![]()
ਛਿਲਕਿਆਂ ਦਾ ਉਪਯੋਗ ਕਈ ਬਿਮਾਰੀਆਂ ਵਿਚ ਦਵਾਈਆਂ ਦੇ ਰੂਪ 'ਚ, ਸਰੀਰਕ ਸੁੰਦਰਤਾ ਦੀ ਰੱਖਿਆ ਲਈ, ਸਿਹਤ ਦੀ ਸੁਰੱਖਿਆ ਲਈ, ਸਵਾਦੀ ਖਾਣ ਵਾਲੀ ਸਮੱਗਰੀ ਤਿਆਰ ਕਰਨ ਲਈ, ਰਸੋਈ, ਕੱਪੜੇ ਆਦਿ ਦੇ ਰੱਖ ਰਖਾਅ 'ਚ ਕੀਤਾ ਜਾ ਸਕਦਾ ਹੈ | ਆਉ ਰੱਦੀ ਸਮਝ ਕੇ ਸੁੱਟੇ ਜਾਣ ਵਾਲੇ ਕੁਝ ਫਲ਼ਾਂ ਅਤੇ ਸ਼ਬਜ਼ੀਆਂ ਦੇ ਗੁਣਾਂ ਦਾ ਨੂੰ ਜਾਣਨ ਦੀ ਕੋਸ਼ਿਸ਼ ਕਰੀਏ |
ਫਲ਼ਾਂ ਦੇ ਛਿਲਕੇ : ਫਲ਼ਾਂ ਦਾ ਗੁੱਦਾ ਅਤੇ ਰਸ ਪੋਸ਼ਟਿਕ, ਗੁਣਕਾਰੀ ਅਤੇ ਸਿਹਤ ਦੇ ਲਈ ਲਾਭਕਾਰੀ ਹੁੰਦਾ ਹੈ | ਪਰ ਛਿਲਕੇ ਵੀ ਘੱਟ ਉਪਯੋਗੀ ਨਹੀਂ ਹੁੰੰਦੇ | ਬਹੁ-ਉਪਯੋਗੀ ਛਿਲਕਿਆਂ ਵਾਲੇ ਪ੍ਰਮੁੱਖ ਫਲ਼ -ਨਿੰਬੂ, ਸੰਤਰਾ, ਖਰਬੂਜ਼ਾ, ਖੀਰਾ, ਤਰ, ਪਪੀਤਾ, ਅਨਾਰ, ਕੇਲਾ ਆਦਿ ਹਨ |
ਨਿੰਬੂ ਦੇ ਛਿਲਕੇ ਦੇ ਗੁਣ : ਨਿੰਬੂ ਬਹੁਤ ਜ਼ਿਆਦਾ ਗੁਣਕਾਰੀ ਅਤੇ ਸਿਹਤ ਵਧਾਉਣ ਵਾਲਾ ਫ਼ਲ ਹੈ | ਇਸ ਦਾ ਫ਼ਲ ਜਿੰਨਾ ਉਪਯੋਗੀ ਹੈ, ਓਨਾ ਹੀ ਰਸ ਨਿਚੋੜਨ ਤੋਂ ਬਾਅਦ ਬਚਿਆ ਹੋਇਆ ਛਿਲਕਾ ਵੀ ਹੁੰਦਾ ਹੈ | ਇਸ ਛਿਲਕੇ ਨੂੰ ਹੇਠ ਲਿਖੇ ਅਨੁਸਾਰ ਵਰਤ ਸਕਦੇ ਹਾਂ:-
ਸੁੰਦਰਤਾ ਦੀ ਦੇਖਭਾਲ : ਨਿਚੋੜੇ ਹੋਏ ਨਿੰਬੂ ਦੇ ਛਿਲਕੇ ਨੂੰ ਚਿਹਰੇ ਤੇ ਹੱਥਾਂ-ਬਾਹਾਂ 'ਤੇ ਰਗੜਨ ਨਾਲ ਚਮੜੀ ਦੀ ਚਿਕਨਾਈ ਘੱਟ ਹੁੰਦੀ ਹੈ |
ਚਮੜੀ ਦਾ ਰੰਗ ਨਿਖਰਦਾ ਹੈ ਅਤੇ ਨਹੁੰਆਂ ਵਿਚ ਚਮਕ ਆਉਂਦੀ ਹੈ |
ਨਿੰਬੂ ਦੇ ਛਿਲਕਿਆਂ ਨੂੰ ਕੂਹਣੀਆਂ ਅਤੇ ਗਿਟਿਆਂ ਤੇ ਰਗੜਣ ਨਾਲ ਇਸ ਜਗ੍ਹਾਂ ਦੀ ਚਮੜੀ ਦਾ ਕਾਲਾਪਣ ਘਟਦਾ ਹੈ, ਨਾਲ ਹੀ ਉਨ੍ਹਾਂ ਦਾ ਖੁਰਦਰਾਪਨ ਵੀ ਘਟਦਾ ਹੈ ਜਿਸ ਨਾਲ ਚਮੜੀ ਕੋਮਲ ਹੁੰਦੀ ਹੈ |
ਨਿੰਬੂ ਦੇ ਸੁੱਕੇ ਹੋਏ ਛਿਲਕਿਆਂ ਨੂੰ ਪੀਹ ਕੇ ਗੁਲਾਬ ਜਲ ਜਾਂ ਦੁੱਧ 'ਚ ਮਿਲਾ ਕੇ ਲੇਪ ਕਰਨ ਨਾਲ ਚਮੜੀ ਦੀ ਚਿਕਨਾਈ ਘੱਟ ਹੁੰਦੀ ਹੈ ਅਤੇ ਚਮੜੀ ਦੀ ਰੌਣਕ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ |
ਸਿਹਤ ਦੀ ਰੱਖਿਆ ਲਈ : ਨਿੰਬੂ ਦੇ ਛਿਲਕੇ 'ਤੇ ਨਮਕ ਲਗਾ ਕੇ ਦੰਦ ਸਾਫ ਕਰਨ ਨਾਲ ਮੂੰਹ 'ਚੋਂ ਦੁਰਗੰਧ ਦੂਰ ਹੁੰਦੀ ਹੈ ਅਤੇ ਦੰਦ ਵੀ ਮਜ਼ਬੂਤ ਹੁੰਦੇ ਹਨ |
ਨਿੰਬੂ ਦੇ ਛਿਲਕੇ ਸੁਕਾਉਣ ਤੋਂ ਬਾਅਦ ਜਲਾ ਕੇ ਬਣੀ ਸੁਆਹ 'ਚ ਸੇਂਧਾਂ ਲੂਣ ਅਤੇ ਕਪੂਰ ਮਿਲਾ ਕੇ ਗੁਣਕਾਰੀ ਅਤੇ ਸਸਤਾ ਦੰਦਾਂ ਲਈ ਪੇਸਟ ਬਣਦਾ ਹੈ, ਜੋ ਮੂੰਹ ਨੂੰ ਸਾਫ ਰੱਖਣ ਦੇ ਨਾਲ-ਨਾਲ ਦੰਦਾਂ ਦੇ ਪਾਇਰੀਆ ਰੋਗ ਨੂੰ ਵੀ ਖ਼ਤਮ ਕਰਦਾ ਹੈ | ਇਸ ਮੰਜਨ ਨਾਲ ਦੰਦ ਅਤੇ ਮਸੂੜਿਆਂ ਵਿਚ ਮਜ਼ਬੂਤੀ ਆਉਂਦੀ ਹੈ ਅਤੇ ਇਹ ਚਮਕੀਲੇ ਹੋ ਜਾਂਦੇ ਹਨ |
ਸਿਰਦਰਦ ਵਿਚ ਨਿੰਬੂ ਦੇ ਛਿਲਕਿਆਂ ਨੂੰ ਪੀਹ ਕੇ ਲੇਪ ਕਰਨ ਨਾਲ ਸਿਰਦਰਦ ਖਤਮ ਹੋ ਜਾਂਦਾ ਹੈ |
