ਬਰਸੀ 'ਤੇ ਵਿਸ਼ੇਸ਼
ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ (24 ਜੂਨ, 1929–19 ਸਤੰਬਰ, 2014) ਇਕ ਦਿ੍ੜ੍ਹ ਇਰਾਦੇ ਵਾਲੇ ਭਾਰਤੀ ਸਿਆਸਤਦਾਨ ਸਨ | ਉਹ 1978 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵਜੋਂ ਲੋਕ ਸਭਾ ਲਈ ਚੁਣੇ ਗਏ, ਜੋ ਕਿ ਇਕ ਸਿੱਖ-ਕੇਂਦਰਿਤ ਖੇਤਰੀ ਰਾਜਨੀਤਕ ਪਾਰਟੀ ਸੀ | ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ 1978 ਤੇ 1988 'ਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਅਤੇ ਉਹ ਸਾਲ 2000 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ | ਉਹ 1967, 1969 ਤੇ 1972 ਵਿਚ ਤਿੰਨ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਅਤੇ ਜਸਟਿਸ ਗੁਰਨਾਮ ਸਿੰਘ ਮੰਤਰੀ ਮੰਡਲ 'ਚ ਵਿਕਾਸ ਅਤੇ ਪਸ਼ੂ ਪਾਲਣ ਮੰਤਰੀ, ਜਦਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚ ਜੇਲ੍ਹਾਂ, ਖੇਡਾਂ ਅਤੇ ਆਵਾਜਾਈ ਮੰਤਰੀ ਵਜੋਂ ਸ਼ਾਮਿਲ ਰਹੇ ਸਨ | ਉਨ੍ਹਾਂ ਨੇ 1980 ਤੋਂ 1986 ਤੱਕ ਰਾਜ ਸਭਾ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ |


ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਜਨਮ 24 ਜੂਨ, 1929 ਨੂੰ ਲਾਇਲਪੁਰ ਜ਼ਿਲ੍ਹੇ ਦੇ ਚੱਕ ਨੰਬਰ-52 (ਅੱਜ ਪਾਕਿਸਤਾਨ 'ਚ) ਵਿਖੇ ਹੋਇਆ ਸੀ | ਉਨ੍ਹਾਂ ਦੇ ਪਿਤਾ ਜਥੇਦਾਰ ਛਾਂਗਾ ਸਿੰਘ ਜ਼ਿਲ੍ਹਾ ਲਾਇਲਪੁਰ ਦੇ ਮੁੱਲਾਂਪੁਰ ਪਿੰਡ ਵਿਚ ਇਕ ਜ਼ਿਮੀਂਦਾਰ ਸਨ, ਜਿਨ੍ਹਾਂ ਦਾ ਪਰਿਵਾਰ ਦੇਸ਼ ਦੀ ਵੰਡ ਦੇ ਬਾਅਦ ਪਿੰਡ ਤਲਵੰਡੀ ਰਾਏ, ਤਹਿਸੀਲ ਰਾਏਕੋਟ (ਲੁਧਿਆਣਾ) ਵਿਖੇ ਆ ਵਸਿਆ | ਇੱਥੇ ਉਨ੍ਹਾਂ ਨੇ ਆਪਣੇ ਰਾਜਸੀ ਜੀਵਨ ਦੀ ਸ਼ੁਰੂਆਤ ਪਿੰਡ ਤਲਵੰਡੀ ਰਾਏ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਤੇ ਉਨ੍ਹਾਂ ਦਾ ਰਾਜਸੀ ਜੀਵਨ ਪੂਰੀਆਂ ਕੁਰਬਾਨੀਆਂ ਨਾਲ ਭਰਿਆ ਰਿਹਾ | ਉਹ ਸਾਲ 1955 ਤੋਂ 1965 ਤੱਕ ਲਗਾਤਾਰ 10 ਸਾਲ ਪਿੰਡ ਤਲਵੰਡੀ ਰਾਏ (ਨੇੜੇ ਰਾਏਕੋਟ) ਦੇ ਸਰਪੰਚ ਰਹੇ | ਉਨ੍ਹਾਂ ਦਾ ਗ੍ਰਹਿਸਥੀ ਜੀਵਨ ਬੀਬੀ ਮਹਿੰਦਰ ਕੌਰ ਨਾਲ ਸ਼ੁਰੂ ਹੋਇਆ ਤੇ ਉਨ੍ਹਾਂ ਦੇ ਘਰ 2 ਪੁੱਤਰ ਤੇ 2 ਧੀਆਂ ਨੇ ਜਨਮ ਲਿਆ | ਉਨ੍ਹਾਂ ਦਾ ਵੱਡਾ ਸਪੁੱਤਰ ਸਵ. ਰਣਜੀਤ ਸਿੰਘ ਤਲਵੰਡੀ ਇਕ ਧਾਕੜ ਸੀਨੀਅਰ ਅਕਾਲੀ ਆਗੂ ਸੀ, ਜੋ 2002 ਵਿਚ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਵਿਧਾਇਕ ਚੁਣੇ ਗਏ ਸਨ | ਉਨ੍ਹਾਂ ਦਾ ਛੋਟਾ ਸਪੁੱਤਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ | ਉਨ੍ਹਾਂ ਦੀ ਧੀ ਹਰਜੀਤ ਕੌਰ ਤਲਵੰਡੀ 2022 ਵਿਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮਹਿਲਾ ਵਿੰਗ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੀ ਹੈ |
ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਿਤਾ ਛਾਂਗਾ ਸਿੰਘ ਨੇ ਸਾਰੇ ਸਿੱਖ ਮੋਰਚਿਆਂ ਵਿਚ ਸਰਗਰਮੀ ਨਾਲ ਹਿੱਸਾ ਲਿਆ ਸੀ, ਜਿਨ੍ਹਾਂ ਵਿਚ ਗੁਰੂ ਕਾ ਬਾਗ, ਗੰਗਸਰ, ਜੈਤੋ, ਨਾਭਾ, ਨਨਕਾਣਾ ਸਾਹਿਬ ਅਤੇ ਡਸਕਾ ਸ਼ਾਮਿਲ ਸਨ, ਕਿਉਂਕਿ ਉਹ ਉਸ ਸਮੇਂ ਲਾਇਲਪੁਰ ਜ਼ਿਲ੍ਹਾ ਬੋਰਡ ਦੇ ਮੈਂਬਰ ਸਨ | ਜਥੇਦਾਰ ਜਗਦੇਵ ਸਿੰਘ ਤਲਵੰਡੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦੇ ਹਿੱਸੇ ਵਜੋਂ ਦਿੱਲੀ ਲਈ ਇਕ ਜਥਾ ਲੈ ਕੇ ਦਿੱਲੀ ਗਏ ਸਨ | ਉਥੇ ਉਨ੍ਹਾਂ ਨੂੰ 18 ਮਹੀਨਿਆਂ ਤੋਂ ਵੱਧ ਸਮੇਂ ਲਈ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਗਿਆ | ਸੰਤ ਹਰਚੰਦ ਸਿੰਘ ਲੌਂਗੋਵਾਲ ਵਲੋਂ ਕੀਤੀ ਗਈ ਅਪੀਲ 'ਤੇ ਫਿਰ ਇਨ੍ਹਾਂ ਨੂੰ ਰਿਹਾਅ ਕੀਤਾ ਗਿਆ | ਜਥੇਦਾਰ ਤਲਵੰਡੀ ਨੂੰ ਲੁਧਿਆਣਾ ਵਿਖੇ ਧਰਮ ਯੁੱਧ ਮੋਰਚੇ ਵਿਚ ਇਕ ਹਜ਼ਾਰ ਪੈਰੋਕਾਰਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਲੁਧਿਆਣਾ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਗਿਆ | 1984 ਵਿਚ ਆਪ੍ਰੇਸ਼ਨ ਬਲੂ ਸਟਾਰ ਹੋਇਆ ਤੇ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂਆਂ ਨੂੰ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਸੀ | 1987 ਤੱਕ ਪਾਰਟੀ ਲੀਡਰ ਰਹਿਤ ਸੀ, ਜਦਕਿ 1989 ਵਿਚ ਜਥੇਦਾਰ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ | ਨਵੰਬਰ 1989 ਵਿਚ ਖਾੜਕੂਆਂ ਦੁਆਰਾ ਉਨ੍ਹਾਂ 'ਤੇ ਪਿੰਡ ਨੇੜੇ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਜਥੇਦਾਰ ਤਲਵੰਡੀ ਦੇ ਵਫ਼ਾਦਾਰ ਸਮਰਥਕ ਹਰਜਿੰਦਰ ਸਿੰਘ ਜਿੰਦ, ਜੋ ਸ਼ੋ੍ਰਮਣੀ ਕਮੇਟੀ ਮੈਂਬਰ ਸਨ ਤੇ ਉਨ੍ਹਾਂ ਦਾ ਗੰਨਮੈਨ ਇਸ ਹਮਲੇ ਵਿਚ ਮਾਰੇ ਗਏ, ਜਦਕਿ ਜਥੇਦਾਰ ਤਲਵੰਡੀ ਤੇ ਉਨ੍ਹਾਂ ਦਾ ਨਿੱਜੀ ਸਹਾਇਕ ਉਜਾਗਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ | ਉਹ 2001 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ | ਉਨ੍ਹਾਂ ਨੇ ਆਪਣੇ ਸਮੁੱਚੇ ਜੀਵਨ ਦੌਰਾਨ 'ਪੰਥ ਵਸੈ ਮੈਂ ਉੱਜੜਾਂ' ਦੇ ਨਾਅਰੇ ਨੂੰ ਬੁਲੰਦ ਕੀਤਾ | ਜ਼ਿੰਦਗੀ ਦੇ ਆਖ਼ਰੀ ਸਮੇਂ ਵਿਚ ਉਨ੍ਹਾਂ ਨੂੰ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | 19 ਸਤੰਬਰ, 2014 ਨੂੰ ਉਹ ਸਭ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ | ਉਸ ਸਮੇਂ ਉਨ੍ਹਾਂ ਦੀ ਉਮਰ 85 ਸਾਲ ਸੀ |
ਉਨ੍ਹਾਂ ਦੀ 12ਵੀਂ ਬਰਸੀ 'ਤੇ ਅਖੰਡ ਪਾਠ ਦੇ ਭੋਗ ਮਿਤੀ 19 ਸਤੰਬਰ, 2026, ਦਿਨ ਸਨਿਚਰਵਾਰ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ (ਜ਼ਿਲ੍ਹਾ ਲੁਧਿਆਣਾ) ਵਿਖੇ ਦੁਪਹਿਰ 12 ਵਜੇ ਤੋਂ 1 ਵਜੇੇ ਦੇ ਦਰਮਿਆਨ ਪੈਣਗੇ | ਇਸ ਦੌਰਾਨ ਸਿੱਖ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ |
-ਪ੍ਰਤੀਨਿਧ ਰਾਏਕੋਟ |
ਮੋਬਾਈਲ : 98552-08507