ਮੁੰਬਈ, 17 ਫਰਵਰੀ (ਏਜੰਸੀ)-ਸਲਮਾਨ ਖਾਨ ਦੇ ਪਿਤਾ ਤੇ ਦਿੱਗਜ ਪਟਕਥਾ ਲੇਖਕ ਸਲੀਮ ਖਾਨ ਨੂੰ ਮੰਗਲਵਾਰ ਸਵੇਰੇ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖਲ ਕਰਵਾਇਆ ਗਿਆ | ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਇਸ ਵੇਲੇ ਸਥਿਰ ਹੈ, ਪਰ ਉਹ ਲਗਾਤਾਰ ਨਿਗਰਾਨੀ ਹੇਠ ਹਨ | ਹਾਲਾਂਕਿ, ਉਨ੍ਹਾਂ ਦੇ ਹਸਪਤਾਲ 'ਚ ਦਾਖਲ ਹੋਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ | ਸਲੀਮ ਖਾਨ ਦੀ ਵਿਗੜਦੀ ਸਿਹਤ ਤੋਂ ਬਾਅਦ, ਪੁੱਤਰ ਸਲਮਾਨ ਖਾਨ ਸਮੇਤ ਕਈ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ | ਉਨ੍ਹਾਂ ਦੀ ਧੀ ਅਲਵੀਰਾ, ਪਤਨੀਆਂ ਸਲਮਾ ਤੇ ਹੈਲਨ, ਪੁੱਤਰ ਅਰਬਾਜ਼ ਤੇ ਜਵਾਈ ਅਤੁਲ ਅਗਨੀਹੋਤਰੀ ਤੇ ਆਯੁਸ਼ ਸ਼ਰਮਾ ਵੀ ਹਸਪਤਾਲ ਦੇ ਬਾਹਰ ਦੇਖੇ ਗਏ | ਸਲੀਮ ਖਾਨ ਦਾ ਜਨਮ 24 ਨਵੰਬਰ, 1935 ਨੂੰ ਹੋਇਆ ਸੀ ਤੇ ਹਾਲ ਹੀ 'ਚ ਉਹ 90 ਸਾਲ ਦੇ ਹੋਏ ਹਨ | ਉਹਨਾਂ ਨੂੰ ਹਿੰਦੀ ਸਿਨੇਮਾ ਦੇ ਮਹਾਨ ਸਕ੍ਰਿਪਟ ਲੇਖਕਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ | ਸਲੀਮ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਅਦਾਕਾਰ ਵਜੋਂ ਕੀਤੀ | ਉਹਨਾਂ ਨੇ 1960 ਦੇ ਦਹਾਕੇ 'ਚ ਫਿਲਮ ਬਾਰਾਤ ਨਾਲ ਸ਼ੁਰੂਆਤ ਕੀਤੀ ਸੀ, ਪਰ ਉਹਨਾਂ ਨੂੰ ਸੀਮਤ ਤੇ ਛੋਟੀਆਂ ਭੂਮਿਕਾਵਾਂ ਹੀ ਮਿਲੀਆਂ | ਲਗਭਗ 2 ਦਰਜਨ ਫਿਲਮਾਂ ਵਿਚ ਕੰਮ ਕਰਨ ਤੋਂ ਬਾਅਦ, ਉਹਨਾਂ ਨੂੰ ਅਹਿਸਾਸ ਹੋਇਆ ਕਿ ਅਦਾਕਾਰੀ ਉਹਨਾਂ ਦੀ ਅਸਲ ਤਾਕਤ ਨਹੀਂ ਹੈ | ਫਿਰ ਉਹ ਲਿਖਣ ਵੱਲ ਮੁੜੇ ਤੇ ਸਕ੍ਰੀਨਰਾਈਟਿੰਗ 'ਚ ਨਾਂਅ ਬਣਾਇਆ |