ਖਾਣ ਵਾਲੀ ਸਮੱਗਰੀ ਦੇ ਰੂਪ 'ਚ : ਨਿੰਬੂ ਦੇ ਛਿਲਕੇ ਨੂੰ ਨਮਕ ਨਾਲ ਮਿਲਾ ਕੇ ਚੌੜੇ ਮੂੰਹ ਦੇ ਮਰਤਬਾਨ 'ਚ ਢੱਕ ਕੇ ਰੱਖਣ ਤੋਂ ਕੁਝ ਦਿਨ ਬਾਅਦ ਛਿਲਕੇ ਗਲ ਜਾਂਦੇ ਹਨ ਜਿਸ 'ਚ ਹਿੰਗ, ਲਾਲ ਮਿਰਚ, ਸ਼ੱਕਰ ਆਦਿ ਮਸਾਲੇ ਪਾ ਕੇ ਸਵਾਦਿਸ਼ਟ ਚਟਪਟੇ ਅਚਾਰ ਦਾ ਆਨੰਦ ਲੈ ਸਕਦੇ ਹੋ |
ਘਰੇਲੂ ਰੱਖ ਰਖਾਅ 'ਚ : ਨਿੰਬੂ ਦੇ ਛਿਲਕੇ ਨੂੰ ਥੋੜਾ ਨਮਕ ਮਿਲਾ ਕੇ ਉਸ 'ਚ ਪਿੱਤਲ ਦੇ ਬਰਤਨ ਆਦਿ ਸਾਫ ਕਰਨ 'ਤੇ ਉਸਦੀ ਪੁਰਾਣੀ ਚਮਕ ਵਾਪਸ ਆ ਜਾਂਦੀ ਹੈ | ਫਿਰ ਇਹ ਬਿਲਕੁਲ ਨਵੇਂ ਲੱਗਦੇ ਹਨ |
ਕੱਪੜਿਆਂ ਦੀ ਅਲਮਾਰੀ ਵਿਚ ਧੁੱਪ 'ਚ ਸੁਕਾਏ ਨਿੰਬੂ ਦੇ ਛਿਲਕੇ ਰੱਖ ਕੇ ਅਲਮਾਰੀ ਦੇ ਕੀੜੇ ਭੱਜ ਜਾਂਦੇ ਹਨ |
ਹੋਰ ਉਪਯੋਗ : ਖੁੱਲ੍ਹੇ ਅੰਗਾਂ ਨੂੰ ਨਿੰਬੂ ਦੇ ਛਿਲਕੇ ਨਾਲ ਰਗੜ ਕੇ ਸੌਣ ਨਾਲ ਉਨ੍ਹਾਂ ਅੰਗਾਂ ਨੂੰ ਮੱਛਰ ਨਹੀਂ ਕੱਟਦਾ |
ਸੁੰਦਰਤਾ ਦੀ ਦੇਖਭਾਲ ਵਿਚ ਸੰਤਰੇ ਦੇ ਫਾਇਦੇ : ਛਾਂ ਵਿਚ ਸੁਕਾਏ ਹੋਏ ਸੰਤਰੇ ਦੇ ਛਿਲਕਿਆਂ ਨੂੰ ਪੀਹ ਕੇ ਬਣਾਏ ਚੂਰਨ ਦੇ ਇਕ ਚਮਚ ਵਿਚ ਇਕ-ਇਕ ਚਮਚ, ਮੁਲਤਾਨੀ ਮਿੱਟੀ, ਗੁਲਾਬ ਜਲ ਅਤੇ ਬਾਦਾਮ ਦਾ ਤੇਲ ਮਿਲਾਉਣ ਨਾਲ ਵਧੀਆ ਪੇਸਟ ਤਿਆਰ ਹੋ ਜਾਂਦਾ ਹੈ ਜਿਸ ਨੂੰ ਲਗਾਉਣ ਨਾਲ ਚਮੜੀ ਚਮਕਦਾਰ ਬਣਦੀ ਹੈ | ਸੁੱਕੀ (ਖ਼ੁਸ਼ਕ) ਚਮੜੀ ਲਈ ਇਹ ਬਹੁਤ ਫਾਇਦੇਮੰਦ ਹੈ |
ਕੇਸਰ, ਚੰਦਨ ਦਾ ਬੂਰਾ, ਦੁੱਧ ਮਿਲੇ ਹੋਏ ਸੰਤਰੇ ਦੇ ਛਿਲਕਿਆਂ ਦੇ ਚੂਰਨ ਨੂੰ ਚਿਹਰੇ 'ਤੇ ਲੇਪ ਕਰਨ ਨਾਲ ਚਿਹਰੇ 'ਤੇ ਨਵੀਂ ਦਿੱਖ ਆਵੇਗੀ |
ਸੰਤਰੇ ਦੇ ਛਿਲਕਿਆਂ ਨੂੰ ਪਾਣੀ 'ਚ ਪਾ ਕੇ ਰੱਖਣ ਅਤੇ ਉਪਰੰਤ ਉਸ ਪਾਣੀ ਨਾਲ ਨਹਾਉਣ ਨਾਲ ਸਰੀਰ ਮਹਿਕ ਉਠਦਾ ਹੈ |
ਨਿੰਬੂ ਅਤੇ ਸੰਤਰਿਆਂ ਦੇ ਛਿਲਕਿਆਂ ਦੀ ਵਰਤੋਂ : ਨਿੰਬੂ ਅਤੇ ਸੰਤਰਿਆਂ ਦੇ ਛਿਲਕਿਆਂ ਦੇ ਉਬਲੇ ਪਾਣੀ ਨਾਲ ਮੂੰਹ ਧੋਣ ਨਾਲ ਚਮੜੀ ਤਾਜ਼ਾ ਅਤੇ ਮੁਲਾਇਮ ਬਣਦੀ ਹੈ | ਇਸ ਚ ਵੀ ਠੰਡਾ ਪਾਣੀ ਮਿਲਾ ਕੇ ਨਹਾਉਣ ਨਾਲ ਸਰੀਰ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ |
ਖੀਰੇ ਅਤੇ ਤਰ ਦੇ ਛਿਲਕਿਆਂ ਦੀ ਵਰਤੋਂ, ਘਰੇਲੂ ਰੱਖ ਰਖਾਵ 'ਚ : ਖੀਰੇ ਅਤੇ ਤਰ ਦੇ ਛਿਲਕਿਆਂ ਨੂੰ ਰੈਕ, ਅਲਮਾਰੀ, ਦਰਾਜ ਆਦਿ ਵਿਚ ਰੱਖਣ ਨਾਲ ਉਥੋਂ ਕਾਕਰੋਚ ਆਦਿ ਕੀੜੇ ਭੱਜ ਜਾਂਦੇ ਹਨ |
ਪਪੀਤੇ ਦੇ ਛਿਲਕਿਆਂ ਦੇ ਫਾਇਦੇ, ਸੁੰਦਰਤਾ ਦੀ ਰੱਖਿਆ ਲਈ : ਪਪੀਤੇ ਦੇ ਛਿਲਕਿਆਂ ਨੂੰ ਸੁਕਾਉਣ ਤੋਂ ਬਾਅਦ ਪੀਹ ਕੇ ਉਸ ਵਿਚ ਗਲਿਸਰੀਨ ਮਿਕਸ ਕਰਨ ਨਾਲ ਚਿਹਰੇ 'ਤੇ ਲੇਪ ਕਰਨ ਨਾਲ ਚਿਹਰੇ ਦੀ ਖੁਸ਼ਕੀ ਮਿਟਦੀ ਹੈ |
