇਸ਼ਨ ਦੇ ਚੇਅਰਮੈਨ ਬ੍ਰਾਇਨ ਫਿਲਿੰਗ ਨੇ ਕਿਹਾ ਕਿ ਇਹ ਬੁੱਤ ਮੰਡੇਲਾ ਅਤੇ ਦੱਖਣੀ ਅਫ਼ਰੀਕਾ ਦੇ ਲੋਕਾਂ ਦੇ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਦੀ ਸਥਾਈ ਯਾਦਗਾਰ ਹੈ। ਉਨ੍ਹਾਂ ਅਨੁਸਾਰ ਇਸ ਨੂੰ ਬਣਾਉਣ ਲਈ ਕਈ ਸਾਲਾਂ ਤੋਂ ਆਮ ਲੋਕਾਂ ਨੇ ਸਹਿਯੋਗ ਅਤੇ ਮਾਲੀ ਯੋਗਦਾਨ ਦਿੱਤਾ ਹੈ। ਇਹ ਯਾਦਗਾਰ ਗਲਾਸਗੋ, ਸਕਾਟਲੈਂਡ ਅਤੇ ਬਰਤਾਨੀਆ ਦੇ ਲੋਕਾਂ ਵਲੋਂ ਉਸ ਸੰਘਰਸ਼ ਨਾਲ ਪ੍ਰਗਟਾਈ ਇਕਜੁੱਟਤਾ ਨੂੰ ਦਰਸਾਉਂਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸਲਵਾਦ ਵਿਰੁੱਧ ਖੜ੍ਹਨ, ਨਿਆਂ ਅਤੇ ਬਰਾਬਰੀ ਲਈ ਕੰਮ ਕਰਨ ਦੀ ਪ੍ਰੇਰਨਾ ਦੇਵੇਗੀ। ਮੰਡੇਲਾ ਨੇ 27 ਸਾਲ ਜੇਲ੍ਹ ਵਿਚ ਬਿਤਾਏ ਅਤੇ 1990 ਵਿਚ ਰਿਹਾਅ ਹੋਣ ਤੋਂ ਬਾਅਦ 1994 ਵਿਚ ਦੱਖਣੀ ਅਫ਼ਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਬਣੇ।
ਪਿਛਲੀ ਖ਼ਬਰ ਟਰੰਪ ਵਲੋਂ ਹਰ ਬਾਲਗ ਨੂੰ 5 ਹਜ਼ਾਰ ਡਾਲਰ ਦੇਣ ਦਾ ਐਲਾਨ, ਹਜ਼ਾਰਾਂ ਲੋਕਾਂ ਵਲੋਂ ਵਿਰੋਧ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ ਨਾਲ ਵਪਾਰ ਕਰਨ ਦੇ ਦੋਸ਼ ਹੇਠ ਦੋ ਭਾਰਤੀ ਕੰਪਨੀਆਂ ਤੇ 5 ਡਾਇਰੈਕਟਰਾਂ ’ਤੇ ਪਾਬੰਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।