01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਹੁਣ ਨਿਯਮਾਂ ਦੀ ਉਲੰਘਣਾ 'ਤੇ ਰੱਦ ਹੋਵੇਗਾ ਲਾਇਸੰਸ

ਅਜੀਤ ਡੈਸਕ 13-04-2026

ਭਾਰਤ ਵਿਚ ਹਰ ਸਾਲ ਸੜਕ ਹਾਦਸਿਆਂ 'ਚ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਜਾਨਾਂ ਗੁਆ ਦਿੰਦੇ ਹਨ। ਸਰਕਾਰਾਂ ਦਾ ਮੰਨਣਾ ਹੈ ਕਿ ਸਿਰਫ਼ ਜੁਰਮਾਨੇ ਇਕੱਠੇ ਕਰਨਾ ਕਾਫ਼ੀ ਨਹੀਂ, ਕਿਉਂਕਿ ਬਹੁਤ ਸਾਰੇ ਲੋਕ ਭੁਗਤਾਨ ਕਰਦੇ ਹਨ ਤੇ ਫਿਰ ਉਹੀ ਗਲਤੀ ਦੁਹਰਾਉਂਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਹੈ ਆਵਾਜਾਈ ਨਿਯਮਾਂ ਨੂੰ ਸਖ਼ਤ ਕੀਤਾ ਜਾਵੇ। ਸਰਕਾਰ ਵਲੋਂ ਇਨ੍ਹਾਂ ਨਿਯਮਾਂ ਨਾਲ ਲਾਇਸੈਂਸ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਡਰਾਈਵਿੰਗ ਕਰਦੇ ਸਮੇਂ ਹਰ ਡਰਾਈਵਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲਵੇ। ਸੜਕਾਂ 'ਤੇ ਵਾਹਨ ਚਲਾਉਂਦੇ ਸਮੇਂ ਹੁਣ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇ ਤੁਸੀਂ ਅਜੇ ਵੀ ਗੱਡੀ ਚਲਾਉਣਾ ਸਿਰਫ਼ ਇਕ ਆਮ ਗੱਲ ਸਮਝਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿ ਨਵੇਂ ਨਿਯਮਾਂ ਦੀ ਤਹਾਨੂੰ ਜਾਣਕਾਰੀ ਹੋਵੇ। ਇਹ ਨਵੇਂ ਨਿਯਮ 1 ਜਨਵਰੀ 2026 ਤੋਂ ਲਾਗੂ ਹੋ ਚੁੱਕੇ ਹਨ। ਨਵੇਂ ਮੋਟਰ ਵਾਹਨ ਨਿਯਮਾਂ ਅਨੁਸਾਰ ਹੁਣ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਦਾ ਡਰਾਈਵਿੰਗ ਲਾਇਸੈਂਸ ਸਿੱਧੇ ਤੌਰ 'ਤੇ ਰੱਦ ਹੋ ਸਕਦਾ ਹੈ। ਸਰਕਾਰ ਨੇ 'ਪੰਜ ਉਲੰਘਣਵਾ' ਨੀਤੀ ਲਾਗੂ ਕੀਤੀ ਹੈ। ਇਸ ਦਾ ਮਤਲਬ ਇਹ ਹੈ ਕਿ ਜੇ ਕੋਈ ਡਰਾਈਵਰ ਪਹਿਲੀ ਜਨਵਰੀ ਤੋਂ 31 ਦਸੰਬਰ ਤੱਕ ਪੰਜ ਜਾਂ ਵੱਧ ਵਾਰ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦਾ ਡਰਾਈਵਿੰਗ ਲਾਈਸੈਂਸ ਮੁਅੱਤਲ ਜਾਂ ਰੱਦ ਕੀਤਾ ਜਾ ਸਕਦਾ ਹੈ। ਅੰਤਿਮ ਫ਼ੈਸਲਾ ਸੰਬੰਧਿਤ ਆਰ.ਟੀ.ਓ. ਜਾਂ ਡੀ.ਟੀ.