ਦਵਾਈ ਦੇ ਰੂਪ 'ਚ : ਪੈਰਾਂ ਦੀਆਂ ਦਰਾਰਾਂ ਭਾਵ ਬਿਆਈਆਂ ਖੂਨ ਨਿਕਲਣ ਤੇ ਕੱਚੇ ਪਪੀਤੇ ਦੇ ਛਿਲਕੇ ਨੂੰ ਪੀਹ ਕੇ ਪੈਰਾਂ ਦੀਆਂ ਦਰਾਰਾਂ ਤੇ ਲਗਾਉਣ ਨਾਲ ਆਰਾਮ ਮਿਲੇਗਾ |
ਅਨਾਰ ਦੇ ਛਿਲਕਿਆਂ ਦੇ ਗੁਣ, ਦਵਾਈ ਦੇ ਰੂਪ 'ਚ : ਫੋੜੇ ਫਿਨਸੀਆਂ, ਦਾਦ ਅਤੇ ਖੁਜਲੀ ਵਿਚ ਆਨਾਰ ਦੇ ਛਿਲਕਿਆਂ ਨੂੰ ਲਸਣ ਦੇ ਨਾਲ ਪੀਹ ਕੇ ਲਗਾਉਣ ਨਾਲ ਫਾਇਦਾ ਹੋਵੇਗਾ |
ਖਾਂਸੀ ਵਿਚ ਅਨਾਰ ਦਾ ਛਿਲਕਾ ਮੂੰਹ 'ਚ ਰੱਖ ਕੇ ਚੂਸਣ ਨਾਲ ਆਰਾਮ ਮਿਲੇਗਾ |
ਅਨਾਰ ਦੇ ਜਲੇ ਹੋਏ ਛਿਲਕਿਆਂ ਨੂੰ ਪੀਹ ਕੇ ਉਸ 'ਚ ਹਲਦੀ ਮਿਲਾ ਕੇ ਬੰਨ੍ਹਣ ਨਾਲ ਪੁਰਾਣੀ ਸੱਟ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ |
ਦਮਾ ਅਤੇ ਸਾਹ ਦੇ ਰੋਗ ਪੀੜਤਾਂ ਲਈ ਸ਼ਹਿਦ ਦੇ ਨਾਲ ਅਨਾਰ ਦੇ ਸੁੱਕੇ ਛਿਲਕਿਆਂ ਦਾ ਪੂਰੀ ਤਰ੍ਹਾਂ ਖਾਣਾ ਲਾਭਦਾਇਕ ਹੁੰਦਾ ਹੈ |
ਮਾਸਿਕ ਧਰਮ ਦੇ ਦਿਨਾਂ ਵਿਚ ਅਨਾਰ ਦੇ ਛਿਲਕਿਆਂ ਦਾ ਦੋ ਚਮਚ ਚੂਰਨ ਗਰਮ ਪਾਣੀ ਜਾਂ ਚਾਹ ਨਾਲ ਹਰ ਰੋਜ਼ 5 ਦਿਨ ਲੈਣ ਨਾਲ ਲਹੂ ਦਾ ਪ੍ਰਵਾਹ ਘੱਟ ਹੁੰਦਾ ਜਾਂ ਰੁਕਦਾ ਹੈ |
ਕੇਲੇ ਦੇ ਛਿਲਕਿਆਂ ਦੇ ਲਾਭ, ਸਿਹਤ ਦੀ ਰੱਖਿਆ ਲਈ : ਸੱਟ ਵਾਲੀ ਜਗ੍ਹਾ 'ਤੇ ਕੇਲੇ ਦਾ ਛਿਲਕਾ ਬੰਨ੍ਹਣ ਨਾਲ ਆਰਾਮ ਮਿਲਦਾ ਹੈ |
ਜ਼ਖ਼ਮ 'ਤੇ ਕੇਲੇ ਦੇ ਛਿਲਕੇ ਦੀ ਅੰਦਰਲੀ ਪਤਲੀ ਜਿਹੀ ਪਰਤ ਲਗਾਉਣ ਨਾਲ ਹਰ ਤਰ੍ਹਾਂ ਦੇ ਜ਼ਖ਼ਮ ਭਰ ਜਾਂਦੇ ਹਨ |
