ਨਵੀਂ ਦਿੱਲੀ, 8 ਅਕਤੂਬਰ (ਯੂ. ਐਨ. ਆਈ.)-ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਜੇਮਜ਼ ਹੋਪਸ ਅਤੇ ਬ੍ਰੈਡ ਹੈਡਿਨ ਨੇ ਆਸਟ੍ਰੇਲੀਆਈ ਘਰੇਲੂ ਕ੍ਰਿਕਟ ਵਿਚ ਮੁੱਖ ਕੋਚ ਵਜੋਂ ਜ਼ਿੰਮੇਵਾਰੀ ਸੰਭਾਲਣ ਲਈ ਪੰਜਾਬ ਕਿੰਗਜ਼ ਵਿਚ ਆਪਣੀਆਂ ਕੋਚਿੰਗ ਭੂਮਿਕਾਵਾਂ ਛੱਡ ਦਿੱਤੀਆਂ ਹਨ। ਹੋਪਸ, ਜੋ ਪਿਛਲੇ ਦੋ ਸੀਜ਼ਨਾਂ ਤੋਂ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ੀ ਕੋਚ ਸਨ, ਨੂੰ ਕੁਈਨਜ਼ਲੈਂਡ ਅਤੇ ਬ੍ਰਿਸਬੇਨ ਹੀਟ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਹੈਡਿਨ, ਜਿਨ੍ਹਾਂ ਨੇ ਫਰੈਂਚਾਇਜ਼ੀ ਦੇ ਫੀਲਡਿੰਗ ਕੋਚ ਵਜੋਂ ਸੇਵਾ ਨਿਭਾਈ ਸੀ, ਹੁਣ ਨਿਊ ਸਾਊਥ ਵੇਲਜ਼ ਦੀ ਜ਼ਿੰਮੇਵਾਰੀ ਸੰਭਾਲਣਗੇ।ਇਨ੍ਹਾਂ ਦੇ ਜਾਣ ਨਾਲ ਮੁੱਖ ਕੋਚ ਰਿਕੀ ਪੋਂਟਿੰਗ ਨੂੰ ਅਗਲੇ ਆਈ.ਪੀ.ਐਲ. ਸੀਜ਼ਨ ਤੋਂ ਪਹਿਲਾਂ ਆਪਣੇ ਸਹਾਇਕ ਸਟਾਫ ਵਿਚ ਹੋਰ ਬਦਲਾਅ ਕਰਨੇ ਪੈਣਗੇ, ਕਿਉਂਕਿ ਟੀਮ ਦੇ ਫਿਰਕੀ ਗੇਂਦਬਾਜ਼ੀ ਕੋਚ ਸਾਈਰਾਜ ਬਹੁਤੁਲੇ ਵੀ ਇਸ ਸਾਲ ਦੇ ਸ਼ੁਰੂ ’ਚ ਭਾਰਤੀ ਪੁਰਸ਼ ਟੀਮ ਨਾਲ ਜੁੜ ਗਏ ਸਨ।