16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਭਾਈਚਾਰਾ ਆਂਗਣਵਾੜੀ ਕੇਂਦਰਾਂ ਨੂੰ ਅਪਣਾਏ

ਭਾਈਚਾਰਾ ਆਂਗਣਵਾੜੀ ਕੇਂਦਰਾਂ ਨੂੰ ਅਪਣਾਏ

ਅਜੀਤ ਡੈਸਕ 16-09-2026

2047 ਦੇ ਭਾਰਤ ਦਾ ਨਿਰਮਾਣ ਉਹ ਬੱਚੇ ਕਰਨਗੇ, ਜਿਨ੍ਹਾਂ ਅਜੇ ਸਕੂਲ 'ਚ ਕਦਮ ਵੀ ਨਹੀਂ ਰੱਖਿਆ | ਇਕ ਸਿਹਤਮੰਦ, ਆਤਮ-ਵਿਸ਼ਵਾਸੀ ਤੇ ਸਮਰੱਥ ਬਾਲਗ ਬਣਨ ਦੀ ਉਨ੍ਹਾਂ ਦੀ ਇਹ ਯਾਤਰਾ ਜੀਵਨ ਦੇ ਪਹਿਲੇ 1,000 ਦਿਨਾਂ ਵਿਚ ਹੀ ਸ਼ੁਰੂ ਹੋ ਜਾਂਦੀ ਹੈ | ਕਰੋੜਾਂ ਭਾਰਤੀ ਬੱਚਿਆਂ ਤੇ ਉਨ੍ਹਾਂ ਦੀਆਂ ਮਾਵਾਂ ਲਈ ਇਸ ਯਾਤਰਾ ਦਾ ਸਭ ਤੋਂ ਵੱਡਾ ਸਹਾਰਾ ਉਨ੍ਹਾਂ ਦੇ ਗੁਆਂਢ 'ਚ ਜਾਣੀ-ਪਛਾਣੀ ਸੰਸਥਾ ਆਂਗਣਵਾੜੀ ਹੁੰਦੀ ਹੈ |  ਬੱਚਿਆਂ ਦਾ ਆਂਗਣਵਾੜੀ ਵਿਚ ਵਜ਼ਨ ਤੇ ਕੱਦ ਮਾਪਿਆ ਜਾਂਦਾ ਹੈ, ਉਨ੍ਹਾਂ ਨੂੰ  ਗਰਮ ਪੌਸ਼ਟਿਕ ਭੋਜਨ ਦਿੱਤਾ ਜਾਂਦਾ ਹੈ, ਇੱਥੇ ਹੀ ਗਰਭਵਤੀ ਔਰਤਾਂ ਨੂੰ  ਸਲਾਹ-ਮਸ਼ਵਰਾ ਦਿੱਤਾ ਜਾਂਦਾ ਹੈ | ਅੱਜ ਦੇਸ਼ ਵਿਚ 14 ਲੱਖ ਆਂਗਣਵਾੜੀ ਕੇਂਦਰ ਨਾਗਰਿਕਾਂ ਤੇ ਸਰਕਾਰ ਵਿਚਕਾਰ ਪਹਿਲੇ ਸੰਪਰਕ ਬਿੰਦੂ ਵਜੋਂ ਕੰਮ ਕਰ ਰਹੇ ਹਨ, ਜਿਨ੍ਹਾਂ ਨੇ 8.9 ਕਰੋੜ ਤੋਂ ਵੱਧ ਬੱਚਿਆਂ ਤੇ ਮਹਿਲਾਵਾਂ ਤੱਕ ਆਪਣੀ ਪਹੁੰਚ ਬਣਾਈ ਹੋਈ ਹੈ | ਇੱਥੇ 25.2 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸੇਵਾ ਕਰਦੀਆਂ ਹਨ | ਜਦੋਂ ਮਾਰਚ 2018 ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 'ਪੋਸ਼ਣ ਅਭਿਆਨ' ਦੀ ਸ਼ੁਰੂਆਤ ਕੀਤੀ, ਤਾਂ ਇਹ ਸੰਸਥਾ ਇਕ ਰਾਸ਼ਟਰੀ ਅੰਦੋਲਨ ਦੀ ਨੀਂਹ ਬਣ ਗਈ | 9 ਸਤੰਬਰ, 2026 ਨੂੰ  'ਹਮਾਰੀ ਆਂਗਣਵਾੜੀ, ਹਮਾਰੀ ਜ਼ਿੰਮੇਦਾਰੀ' ਥੀਮ ਦੇ ਨਾਲ 9ਵੇਂ 'ਰਾਸ਼ਟਰੀ ਪੋਸ਼ਣ ਮਹੀਨੇ' ਦੀ ਸ਼ੁਰੂਆਤ ਹੋ ਚੁੱਕੀ ਹੈ, ਗੁਣਵੱਤਾਪੂਰਨ ਸੇਵਾਵਾਂ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਰਕਾਰ ਦੀ ਹੈ | ਪਰ ਕੋਈ ਵੀ ਆਂਗਣਵਾੜੀ ਕੇਂਦਰ ਸਹੀ ਅਰਥਾਂ 'ਚ ਤਾਂ ਹੀ ਸਮਰੱਥ ਬਣਦਾ ਹੈ, ਜਦੋਂ ਭਾਈਚਾਰਾ ਉਸ ਨੂੰ  ਆਪਣਾ ਸਵੀਕਾਰ ਕਰਨ ਲੱਗਦਾ ਹੈ |
ਲਾਭਪਾਤਰੀ ਤੋਂ ਭਾਗੀਦਾਰ ਤੱਕ-ਭਾਈਚਾਰੇ ਦੀ ਮਲਕੀਅਤ ਅਕਸਰ ਇਕ ਅਪੀਲ ਬਣ ਕੇ ਰਹਿ ਜਾਂਦੀ ਸੀ, ਪਰ ਇਸ ਸਾਲ ਇਸ ਨੂੰ  ਇਕ ਸੰਸਥਾਗਤ ਰੂਪ ਦਿੱਤਾ ਗਿਆ ਹੈ | ਆਂਗਣਵਾੜੀ ਪ੍ਰਬੰਧਨ ਕਮੇਟੀਆਂ ਮਾਤਾ-ਪਿਤਾ, ਪੰਚਾਇਤੀ ਨੁਮਾਇੰਦਿਆਂ ਤੇ ਸਵੈ-ਸਹਾਇਤਾ ਸਮੂਹਾਂ ਨੂੰ  ਕੇਂਦਰ ਨਾਲ ਜੋੜਦੀਆਂ ਹਨ, ਤਾਂ ਜੋ ਹਰ ਯੋਗ ਬੱਚੇ ਤੱਕ ਇਸ ਦਾ ਲਾਭ ਪਹੁੰਚ ਸਕੇ | ਸੋਸ਼ਲ ਆਡਿਟ ਰਾਹੀਂ ਭਾਈਚਾਰਾ ਸੇਵਾਵਾਂ ਦੀ ਸਮੀਖਿਆ ਤੋਂ ਬਾਅਦ ਅਧਿਕਾਰਾਂ ਦੀ ਪੁਸ਼ਟੀ ਕਰਕੇ ਆਪਣੇ ਸਿੱਟੇ ਦਰਜ ਕਰਦਾ ਹੈ | ਇਸ ਤਰ੍ਹਾਂ ਜਵਾਬਦੇਹੀ ਉਨ੍ਹਾਂ ਪਰਿਵਾਰਾਂ ਦੀ ਅੰਦਰੂਨੀ ਨਿਗਰਾਨੀ ਵਿਚ ਬਦਲ ਜਾਂਦੀ ਹੈ, ਜੋ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਰਹੇ ਹਨ | ਪੂਰਕ ਪੋਸ਼ਣ ਪ੍ਰੋਗਰਾਮ ਦਾ ਮੇਨੂ ਬੋਰਡ ਗਰਮ ਬਣੇ ਹੋਏ ਭੋਜਨ ਤੇ 'ਟੇਕ-ਹੋਮ ਰਾਸ਼ਨ' ਦੇ ਰੋਜ਼ਾਨਾ ਵੇਰਵਿਆਂ ਨੂੰ  ਦਰਸਾਉਂਦਾ ਹੈ | ਇਸ ਪੂਰੀ ਪ੍ਰਕਿਰਿਆ ਦੇ ਕੇਂਦਰ ਵਿਚ ਮਾਵਾਂ ਹੋਣ ਕਰਕੇ ਉਨ੍ਹਾਂ ਨੂੰ  ਆਪਣੇ ਬੱਚੇ ਦੇ ਅਧਿਕਾਰ ਬਾਰੇ ਪਤਾ ਹੁੰਦਾ ਹੈ ਤੇ ਪੂਰਾ  ਭਾਈਚਾਰਾ ਇਕ ਜਾਗਰੂਕ ਭਾਗੀਦਾਰ ਬਣ ਜਾਂਦਾ ਹੈ | 

ਖਾਣੇ ਦਾ ਵੇਰਵਾ—ਆਂਗਣਵਾੜੀ ਕੇਂਦਰਾਂ ਵਿਚ ਸੰਤੁਲਿਤ ਭੋਜਨ ਦਿੱਤਾ ਜਾਂਦਾ ਹੈ, ਜਿਸ ਵਿਚ ਦਾਲਾਂ, ਮੇਵੇ ਤੇ ਬੀਜ, ਦੁੱਧ ਤੇ ਦੁੱਧ ਦੇ ਉਤਪਾਦ, ਅੰਡੇ, ਮੌਸਮੀ ਫਲ ਤੇ ਹਰੀਆਂ ਸਬਜ਼ੀਆਂ ਲਾਜ਼ਮੀ ਤੌਰ 'ਤੇ ਸ਼ਾਮਿਲ ਹੁੰਦੀਆਂ  ਹਨ | ਜੁਲਾਈ ਵਿਚ ਜਾਰੀ 'ਪੂਰਕ ਪੋਸ਼ਣ ਪ੍ਰੋਗਰਾਮ ਲਈ ਵਿਆਪਕ ਦਿਸ਼ਾ-ਨਿਰਦੇਸ਼ 2026' ਵਿਚ ਗਰਮ ਬਣੇ ਹੋਏ ਭੋਜਨ ਨੂੰ  ਸਪਸ਼ੱਟ ਰੂਪ ਵਿਚ ਪਰਿਭਾਸ਼ਿਤ ਕਰਕੇ ਉਸ ਵਿਚ ਸੂਖਮ ਪੋਸ਼ਕ ਤੱਤਾਂ ਦੇ ਮਾਪਦੰਡਾਂ ਨੂੰ  ਮਜ਼ਬੂਤ ਕੀਤਾ ਗਿਆ ਹੈ | ਦੂਜਾ ਪਹਿਲੂ ਬਚਪਨ ਦੀ ਸਿੱਖਿਆ ਹੈ | ਬੱਚਾ ਕੀ ਖਾਂਦਾ ਤੇ ਕੀ ਸਿੱਖਦਾ ਹੈ, ਇਹ ਦੋਵੇਂ ਆਪਸ ਵਿਚ ਡੂੰਘੇ ਜੁੜੇ ਹੋਏ ਹਨ | ਆਂਗਣਵਾੜੀ ਵਰਕਰਾਂ ਬੱਚੇ ਦੇ ਸ਼ੁਰੂਆਤੀ ਤਿੰਨ ਸਾਲਾਂ ਵਿਚ 34 