ਹੋਰ ਫਾਇਦੇ : ਚਮੜੇ ਦੀਆਂ ਜੁੱਤੀਆਂ, ਚੱਪਲ ਜਾਂ ਹੋਰ ਵਸਤੂਆਂ ਨੂੰ ਕੇਲੇ ਦੇ ਛਿਲਕਿਆਂ ਦੇ ਅੰਦਰ ਦੇ ਗੁੱਦੇ ਨਾਲ ਰਗੜਨ 'ਤੇ ਸੁਕਣ ਤੋਂ ਬਾਅਦ ਕੱਪੜੇ ਨਾਲ ਪੁੂੰਝਣ 'ਤੇ ਚਮੜੇ 'ਚ ਚਮਕ ਆ ਜਾਂਦੀ ਹੈ |
ਬਾਦਾਮ ਦੇ ਛਿਲਕੇ ਦੇ ਫਾਇਦੇ, ਸਿਹਤ ਰੱਖਿਆ ਲਈ : ਬਾਦਾਮ ਦੇ ਛਿਲਕੇ ਨੂੰ ਜਲਾਉਣ ਤੋਂ ਬਾਅਦ ਇਸ 'ਚ ਨਮਕ ਮਿਲਾ ਕੇ ਰੱਖੇ ਗਏ ਪੇਸਟ ਨਾਲ ਦੰਦ ਮਜ਼ਬੂਤ ਅਤੇ ਨਿਰੋਗ ਹੁੰਦੇ ਹਨ |
ਸਬਜ਼ੀਆਂ ਦੇ ਛਿਲਕੇ, ਕਰੇਲੇ ਦੇ ਛਿਲਕੇ, ਸਿਹਤ ਦੀ ਰੱਖਿਆ ਲਈ : ਕਰੇਲੇ ਦੀ ਸਬਜ਼ੀ ਬਹੁਤ ਜ਼ਿਆਦਾ ਗੁਣਕਾਰੀ ਮੰਨੀ ਜਾਂਦੀ ਹੈ | ਇਸ ਦਾ ਛਿਲਕਾ ਵੀ ਬਹੁਤ ਗੁਣਕਾਰੀ ਹੈ | ਇਸ ਦੇ ਛਿਲਕੇ ਦੇ ਰਸ ਨੂੰ ਰੋਜ਼ ਪੀਣ ਨਾਲ ਡਾਇਬਟੀਜ਼ (ਸ਼ੂਗਰ) 'ਤੇ ਕਾਬੂ ਪਾਇਆ ਜਾ ਸਕਦਾ ਹੈ |
ਕਰੇਲੇ ਦੇ ਛਿਲਕੇ ਦੀ ਸਬਜ਼ੀ ਪਿਆਜ਼ ਮਿਲਾ ਕੇ ਬਹੁਤ ਸੁਆਦ ਬਣਦੀ ਹੈ |
ਕਰੇਲੇ ਦੇ ਛਿਲਕਿਆਂ ਦਾ ਪਰਾਉਂਠਾ ਵੀ ਸੁਆਦੀ ਬਣਦਾ ਹੈ |
ਹੋਰ ਉਪਯੋਗ : ਕਰੇਲੇ ਦੇ ਛਿਲਕੇ ਨੂੰ ਸੁਕਾ ਕੇ ਦਾਲ, ਚਾਵਲ, ਕਣਕ ਵੇਸਣ, ਮੈਦਾ ਅਤੇ ਹੋਰ ਬਾਕੀ ਖਾਣ ਵਾਲੇ ਪਦਾਰਥਾਂ ਦੇ ਡੱਬਿਆਂ ਵਿਚ ਰੱਖਣ ਨਾਲ ਕੀੜੇ ਲੱਗਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ |