ਪਿਟਨਵੀਮ ਸਕਾਟਲੈਂਡ ਦਾ ਇਕ ਖੂਬਸੂਰਤ ਕਲਾ ਪ੍ਰੇਮੀ ਸਮੁੰਦਰੀ ਪਿੰਡ ਹੈ | ਇਹ ਗਲਾਸਗੋ ਤੋਂ ਸੜਕ ਰਾਹੀਂ ਲਗਭਗ 130 ਕਿੱਲੋਮੀਟਰ ਅਤੇ ਰਾਜਧਾਨੀ ਐਡਿਨਬਰਾ ਤੋਂ ਕਰੀਬ 80 ਕਿੱਲੋਮੀਟਰ ਦੂਰੀ 'ਤੇ ਸਥਿਤ ਹੈ | ਪਿੰਡ ਦੀ ਆਬਾਦੀ ਲਗਭਗ 1,500 ਹੈ | ਸਦੀਆਂ ਤੋਂ ਮੱਛੀ ਫੜਨ ਦਾ ਧੰਦਾ ਇੱਥੋਂ ਦੀ ਜ਼ਿੰਦਗੀ ਅਤੇ ਪਛਾਣ ਦਾ ਮਹੱਤਵਪੂਰਨ ਹਿੱਸਾ ਰਿਹਾ ਹੈ | ਅੱਜ ਵੀ ਪਿਟਨਵੀਮ ਦੀ ਬੰਦਰਗਾਹ ਸਰਗਰਮ ਹੈ ਅਤੇ ਸਮੁੰਦਰ ਨਾਲ ਪਿੰਡ ਦਾ ਰਿਸ਼ਤਾ ਇਸ ਦੀ ਕਲਾ, ਸੱਭਿਆਚਾਰ ਅਤੇ ਰੋਜ਼ਮਰ੍ਹਾ ਜ਼ਿੰਦਗੀ ਵਿਚ ਸਾਫ਼ ਨਜ਼ਰ ਆਉਂਦਾ ਹੈ | ਪਿੰਡ ਦੇ ਪੁਰਾਣੇ ਪੱਥਰ ਦੇ ਮਕਾਨ, ਛੋਟੀਆਂ-ਛੋਟੀਆਂ ਗਲੀਆਂ ਅਤੇ ਸਮੁੰਦਰ ਵੱਲ ਖੁੱਲ੍ਹਦੇ ਬੂਹੇ ਆਪਣੇ-ਆਪ ਵਿਚ ਕਿਸੇ ਖੂਬਸੂਰਤ ਚਿੱਤਰ ਜਾਂ ਨਜ਼ਾਰੇ ਤੋਂ ਘੱਟ ਨਹੀਂ ਲੱਗਦੇ |
ਪਿਟਨਵੀਮ ਪਿੰਡ ਦਾ ਆਰਟਸ ਫੈਸਟੀਵਲ ਬੜਾ ਪ੍ਰਸਿੱਧ ਹੈ, ਦਾ ਸਫ਼ਰ 1982 ਵਿਚ ਕੁਝ ਸਥਾਨਕ ਕਲਾਕਾਰਾਂ ਅਤੇ ਇਹ ਕਲਾ ਪ੍ਰੇਮੀਆਂ ਦੀ ਇਕ ਛੋਟੀ ਜਿਹੀ ਪਹਿਲ ਨਾਲ ਸ਼ੁਰੂ ਹੋਇਆ ਸੀ | ਇਸ ਦੇ ਮੁਢਲੇ ਵਿਚਾਰ ਪਿੱਛੇ ਇਕ ਸੋਚ ਸੀ ਕਿ ਕਲਾ ਨੂੰ ਰਵਾਇਤੀ ਗੈਲਰੀਆਂ ਦੀਆਂ ਚਾਰ ਕੰਧਾਂ ਤੋਂ ਬਾਹਰ ਕੱਢ ਕੇ ਸਿੱਧਾ ਲੋਕਾਂ ਤੱਕ ਲਿਆਂਦਾ ਜਾਵੇ | ਪਿਟਨਵੀਮ ਦੀ ਰਹਿਣ ਵਾਲੀ ਮਸ਼ਹੂਰ ਚਿੱਤਰਕਾਰ ਜੌਇਸ ਲੈਂਗ ਓ.ਬੀ.