ਵਿਕਾਸਾਤਮਕ ਪੜਾਵਾਂ 'ਤੇ ਨਜ਼ਰ ਰੱਖਦੀਆਂ ਹਨ | ਤੀਜਾ ਪਹਿਲੂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ, ਜਦੋਂ ਗਰਭ ਅਵਸਥਾ ਦੌਰਾਨ ਮਾਂ ਦਾ ਪੋਸ਼ਣ ਬੱਚੇ ਦੇ ਜੀਵਨ ਦੀ ਸ਼ੁਰੂਆਤ ਤੈਅ ਕਰਦਾ ਹੈ | ਇਹ ਪੋਸ਼ਣ ਮਹੀਨਾ 'ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ' ਦੇ 10 ਸਾਲ ਪੂਰੇ ਹੋਣ ਦਾ ਵੀ ਪ੍ਰਤੀਕ ਹੈ, ਇਕ ਦਹਾਕੇ ਦੌਰਾਨ 4.65 ਕਰੋੜ ਲਾਭਪਾਤਰੀਆਂ ਦੇ ਖਾਤਿਆਂ ਵਿਚ ਸਿੱਧੇ 21,511 ਕਰੋੜ ਰੁਪਏ ਪਾਏ ਗਏ ਹਨ | 'ਮਿਸ਼ਨ ਸ਼ਕਤੀ' ਦੇ ਤਹਿਤ ਇਸ ਨੂੰ  ਹੋਰ ਮਜ਼ਬੂਤ ਕਰਦਿਆਂ ਦੂਜੀ ਸੰਤਾਨ ਧੀ ਹੋਣ 'ਤੇ ਵਾਧੂ ਲਾਭ ਪ੍ਰਦਾਨ ਕੀਤੇ ਜਾਂਦੇ ਹਨ |
ਰਾਜਸਥਾਨ ਦੇ 'ਕੈਸ਼ ਪਲੱਸ' ਮਾਡਲ ਦੀ ਸਮੀਖਿਆ, ਜਿਸ ਵਿਚ ਇਸ ਵਿੱਤੀ ਸਹਾਇਤਾ ਨੂੰ  ਨਿਰੰਤਰ ਵਿਵਹਾਰ ਪਰਿਵਰਤਨ ਸੰਚਾਰ ਨਾਲ ਜੋੜਿਆ ਗਿਆ ਸੀ | ਇਹ ਦਰਸਾਉਂਦੀ ਹੈ ਕਿ ਇਸ ਲਾਭ ਨੂੰ  ਭੋਜਨ ਤੇ ਖ਼ਰਚ ਕਰਨ ਵਾਲੀਆਂ ਮਹਿਲਾਵਾਂ ਦਾ ਅਨੁਪਾਤ 30 ਫ਼ੀਸਦੀ ਤੋਂ ਵਧ ਕੇ 89 ਫ਼ੀਸਦੀ ਹੋ ਗਿਆ | 
ਕੇਂਦਰ ਵਿਚ ਮੌਜੂਦ ਨਾਰੀ ਸ਼ਕਤੀ ਦਾ ਸਤਿਕਾਰ-ਇਸ ਪੂਰੇ ਤੰਤਰ ਦੇ ਕੇਂਦਰ ਵਿਚ ਆਂਗਣਵਾੜੀ ਵਰਕਰਾਂ ਖੜ੍ਹੀਆਂ ਹਨ | ਭਾਈਚਾਰਕ ਮਲਕੀਅਤ ਦਾ ਅਰਥ ਇਹ ਨਹੀਂ ਹੈ ਕਿ ਪੋਸ਼ਣ ਤੇ ਸ਼ੁਰੂਆਤੀ ਬਚਪਨ ਦੀ ਦੇਖਭਾਲ ਦਾ ਸਾਰਾ ਭਾਰ ਇਨ੍ਹਾਂ 