ਸੈਕਰਾਮੈਂਟੋ, 1 ਮਾਰਚ (ਹੁਸਨ ਲੜੋਆ ਬੰਗਾ)-ਐਲ ਪੋਰਟਲ , ਫਲੋਰੀਡਾ ਵਿਚ ਇਕ ਭਾਰਤੀ ਮੂਲ ਦੀ ਬੱਚਿਆਂ ਦੀ ਮਾਹਿਰ ਡਾਕਟਰ ਨੇਹਾ ਗੁਪਤਾ (27) ਵਿਰੁੱਧ ਆਪਣੀ ਹੀ ਧੀ ਦੀ ਮੌਤ ਦੇ ਮਾਮਲੇ 'ਚ ਦੂਜਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ | ਸ਼ੁਰੂ 'ਚ ਸਮਝਿਆ ਗਿਆ ਸੀ ਕਿ ਗੁਪਤਾ ਦੀ 4 ਸਾਲਾ ਧੀ ਦੀ ਮੌਤ ਕਿਰਾਏ ਦੇ ਘਰ ਵਿਚਲੇ ਤਲਾਬ 'ਚ ਡੁੱਬਣ ਕਾਰਨ ਹੋਈ ਹੈ | ਗੁਪਤਾ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਹ ਸੌਂ ਰਹੀ ਸੀ ਤੇ ਰੌਲਾ ਸੁਣ ਕੇ ਉੱਠੀ ਤਾਂ ਉਸ ਨੇ ਵੇਖਿਆ ਕਿ ਉਸ ਦੀ ਧੀ ਤਾਲਾਬ ਵਿਚ ਡਿੱਗੀ ਹੋਈ ਸੀ, ਉਸ ਨੂੰ ਤੈਰਨਾ ਨਹੀਂ ਸੀ ਆਉਂਦਾ ਇਸ ਲਈ ਉਹ ਉਸ ਨੂੰ ਬਚਾਅ ਨਾ ਸਕੀ | ਪਰੰਤੂ ਹੁਣ ਇਹ ਮਾਮਲਾ ਨਵਾਂ ਮੋੜ ਲੈ ਗਿਆ ਹੈ | ਗਿ੍ਫ਼ਤਾਰੀ ਹਲਫ਼ੀਆ ਬਿਆਨ ਅਨੁਸਾਰ ਪੋਸਟ ਮਾਰਟਮ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੱਚੀ ਦੇ ਫੇਫੜੇ ਤੇ ਪੇਟ ਵਿਚ ਬਿਲਕੁਲ ਵੀ ਪਾਣੀ ਨਹੀਂ ਸੀ | ਇਸ ਦੀ ਮੌਤ ਡੁੱਬਣ ਨਾਲ ਨਹੀਂ ਹੋਈ ਬਲਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ | ਤਾਲਾਬ ਵਿਚ ਡੁੱਬਣ ਦੀ ਕਹਾਣੀ ਹੱਤਿਆ ਨੂੰ ਛੁਪਾਉਣ ਲਈ ਘੜੀ ਗਈ ਹੈ | ਇਕ ਰਿਪੋਰਟ ਅਨੁਸਾਰ ਬੱਚੀ ਦੀ ਸਾਂਭ ਸੰਭਾਲ ਨੂੰ ਲੈ ਕੇ ਗੁਪਤਾ ਤੇ ਉਸ ਦੇ ਪਤੀ ਡਾ. ਸੌਰਭ ਤਲਾਸ਼ੀ ਵਿਚਾਲੇ ਝਗੜਾ ਚੱਲ ਰਿਹਾ ਸੀ ਜਿਸ ਤੋਂ ਗੁਪਤਾ ਪ੍ਰੇਸ਼ਾਨ ਸੀ | ਦੋਸ਼ਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਆਫ਼ ਓਕਲਾਹੋਮਾ ਨੇ ਗੁਪਤਾ ਨੂੰ ਬਰਖ਼ਾਸਤ ਕਰ ਦਿੱਤਾ ਹੈ | ਇਸ ਸਮੇਂ ਉਹ ਬਿਨਾਂ ਬੌਂਡ ਜੇਲ੍ਹ ਵਿਚ ਹੈ ਤੇ ਉਸ ਨੂੰ ਓਕਲਾਹੋਮਾ ਤੋਂ ਫਲੋਰੀਡਾ ਲਿਆਂਦਾ ਗਿਆ |