31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਬਹਾਦਰੀ ਦਾ ਪ੍ਰਤੀਕ : ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ

ਬਹਾਦਰੀ ਦਾ ਪ੍ਰਤੀਕ : ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ

ਅਜੀਤ ਡੈਸਕ 31-10-2026

ਅੱਜ ਸੇਵਾਮੁਕਤੀ 'ਤੇ ਵਿਸ਼ੇਸ਼

ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ 42 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਅੱਜ 31 ਅਕਤੂਬਰ, 2026 ਨੂੰ  ਸੇਵਾ ਮੁਕਤ ਹੋ ਰਹੇ ਹਨ | ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ 'ਤੇ ਭਾਰਤੀ ਹਵਾਈ ਸੈਨਾ ਤੇ ਸਮੁੱਚੇ ਭਾਰਤੀਆਂ ਨੂੰ  ਮਾਣ ਹੈ |Êਬੀਤੇ ਸਾਲ 7 ਮਈ, 2025 ਨੂੰ  'ਆਪ੍ਰੇਸ਼ਨ ਸੰਧੂਰ' ਦੌਰਾਨ ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਹਵਾਈ ਸੈਨਾ ਨੇ ਅੱਤਵਾਦੀ ਟਿਕਾਣਿਆਂ ਨੂੰ  ਨਿਸ਼ਾਨਾ ਬਣਾਉਂਦਿਆ ਪਾਕਿਸਤਾਨ ਨੂੰ  ਸਬਕ ਸਿਖਾ ਕੇ 22 ਅਪ੍ਰੈਲ, 2025 ਦੇ ਪਹਿਲਗਾਮ ਅੱਤਵਾਦੀ ਹਮਲੇ ਦਾ ਕਰਾਰਾ ਜਵਾਬ ਦਿੱਤਾ ਸੀ | ਉਨ੍ਹਾਂ ਦਾ ਫਿਕਸਡ ਰੋਟਰੀ ਵਿੰਗ ਏਅਰ ਕ੍ਰਾਫਟ ਤੇ ਹੋਰ ਲੜਾਕੂ ਜ਼ਹਾਜਾਂ ਨੂੰ  5,000 ਘੰਟੇ ਤੋਂ ਵੱਧ ਸਮਾਂ ਉਡਾਉਣ ਦਾ ਤਜਰਬਾ ਹੈ | ਉਹ ਪੰਜਾਬੀਆਂ/ਸਿੱਖਾਂ 'ਚੋਂ ਚੌਥੇ ਤੇ ਭਾਰਤੀ ਹਵਾਈ ਸੈਨਾ ਦੇ 47ਵੇਂ ਮੁਖੀ ਹਨ | ਉਨ੍ਹਾਂ ਨੂੰ  ਭਾਰਤੀ ਹਵਾਈ ਸੈਨਾ 'ਚ ਬਿਹਤਰੀਨ ਕਾਰਗੁਜ਼ਾਰੀ ਤੇ  ਸ਼ਾਨਦਾਰ ਸੇਵਾਵਾਂ ਲਈ 2019 ਵਿਚ ਪਰਮ ਵਸ਼ਿਸ਼ਟ ਸੇਵਾ ਮੈਡਲ ਤੇ 2023 'ਚ ਅਤੀ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਆਪਣੀ ਪੇਸ਼ੇਵਰ ਯੋਗਤਾ, ਤਕਨੀਕੀ ਮੁਹਾਰਤ, ਅਗਵਾਈ ਤੇ ਅਨੁਸ਼ਾਸਨ ਸਦਕਾ ਭਾਰਤੀ ਹਵਾਈ ਸੈਨਾ ਨੂੰ  ਨਵੀਆਂ ਉੱਚਾਈ ਤੱਕ ਪਹੁੰਚਾਇਆ ਹੈ | ਉਨ੍ਹਾਂ ਦੀ ਪੇਸ਼ੇਵਰ ਪਛਾਣ ਦਾ ਅਹਿਮ ਪੱਖ ਜਹਾਜ਼ਾਂ ਦੀ ਤਕਨੀਕੀ ਸਮਰੱਥਾ ਤੇ ਉਨ੍ਹਾਂ ਦੇ ਆਧੁਨਿਕੀਕਰਨ ਨਾਲ ਜੁੜਿਆ ਰਿਹਾ ਹੈ |  