'ਤੇ ਹੀ ਪਾ ਦਿੱਤਾ ਜਾਵੇ | ਇਸ ਦਾ ਅਸਲ ਅਰਥ ਉਨ੍ਹਾਂ ਦੇ ਸਹਿਯੋਗ, ਅਨੁਭਵ ਤੇ ਉਨ੍ਹਾਂ 'ਤੇ ਬਣਿਆ ਵਿਸ਼ਵਾਸ ਅਮੁੱਲ ਹੈ | ਇਸ ਸਤੰਬਰ ਮੇਰੀ ਹਰੇਕ ਨਾਗਰਿਕ ਨੂੰ  ਅਪੀਲ ਹੈ ਕਿ ਉਹ ਆਪਣੇ ਇਲਾਕੇ ਦੇ ਘੱਟੋ-ਘੱਟ ਇਕ ਆਂਗਣਵਾੜੀ ਕੇਂਦਰ ਦਾ ਦੌਰਾ ਕਰਕੇ ਆਂਗਣਵਾੜੀ ਵਰਕਰਾਂ ਨਾਲ ਗੱਲ ਕਰਕੇ ਉਨ੍ਹਾਂ ਤੋਂ  ਪੁੱਛਣ ਕਿ ਤੁਸੀਂ ਕਿਸ ਤਰ੍ਹਾਂ ਉਨ੍ਹਾਂ ਨਾਲ ਸਹਿਯੋਗ ਕਰ ਸਕਦੇ ਹੋ |
ਪਿਤਾਵਾਂ, ਦਾਦਾ-ਦਾਦੀ/ਨਾਨਾ-ਨਾਨੀ, ਪੰਚਾਇਤਾਂ ਤੇ ਸਵੈ-ਸਹਾਇਤਾ ਸਮੂਹਾਂ ਸਭ ਦੀ ਇਸ ਵਿਚ ਮਹੱਤਵਪੂਰਨ ਭੂਮਿਕਾ ਹੈ | ਹੁਣ ਸਾਡੇ ਆਂਗਣਵਾੜੀ ਕੇਂਦਰਾਂ ਵਿਚ ਜਿਨ੍ਹਾਂ ਬੱਚਿਆਂ ਦਾ ਵਜ਼ਨ ਮਾਪਿਆ ਜਾ ਰਿਹਾ ਹੈ, ਜਦੋਂ ਉਹ ਆਪਣੇ ਜੀਵਨ ਦੇ ਤੀਜੇ ਦਹਾਕੇ ਵਿਚ ਹੋਣਗੇ ਤਾਂ ਭਾਰਤ ਆਪਣੀ ਆਜ਼ਾਦੀ ਦੇ ਸੌ ਸਾਲ ਪੂਰੇ ਕਰੇਗਾ | ਜਦੋਂ ਹਰੇਕ ਭਾਈਚਾਰਾ ਆਪਣੀ ਆਂਗਣਵਾੜੀ ਦੀ ਜ਼ਿੰਮੇਵਾਰੀ ਲਵੇਗਾ, ਤਾਂ ਹੀ ਭਾਰਤ ਆਪਣੇ ਹਰ ਬੱਚੇ ਦੇ ਭਵਿੱਖ ਦੀ ਜ਼ਿੰਮੇਵਾਰੀ ਯਕੀਨੀ ਬਣਾ ਸਕੇਗਾ |

-(ਲੇਖਕ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਹਨ |)

ਪਿਛਲੀ ਖ਼ਬਰ ਪੂਰੀ ਤਰ੍ਹਾਂ ਸੁਰੱਖਿਅਤ ਹੈ ਭਾਖੜਾ ਡੈਮ ਅਗਲੀ ਖ਼ਬਰ ਜਦੋਂ ਇਮਤਿਹਾਨ ਜਾਨ ਲੈਣ ਲੱਗ ਪੈਣ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।