ਓ. ਦੁਆਰਾ ਲਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਹੁਣ ਹਰ ਗਲਤੀ ਦਾ ਹਿਸਾਬ ਲਿਆ ਜਾਵੇਗਾ ਤੇ ਕਿਸੇ ਕਿਸਮ ਦਾ ਕੋਈ ਵੀ ਬਹਾਨਾ ਨਹੀਂ ਚੱਲੇਗਾ। ਇਹ ਨਾ ਮੰਨੋ ਕਿ ਸੜਕੀ ਨਿਯਮਾਂ ਵਿਚ ਸਿਰਫ਼ ਗੰਭੀਰ ਹਾਦਸੇ ਹੀ ਗਿਣੇ ਜਾਣਗੇ, ਸਗੋਂ ਆਮ ਰੋਜ਼ਾਨਾ ਦੀਆਂ ਗਲਤੀਆਂ ਵੀ ਤੁਹਾਡੀ ਪੰਜ ਗਿਣਤੀ ਵਿਚ ਗਿਣੀਆ ਜਾਣਗੀਆਂ। ਤੇਜ਼ ਰਫ਼ਤਾਰ, ਹੈਲਮਟ ਜਾਂ ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣਾ, ਲਾਲ ਬੱਤੀ ਦੀ ਉਲੰਘਣਾ, ਗਲਤ ਪਾਰਕਿੰਗ ਤੇ ਓਵਰਲੋਡਿੰਗ ਜਾਂ ਲਾਪ੍ਰਵਾਹੀ ਨਾਲ ਗੱਡੀ ਚਲਾਉਣਾ, ਇਹ ਸਾਰੀਆਂ ਉਲੰਘਣਾਵਾਂ ਦਰਜ ਕੀਤੀਆਂ ਜਾਣਗੀਆਂ। ਤੁਹਾਡੇ ਨਾਂਅ ਦੇ ਪੰਜ ਮਾਮਲੇ ਤੁਹਾਡੇ ਲਾਇਸੈਂਸ ਨੂੰ ਖ਼ਤਰੇ 'ਚ ਪਾ ਸਕਦੇ ਹਨ।
ਈ-ਚਲਾਨ ਸਿਸਟਮ ਹੁਣ ਪੂਰੀ ਤਰ੍ਹਾਂ ਡਿਜੀਟਲ ਅਤੇ ਏਕੀਕ੍ਰਿਤ ਹੈ। ਤੁਹਾਡੇ ਵਾਹਨ, ਆਧਾਰ ਤੇ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਜਾਣਕਾਰੀ ਇਕ ਥਾਂ 'ਤੇ ਦਰਜ ਹੈ। ਇਸ ਦਾ ਮਤਲਬ ਹੈ ਕਿ ਕਿਸੇ ਹੋਰ ਸ਼ਹਿਰ ਵਿਚ ਕੀਤੀ ਉਲੰਘਣਾ ਵੀ ਤੁਹਾਡੇ ਰਿਕਾਰਡ ਵਿਚ ਸ਼ਾਮਿਲ ਕੀਤੀ ਜਾਵੇਗੀ।
ਇਹ ਕਿਸੇ ਹੋਰ ਸ਼ਹਿਰ ਦਾ ਚਲਾਨ ਹੈ, ਕਹਿ ਕੇ ਬਚਣ ਦਾ ਰਸਤਾ ਹੁਣ ਬੰਦ ਹੋ ਗਿਆ ਹੈ। ਹੁਣ ਇਹ ਜ਼ਰੂਰੀ ਹੈ ਕਿ ਸਮੇਂ-ਸਮੇਂ 'ਤੇ ਆਪਣੇ ਲਾਇਸੈਂਸ ਨਾਲ ਜੁੜੇ ਚਲਾਨਾਂ ਦੀ ਜਾਂਚ ਕੀਤੀ ਜਾਵੇ। ਤੁਸੀਂ ਇਸ ਲਈ ਪਰਿਵਾਹਨ ਪੋਰਟਲ ਜਾਂ ਅਧਿਕਾਰਤ ਐਪ ਦੀ ਵਰਤੋਂ ਕਰ ਸਕਦੇ ਹੋ। ਜੇ ਤੁਹਾਡਾ ਕੋਈ ਚਲਾਨ ਬਕਾਇਆ ਹੈ ਤਾਂ ਇਸ ਨੂੰ 45 ਦਿਨਾਂ ਦੇ ਅੰਦਰ ਅਦਾ ਕਰ ਦਿੱਤਾ ਜਾਵੇ, ਕਿਉਂਕਿ ਇਕ ਲੰਬਾ ਚਲਾਨ ਹੋਰ ਸਰਕਾਰੀ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਵੇਂ ਕਿ ਆਰ.ਸੀ. ਟਰਾਂਸਫਰ ਜਾਂ ਪਤਾ ਬਦਲਣਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹੈਲਮਟ ਤੇ ਸੀਟ ਬੈਲਟ ਹੁਣ ਸਿਰਫ਼ ਚਲਾਨ ਤੋਂ ਬਚਣ ਦਾ ਤਰੀਕਾ ਨਹੀਂ ਰਹੇ, ਸਗੋਂ ਲਾਇਸੈਂਸ ਤੇ ਜਾਨਾਂ ਦੋਵਾਂ ਨੂੰ ਬਚਾਉਣ ਦਾ ਇਕ ਸਾਧਨ ਹਨ। ਡਰਾਈਵਿੰਗ ਨਿਯਮਾਂ ਸੰਬੰਧੀ ਇਹ ਨਵੀਂ ਜਾਣਕਾਰੀ ਤੁਹਾਡੇ ਲਈ ਗੁਣਕਾਰੀ ਸਾਬਤ ਹੋ ਸਕਦੀ ਹੈ। ਆਓ ਅਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਆਤ ਜ਼ਿੰਦਗੀ ਜਿਊਣ ਦਾ ਅਭਿਆਸ ਕਰੀਏ।

-ਪਿੰਡ ਤੇ ਡਾਕ-ਕੋਟਲੀ ਖ਼ਾਸ,
ਤਹਿਸੀਲ-ਮੁਕੇਰੀਆਂ, ਹੁਸ਼ਿਆਰਪੁਰ।
ਮੋਬਾਈਲ : 94653-69343

ਪਿਛਲੀ ਖ਼ਬਰ 13-04-26 ਅਗਲੀ ਖ਼ਬਰ ਵੋਟਰ ਸੂਚੀਆਂ ਦੀ ਸੁਧਾਈ ਨੇ ਬਦਲਿਆ ਪੱਛਮੀ ਬੰਗਾਲ ਦਾ ਸਿਆਸੀ ਗਣਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।