ਅਮਰਪ੍ਰੀਤ ਸਿੰਘ ਦੇ ਕਰੀਅਰ ਦਾ ਵਿਸ਼ੇਸ਼ ਪੱਖ ਭਾਰਤ ਦੇ ਸਵਦੇਸ਼ੀ ਹਲਕੇ ਜਹਾਜ਼ ਤੇਜਸ ਦੀ ਉਡਾਣ ਦੀ ਜਾਂਚ ਨਾਲ ਜੁੜਿਆ ਹੋਇਆ ਹੈ | ਇਹ ਕੰਮ ਭਾਰਤ ਦੀ ਆਪਣੀ ਰੱਖਿਆ ਤਕਨਾਲੋਜੀ ਵਿਕਸਿਤ ਕਰਨ ਤੇ ਦੇਸ਼ ਦੀ ਵਿਦੇਸ਼ੀ ਜਹਾਜ਼ਾਂ 'ਤੇ ਨਿਰਭਰਤਾ ਘਟਾਉਣ ਦੇ ਵੱਡੇ ਯਤਨ ਦਾ ਹਿੱਸਾ ਹੈ | ਉਨ੍ਹਾਂ ਆਪਣੇ ਲੰਮੇ ਕਰੀਅਰ ਦੌਰਾਨ ਕਈ ਮਹੱਤਵਪੂਰਨ ਕਮਾਂਡ ਤੇ ਸਟਾਫ ਅਹੁਦਿਆਂ 'ਤੇ ਕੰਮ ਕੀਤਾ |
ਉਨ੍ਹਾਂ ਨੂੰ  21 ਦਸੰਬਰ, 1984 ਨੂੰ  ਹਵਾਈ ਸੈਨਾ 'ਚ ਕਮਿਸ਼ਨ ਮਿਲਿਆ ਸੀ | ਉਨ੍ਹਾਂ ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਜ਼ ਸਟਾਫ ਕਾਲਜ ਤੇ ਨੈਸ਼ਨਲ ਡਿਫੈਂਸ ਕਾਲਜ ਵਰਗੀਆਂ ਪ੍ਰਮੁੱਖ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕੀਤੀ | ਉਹ 21 ਦਸੰਬਰ, 1985 ਨੂੰ  ਫਲਾਇੰਗ ਅਫ਼ਸਰ ਤੇ 1989 'ਚ ਫ਼ਲਾਈਟ ਲੈਫ਼ਟੀਨੈਂਟ ਤੇ 21 ਦਸੰਬਰ, 1995 ਨੂੰ  ਸਕੁਐਡਰਨ ਲੀਡਰ ਬਣੇ | ਉਹ 14 ਮਈ, 2001 ਨੂੰ  ਵਿੰਗ ਕਮਾਂਡਰ, 5 ਨਵੰਬਰ, 2007 ਨੂੰ  ਗਰੁੱਪ ਕੈਪਟਨ, 1 ਅਪ੍ਰੈਲ 2011 ਨੂੰ  ਏਅਰ ਕਮੋਡੋਰ, 1 ਅਗਸਤ, 2016 ਨੂੰ  ਏਅਰ ਵਾਈਸ ਮਾਰਸ਼ਲ, 1 ਫਰਵਰੀ, 2021 ਨੂੰ  ਏਅਰ ਮਾਰਸ਼ਲ ਤੇ ਫਰਵਰੀ 2023 'ਚ ਵਾਈਸ ਏਅਰ ਚੀਫ਼ ਮਾਰਸ਼ਲ ਬਣੇ ਸਨ | 
ਉਨ੍ਹਾਂ ਨੇ ਬਹੁਤ ਸਾਰੀਆਂ ਮਹੱਤਵਪੂਰਨ ਤੇ ਵੰਗਾਰ ਵਾਲੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਹਮੇਸ਼ਾ ਸਫਲਤਾ ਪ੍ਰਾਪਤ ਕੀਤੀ ਹੈ | ਉਨ੍ਹਾਂ ਆਪਣੇ ਕਰੀਅਰ ਦੌਰਾਨ ਇਕ ਆਪ੍ਰੇਸ਼ਨਲ ਫਾਈਟਰ ਸਕੁਐਡਰਨ ਤੇ ਇਕ ਫਰੰਟ ਲਾਈਨ ਏਅਰ ਬੇਸ ਦੀ ਕਮਾਨ ਸੰਭਾਲੀ ਹੈ | ਇਕ ਪ੍ਰੀਖਣ ਪਾਇਲਟ ਦੇ ਰੂਪ ਵਿਚ ਉਨ੍ਹਾਂ ਨੇ ਰੂਸ ਦੇ ਮਾਸਕੋ ਵਿਚ ਮਿੱਗ-29 ਫਾਈਟਰ ਦੇ ਆਧੁਨਿਕੀਕਰਨ ਨਾਲ ਸੰਬੰਧਿਤ ਪ੍ਰਾਜੈਕਟ ਪ੍ਰਬੰਧਨ ਦੀ ਟੀਮ ਦੀ ਵੀ ਅਗਵਾਈ ਕੀਤੀ | ਉਨ੍ਹਾਂ ਨੂੰ  ਵਿਦੇਸ਼ਾਂ ਵਿਚ ਵੀ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ  ਉਨ੍ਹਾਂ ਨੇ ਬਾਖ਼ੂਬੀ ਨਾਲ ਨਿਭਾਇਆ ਹੈ | ਉਹ ਸੀਨੀਅਰ ਏਅਰ ਸਟਾਫ਼ ਆਫ਼ੀਸਰ ਈਸਟਰਨ ਏਅਰ ਕਮਾਂਡ ਤੇ ਏਅਰ ਡਿਫੈਂਸ ਕਮਾਂਡਰ ਸਾਊਥ ਵੈਸਟਰਨ ਰਹੇ ਹਨ | ਉਹ ਏਅਰ ਕਮਾਂਡ ਕੁਆਲੀਫ਼ਾਈਡ ਫ਼ਲਾਇੰਗ ਇੰਸਟਰਕਟਰ ਤੇ ਤਜਰਬੇਕਾਰ ਪਾਇਲਟ ਹਨ | ਵਾਈਸ ਏਅਰ ਮਾਰਸ਼ਲ ਦੀ ਤਰੱਕੀ ਤੋਂ ਬਾਅਦ ਉਨ੍ਹਾਂ ਬਤੌਰ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਫਲਾਈਟ ਟੈਸਟ ਸੈਂਟਰ, ਐਰੋਨਾਟੀਕਲ ਡਿਵੈਲਪਮੈਂਟ ਏਜੰਸੀ ਤੇ ਏਅਰ ਆਫ਼ੀਸਰ ਕਮਾਂਡਿੰਗ ਆਫ਼ 2 ਏਅਰ ਡਿਫੈਂਸ ਕੰਟਰੋਲ ਸੈਂਟਰ ਗਾਂਧੀਨਗਰ ਦੀ ਅਗਵਾਈ ਕੀਤੀ ਹੈ | ਏਅਰ ਮਾਰਸ਼ਲ ਬਣਨ ਤੋਂ ਬਾਅਦ ਉਨ੍ਹਾਂ ਨੂੰ  ਸੀਨੀਅਰ ਸਟਾਫ਼ ਆਫ਼ੀਸਰ ਆਫ਼ ਈਸਟਰਨ ਏਅਰ ਕਮਾਂਡ ਸੀਲੌਂਗ ਨਿਯੁਕਤ ਕੀਤਾ ਗਿਆ | ਉਨ੍ਹਾਂ ਵਾਈਸ ਚੀਫ਼ ਏਅਰ ਸਟਾਫ ਹੁੰਦੇ ਹੋਏ ਮਲਟੀਨੈਸ਼ਨਲ ਏਅਰ ਐਕਸਰਸਾਈਜ਼ ਤਰੰਗ ਸ਼ਕਤੀ ਮੌਕੇੇ ਮੋਹਰੀ ਭੂਮਿਕਾ ਨਿਭਾਈ ਸੀ |  ਚੀਨ ਨਾਲ ਸਰਹੱਦ 'ਤੇ ਤਣਾਅ ਸਮੇਂ ਅਰੁਣਾਚਲ ਦੇ ਨੇੜੇ ਭਾਰਤੀ ਸਰਹੱਦ 'ਤੇ ਤਾਇਨਾਤ ਭਾਰਤੀ ਹਵਾਈ ਜਹਾਜ਼ਾਂ ਦੀ ਅਗਵਾਈ ਅਮਰਪ੍ਰੀਤ ਸਿੰਘ ਨੇ ਕੀਤੀ ਸੀ | ਉਹ ਸ਼ਾਂਤੀ ਜਾਂ ਯੁੱਧ ਦੀ ਸਥਿਤੀ ਵਿਚ ਰਣਨੀਤੀ ਤਿਆਰ ਕਰਨ ਦੇ ਮਾਹਿਰ ਗਿਣੇ ਜਾਂਦੇ ਹਨ | 
ਅਮਰਪ੍ਰੀਤ ਸਿੰਘ ਨੇ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ 30 ਸਤੰਬਰ, 2024 ਨੂੰ  ਸੇਵਾਮੁਕਤੀ ਤੋਂ ਬਾਅਦ ਸੰਸਾਰ ਦੀ ਚੌਥੀ ਸਭ ਤੋਂ ਵੱਡੀ ਏਅਰ ਫ਼ੋਰਸ ਦੀ ਕਮਾਂਡ ਸੰਭਾਲੀ | ਉਨ੍ਹਾਂ ਦੀ ਇਸ ਸਨਮਾਨਿਤ ਅਹੁਦੇ 'ਤੇ ਨਿਯੁਕਤੀ ਪੰਜਾਬੀਆਂ/ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਸੀ | ਉਨ੍ਹਾਂ ਅਜਿਹੇ ਨਾਜ਼ੁਕ ਸਮੇਂ ਏਅਰ ਚੀਫ਼ ਮਾਰਸ਼ਲ ਦਾ ਅਹੁਦਾ ਸੰਭਾਲਿਆ, ਜਦੋਂ ਭਾਰਤੀ ਹਵਾਈ ਸੈਨਾ ਨੂੰ  ਸਮੇਂ ਦੀ ਲੋੜ ਅਨੁਸਾਰ  ਆਧੁਨਿਕੀਕਰਨ ਕਰਨ ਦੀ ਅਤਿਅੰਤ ਲੋੜ ਸੀ | ਜਦੋਂ ਐਲ.