ਈ. ਨੇ ਸ਼ੁਰੂਆਤੀ ਸਾਲਾਂ ਵਿਚ ਛੋਟੀਆਂ ਪ੍ਰਦਰਸ਼ਨੀਆਂ ਲਗਾਈਆਂ ਅਤੇ ਸਥਾਨਕ ਕਲਾਕਾਰਾਂ ਦੇ ਸਟੂਡੀਓ ਲੋਕਾਂ ਲਈ ਖੋਲ੍ਹੇ | ਹੌਲੀ-ਹੌਲੀ ਹੋਰ ਕਲਾਕਾਰ ਅਤੇ ਪਿੰਡ ਵਾਸੀ ਇਸ ਪਹਿਲ ਨਾਲ ਜੁੜਦੇ ਗਏ | 2002 ਵਿਚ ਫੈਸਟੀਵਲ ਨਾਲ ਸੰਬੰਧਿਤ ਸੰਸਥਾ ਰਜਿਸਟਰਡ ਚੈਰਿਟੀ ਬਣ ਗਈ | ਚਾਰ ਦਹਾਕਿਆਂ ਤੋਂ ਵੱਧ ਦੇ ਸਫ਼ਰ ਵਾਲੇ ਇਸ ਉਤਸ ਵਿਚ ਦੁਨੀਆ ਭਰ ਤੋਂ ਕਲਾਕਾਰ ਆਪਣੀ ਕਲਾ ਦਾ ਜਾਦੂ ਬਿਖੇਰਨ ਲਈ ਆਉਂਦੇ ਹਨ |
ਇਸ ਫੈਸਟੀਵਲ ਦੀ ਸਭ ਤੋਂ ਵਿਲੱਖਣ ਰਵਾਇਤ ਇਹ ਹੈ ਕਿ ਪੂਰਾ ਪਿੰਡ ਹੀ ਪ੍ਰਦਰਸ਼ਨੀ ਸਥਾਨ ਬਣ ਜਾਂਦਾ ਹੈ | ਸਥਾਨਕ ਲੋਕ ਆਪਣੇ ਘਰਾਂ ਦੇ ਕਮਰੇ, ਗੈਰਾਜ, ਬਾਗ਼, ਦੁਕਾਨਾਂ ਅਤੇ ਹੋਰ ਥਾਵਾਂ ਕਲਾਕਾਰਾਂ ਲਈ ਖੋਲ੍ਹ ਦਿੰਦੇ ਹਨ | ਕਲਾਕਾਰਾਂ ਦੇ Ýਸਟੂਡੀਓ ਵੀ ਦਰਸ਼ਕਾਂ ਲਈ ਖੁੱਲ੍ਹ ਜਾਂਦੇ ਹਨ |
ਦਰਸ਼ਕ ਕਲਾਕਾਰਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਨ ਅਤੇ ਜਾਣ ਸਕਦੇ ਹਨ ਕਿ ਕੋਈ ਚਿੱਤਰ ਜਾਂ ਕਲਾਕਿ੍ਤੀ ਕਿਵੇਂ ਬਣਾਈ ਗਈ ਅਤੇ ਉਸ ਪਿੱਛੇ ਕਲਾਕਾਰ ਦੀ ਸੋਚ ਕੀ ਸੀ |
ਇਥੇ ਰਵਾਇਤੀ ਪੇਂਟਿੰਗ ਦੇ ਨਾਲ ਆਧੁਨਿਕ ਅਤੇ ਪ੍ਰਯੋਗਾਤਮਕ ਕਲਾ ਦੇ ਅਨੇਕਾਂ ਰੂਪ ਇਕੋ ਥਾਂ ਦੇਖਣ ਨੂੰ ਮਿਲਦੇ ਹਨ | ਇੱਥੇ ਵਾਟਰਕਲਰ, ਆਇਲ ਪੇਂਟਿੰਗ, ਐਕਿ੍ਲਿਕ, ਪੈਂਸਿਲ ਅਤੇ ਕੋਲੇ ਨਾਲ ਬਣੀ ਚਿੱਤਰਕਾਰੀ, ਪਿ੍ੰਟਮੇਕਿੰਗ, ਮੂਰਤੀ ਕਲਾ, ਸਿਰੈਮਿਕਸ, ਟੈਕਸਟਾਈਲ, ਫੋਟੋਗ੍ਰਾਫੀ, ਲੱਕੜ ਦੀ ਕਾਰੀਗਰੀ, ਗਲਾਸ ਆਰਟ, ਜਿਊਲਰੀ, ਡਿਜੀਟਲ ਆਰਟ ਅਤੇ 3ਡੀ ਆਰਟ ਵਰਕ ਵਰਗੀਆਂ ਕਲਾ ਵਿਧਾਵਾਂ ਦੇ ਨਮੂਨੇ ਦੇਖਣ ਨੂੰ ਆਮ ਮਿਲਦੇ ਹਨ | ਕਈ ਕਲਾਕਾਰ ਕੈਨਵਸ ਅਤੇ ਕਾਗਜ਼ ਤੋਂ ਅੱਗੇ ਵਧ ਕੇ ਲੱਕੜ, ਮਿੱਟੀ, ਧਾਤ, ਕੱਚ, ਕੱਪੜੇ, ਰੇਜ਼ਿਨ, ਪੁਰਾਣੀ ਅਖਬਾਰ ਦੇ ਪੰਨੇ ਅਤੇ ਹੋਰ ਵਸਤਾਂ ਨੂੰ ਆਪਣੀ ਕਲਾ ਦਾ ਮਾਧਿਅਮ ਬਣਾਉਂਦੇ ਹਨ | ਇਸ ਨਾਲ ਦਰਸ਼ਕਾਂ ਨੂੰ ਇਕੋ ਫੈਸਟੀਵਲ ਵਿਚ ਸਦੀਆਂ ਪੁਰਾਣੀਆਂ ਕਲਾ ਤਕਨੀਕਾਂ ਤੋਂ ਲੈ ਕੇ ਅੱਜ ਦੇ ਆਧੁਨਿਕ ਕਲਾਤਮਕ ਪ੍ਰਯੋਗਾਂ ਤੱਕ ਦੇਖਣ ਦਾ ਮੌਕਾ ਮਿਲਦਾ ਹੈ | ਚਿੱਤਰਕਾਰੀ ਦੇ ਨਾਲ ਫਲੂਇਡ ਆਰਟ ਵਰਗੀਆਂ ਨਵੀਆਂ ਤਕਨੀਕਾਂ ਵੀ ਖਾਸ ਦਿਲਚਸਪੀ ਪੈਦਾ ਕਰਦੀਆਂ ਹਨ | ਇੱਥੇ ਸਥਾਪਤ ਕਲਾਕਾਰਾਂ ਦੇ ਨਾਲ ਉੱਭਰਦੇ ਕਲਾਕਾਰ, ਵਿਦਿਆਰਥੀਆਂ ਅਤੇ ਆਪਣਾ ਕਲਾਤਮਕ ਸਫ਼ਰ ਸ਼ੁਰੂ ਕਰ ਰਹੇ ਨਵੇਂ ਕਲਾਕਾਰਾਂ ਨੂੰ ਵੀ ਲੋਕਾਂ ਸਾਹਮਣੇ ਆਪਣਾ ਕੰਮ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ | ਪਿਟਨਵੀਮ ਪਿੰਡ ਦੀ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਇੱਥੇ ਪਿੰਡ ਸਿਰਫ਼ ਫੈਸਟੀਵਲ ਦਾ ਸਥਾਨ ਹੀ ਨਹੀਂ ਹੈ, ਸਗੋਂ ਪਿੰਡ ਖੁਦ ਫੈਸਟੀਵਲ ਦਾ ਇਕ ਹਿੱਸਾ ਬਣ ਜਾਂਦਾ ਹੈ | ਪੁਰਾਣੇ ਪੱਥਰ ਦੇ ਘਰਾਂ ਅੰਦਰ ਆਧੁਨਿਕ ਚਿੱਤਰ, ਕਿਸੇ ਛੋਟੇ ਗੈਰਾਜ ਵਿਚ ਮੂਰਤੀਆਂ, ਬਾਗ਼ ਵਿਚ ਸਜੀਆਂ ਕਲਾਕਿ੍ਤੀਆਂ ਅਤੇ ਕੁਝ ਕਦਮ ਦੂਰ ਸਮੁੰਦਰ ਦੀਆਂ ਲਹਿਰਾਂ ਇਹ ਸਭ ਮਿਲ ਕੇ ਅਜਿਹਾ ਮਾਹੌਲ ਸਿਰਜਦੇ ਹਨ, ਜੋ ਕਿਸੇ ਆਮ ਆਰਟ ਗੈਲਰੀ ਵਿਚ ਨਹੀਂ ਮਿਲ ਸਕਦਾ | ਇੱਥੇ ਕਲਾ ਅਤੇ ਸਥਾਨ ਇਕ-ਦੂਜੇ ਤੋਂ ਵੱਖਰੇ ਨਹੀਂ ਰਹਿੰਦੇ | ਪਿਟਨਵੀਮ ਦੀਆਂ ਗਲੀਆਂ, ਬੰਦਰਗਾਹ, ਪੁਰਾਣੀਆਂ ਇਮਾਰਤਾਂ ਅਤੇ ਸਮੁੰਦਰ ਵੀ ਕਲਾ ਦੇ ਤਜਰਬੇ ਦਾ ਹਿੱਸਾ ਬਣ ਜਾਂਦੇ ਹਨ |
ਇਸ ਫੈਸਟੀਵਲ ਨੂੰ ਕਾਮਯਾਬ ਬਣਾਉਣ ਵਿਚ ਪਿਟਨਵੀਮ ਦੇ ਸਥਾਨਕ ਲੋਕਾਂ ਅਤੇ ਵਲੰਟੀਅਰਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ | ਲੋਕ ਆਪਣੇ ਘਰ ਅਤੇ ਥਾਵਾਂ ਕਲਾਕਾਰਾਂ ਲਈ ਖੋਲ੍ਹਦੇ ਹਨ, ਵਲੰਟੀਅਰ ਦਰਸ਼ਕਾਂ ਨੂੰ ਜਾਣਕਾਰੀ ਅਤੇ ਦਿਸ਼ਾ-ਨਿਰਦੇਸ਼ ਦਿੰਦੇ ਹਨ ਅਤੇ ਸਥਾਨਕ ਕਾਰੋਬਾਰ ਆਉਣ ਵਾਲੇ ਹਜ਼ਾਰਾਂ ਮਹਿਮਾਨਾਂ ਦੀ ਮੇਜ਼ਬਾਨੀ ਕਰਦੇ ਹਨ | ਇਸੇ ਲਈ ਪਿਟਨਵੀਮ ਮੇਲੇ ਨੂੰ ਸਮਾਜ ਲਈ ਇਕ ਕਾਮਯਾਬ ਮਿਸਾਲ ਮੰਨਿਆ ਜਾਂਦਾ ਹੈ | ਕਲਾ, ਸੈਰ-ਸਪਾਟੇ ਅਤੇ ਸਥਾਨਕ ਭਾਈਚਾਰੇ ਦਾ ਇਹ ਮੇਲ ਪਿੰਡ ਦੇ ਕੈਫੇ, ਰੈਸਟੋਰੈਂਟ, ਦੁਕਾਨਾਂ ਅਤੇ ਹੋਰ ਕਾਰੋਬਾਰਾਂ ਨੂੰ ਵੀ ਫਾਇਦਾ ਪਹੁੰਚਾਉਂਦਾ ਹੈ |
ਇੱਥੇ ਕਲਾਕਾਰ ਅਤੇ ਦਰਸ਼ਕ ਵਿਚਕਾਰ ਕੋਈ ਵੱਡੀ ਦੂਰੀ ਨਹੀਂ ਰਹਿੰਦੀ | ਕਈ ਵਾਰ ਕਲਾਕਾਰ ਖੁਦ ਦਰਵਾਜ਼ੇ 'ਤੇ ਖੜ੍ਹਾ ਆਪਣੀ ਕਲਾ ਬਾਰੇ ਦੱਸ ਰਿਹਾ ਹੁੰਦਾ ਹੈ ਅਤੇ ਦਰਸ਼ਕ ਉਸੇ ਥਾਂ ਉਸ ਦੀ ਕਲਾਕਿ੍ਤੀ ਖਰੀਦ ਵੀ ਸਕਦਾ ਹੈ | ਇਸ ਤਰ੍ਹਾਂ ਨਾਲ ਇਹ ਫੈਸਟੀਵਲ ਕਲਾ ਦੇ ਨਾਲ ਭਾਈਚਾਰਕ ਭਾਵਨਾ, ਸੱਭਿਆਚਾਰਕ ਸੈਰ-ਸਪਾਟਾ, ਸਥਾਨਕ ਵਿਰਾਸਤ ਅਤੇ ਨਵੀਂ ਕਲਾਤਮਕ ਪ੍ਰਤਿਭਾ ਨੂੰ ਵੀ ਉਤਸ਼ਾਹਿਤ ਕਰਦਾ ਹੈ | ਜਿੱਥੇ ਕਲਾ ਗੈਲਰੀਆਂ ਤੋਂ ਨਿਕਲ ਕੇ ਲੋਕਾਂ ਦੀ ਜ਼ਿੰਦਗੀ ਵਿਚ ਆਉਂਦੀ ਹੈ
-ਅਜੀਤ ਪ੍ਰਤੀਨਿਧ, ਗਲਾਸਗੋ,ਸਕਾਟਲੈਂਡ (ਯੂ.ਕੇ.)
ਮੋਬਾਈਲ: 00447515937916
ਈਮੇਲ: jitascott0hotmail.co.uk