ਸੀ.ਏ, ਐਸ.ਕੇ-1ਏ ਟੈਸਟਿੰਗ ਪ੍ਰੋਗਰਾਮ ਵਿਚ ਦੇਰੀ ਹੋ ਗਈ ਤਾਂ ਹਵਾਈ ਸੈਨਾ ਨੂੰ  ਚਿੰਤਾ ਸੀ ਕਿ ਇਸ ਨਾਲ 'ਕੰਬੈਟ ਇਫੈਕਟਿਵਨੈਸ' ਲਈ ਖ਼ਤਰਾ ਹੋ ਸਕਦਾ ਹੈ | ਉਨ੍ਹਾਂ ਮੌਕੇ ਦੀ ਨਜ਼ਾਕਤ ਨੂੰ  ਸਮਝਦਿਆਂ ਪ੍ਰਭਾਵੀ ਕਦਮ ਉਠਾਏ, ਜੋ ਕਾਰਗਰ ਸਾਬਤ ਹੋਏ | ਉਨ੍ਹਾਂ ਦਾ ਜਨਮ 27 ਅਕਤੂਬਰ, 1964 ਨੂੰ  ਹੋਇਆ ਸੀ | ਉਨ੍ਹਾਂ ਆਪਣੀ ਮੁਢਲੀ ਪੜ੍ਹਾਈ ਐਸ.ਬੀ.ਐਮ. ਸਕੂਲ ਦਿੱਲੀ ਤੋਂ ਕੀਤੀ ਸੀ | ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹ ਏਅਰਫ਼ੋੋਰਸ ਦੀ ਫਾਈਟਰ ਪਾਇਲਟ ਸਟ੍ਰੀਮ 'ਚ ਭਰਤੀ ਹੋ ਗਏ ਸਨ |
ਇਸ ਤੋਂ ਬਾਅਦ ਉਨ੍ਹਾਂ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ, ਏਅਰ ਫ਼ੋਰਸ ਅਕੈਡਮੀ ਡੂੰਡੀਗਲ, ਡਿਫ਼ੈਸ ਸਰਵਿਸਜ਼ ਸਟਾਫ ਕਾਲਜ ਵਿਲੰਗਟਨ ਤੇ ਨੈਸ਼ਨਲ ਡਿਫੈਂਸ ਕਾਲਜ ਦਿੱਲੀ ਤੋਂ ਵੀ ਸਿੱਖਿਆ ਪ੍ਰਾਪਤ ਕੀਤੀ | ਉਨ੍ਹਾਂ ਦਾ ਵਿਆਹ ਸਰਿਤਾ ਸਿੰਘ ਨਾਲ ਹੋਇਆ, ਉਨ੍ਹਾਂ ਦਾ ਇਕ ਬੇਟਾ ਤੇ ਇਕ ਬੇਟੀ ਹੈ | ਉਨ੍ਹਾਂ ਵਲੋਂ ਦਿੱਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਦੇਸ਼ ਹਮੇਸ਼ਾ ਉਨ੍ਹਾਂ ਨੂੰ  ਯਾਦ ਰੱਖੇਗਾ |

-ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ : 94178 13072
ਈਮੇਲ :
ujagarsingh48@yahoo.com

ਪਿਛਲੀ ਖ਼ਬਰ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ-42 ਸਾਲ ਬਾਅਦ ਵੀ ਸਾਜਿਸ਼ ਬੇਨਕਾਬ ਨਾ ਹੋਈ ਅਗਲੀ ਖ਼ਬਰ ਅੱਜ ਵੀ ਪ੍ਰਸੰਗਿਕ ਹੈ ਸਰਦਾਰ ਪਟੇਲ ਦਾ ਦਿ੍ਸ਼ਟੀਕੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।