![]()
ਜ਼ੈਲਦਾਰ ਬੁੱਢੇ ਖਾਨ ਘੁੰਮਣ ਅਤੇ ਮੇਰੇ ਦਾਦਾ ਜੀ ਪਿਛਲੇ 50 ਸਾਲਾਂ ਤੋਂ ਗੂੜੇ ਦੋਸਤ ਸਨ।
1945 ਦੇ ਅਕਤੂਬਰ ਮਹੀਨੇ ਦਾ ਅਖ਼ੀਰਲਾ ਹਫ਼ਤਾ ਸੀ। ਬਹੁਤ ਹੀ ਸਵਖਤੇ ਜ਼ੈਲਦਾਰ ਬੁਢੇ ਖਾਨ ਘੁੰਮਣ ਘੋੜੀ 'ਤੇ ਲਛਮਣ ਸਿੰਘ ਕੋਲ ਆਇਆ। ਲੰਬੜਦਾਰ ਲਛਮਣ ਸਿੰਘ ਅਜੇ ਸੁੱਤਾ ਹੋਇਆ ਸੀ। ਉਸ ਨੂੰ ਜਗਾਇਆ ਪਰ ਲੰਬੜਦਾਰ ਘਬਰਾ ਗਿਆ ਕਿ ਇੰਨੀ ਸਵੇਰੇ ਕਦੀ ਵੀ ਜ਼ੈਲਦਾਰ ਨਹੀਂ ਆਇਆ। ਕੀ ਗੱਲ ਹੈ? ਸੁੱਖ ਹੋਵੇ ਸਹੀ?
ਦੋਵੇਂ ਇਕ ਦੂਜੇ ਨੂੰ ਮਿਲ ਕੇ ਮੰਜੀਆਂ 'ਤੇ ਬੈਠ ਗਏ। ਲੰਬੜਦਾਰ ਅਤੇ ਜ਼ੈਲਦਾਰ ਦੇ ਪਰਿਵਾਰ ਵਿਚ ਲੰਬੜਦਾਰ ਅਤੇ ਜ਼ੈਲਦਾਰ ਦੋਵੇਂ ਹੀ ਚਾਹ ਪੀਂਦੇ ਸਨ, ਹੋਰ ਕੋਈ ਚਾਹ ਨਹੀਂ ਸੀ ਪੀਂਦਾ। ਦੋਵਾਂ ਵਾਸਤੇ ਚਾਹ ਆ ਗਈ ਤਾਂ ਲੰਬੜਦਾਰ ਨੇ ਪੁੱਛਿਆ, ਬੁੱਢੇ ਖ਼ਾਨ ਸੁੱਖ ਹੈ? ਬੜੀ ਸਵਖਤੇ ਆਇਆ ਹੈਂ। ਜ਼ੈਲਦਾਰ ਨੇ ਕਿਹਾ, ਬਿਲਕੁਲ ਸੁੱਖ ਹੈ, ਤੇਰੇ ਨਾਲ ਇਕ ਗੱਲ ਕਰਨੀ ਹੈ, ਮੈਂ ਦੋ ਲੜਕੀਆਂ ਦਾ ਇਕੱਠਾ ਹੀ ਵਿਆਹ ਦੇ ਦਿੱਤਾ ਹੈ ਪਰ ਪੈਸਿਆਂ ਦਾ ਪ੍ਰਬੰਧ ਨਹੀਂ ਹੋ ਰਿਹਾ, ਤੂੰ ਮੈਨੂੰ ੧੦ ਹਜ਼ਾਰ ਰੁਪਏ ਦੇ ਦੇ ਅਤੇ ਮੇਰੇ ਕੋਲੋਂ ਦੋ ਮੁਰੱਬੇ (50 ਏਕੜ) ਜ਼ਮੀਨ ਲਿਖਵਾ ਲੈ। ਲੰਬੜਦਾਰ ਕੁਝ ਚਿਰ ਚੁੱਪ ਰਿਹਾ ਤੇ ਫਿਰ ਅੰਦਰ ਚਲਾ ਗਿਆ ਅਤੇ ਆ ਕੇ ਚਾਦਰ ਦੀ ਡੱਬ ਵਿਚੋਂ 10 ਹਜ਼ਾਰ ਰੁਪਏ ਕੱਢ ਕੇ ਬੁੱਢੇ ਖ਼ਾਨ ਘੁੰਮਣ ਨੂੰ ਫੜਾ ਦਿੱਤੇ।
ਬੁੱਢੇ ਖ਼ਾਨ ਹੈਰਾਨ ਹੋ ਗਿਆ ਅਤੇ ਕਹਿਣ ਲੱਗਾ, ਪਹਿਲਾਂ ਜ਼ਮੀਨ ਤਾਂ ਲਿਖਵਾ ਲੈਂਦਾ, ਤੂੰ ਤੇ ਬੜੀ ਕਾਹਲੀ ਕੀਤੀ ਹੈ।
ਬੁੱਢੇ ਖਾਂ ਕੁਝ ਸ਼ਰਮ ਕਰ, ਜਦੋਂ ਤੈਨੂੰ ਭਰਾ ਹੀ ਕਹਿ ਲਿਆ ਹੈ ਤਾਂ ਤੇਰੀਆਂ ਲੜਕੀਆਂ ਅਤੇ ਮੇਰੀਆਂ ਲੜਕੀਆਂ ਵਿਚ ਕੀ ਫ਼ਰਕ ਹੈ? ਜਦੋਂ ਹੋਣਗੇ, ਦੇ ਦੇਵੀਂ, ਜੇ ਨਾ ਵੀ ਦਿੱਤੇ ਤਾਂ ਮੈਂ ਸਮਝ ਲਵਾਂਗਾ ਕਿ ਮੇਰੀਆਂ ਤਿੰਨ ਨਹੀਂ, ਪੰਜ ਲੜਕੀਆਂ ਸਨ। ਬੁੱਢੇ ਖ਼ਾਨ ਪੈਸੇ ਲੈ ਕੇ ਘੋੜੀ 'ਤੇ ਚੜ੍ਹ ਗਿਆ ਤੇ ਆਪਣੇ ਪਿੰਡ ਨੂੰ ਚਲਾ ਗਿਆ।
ਭਾਵੇਂ ਬੁੱਢੇ ਖ਼ਾਨ ਕੋਲ 1000 ਏਕੜ ਜ਼ਮੀਨ ਸੀ ਪਰ ਇਕ ਤਾਂ ਜ਼ਮੀਨ ਵਿਚ ਕਮਾਈ ਘੱਟ ਸੀ। ਦੂਸਰਾ ਬੁੱਢੇ ਖ਼ਾਨ ਬਹੁਤ ਖ਼ਰਚ ਕਰਦਾ ਸੀ। ਉਸ ਦੀਆਂ ਅੱਠ ਲੜਕੀਆਂ ਸਨ ਅਤੇ ਲੜਕਾ ਨਹੀਂ ਸੀ। ਉਸ ਤਰਾਂ ਵੀ ਉਹ ਵਿਆਹ ਤੇ ਬਹੁਤ ਜ਼ਿਆਦਾ ਖ਼ਰਚ ਕਰਨਾ ਚਾਹੁੰਦਾ ਸੀ ਅਤੇ ਬੜੀ ਧੂਮ-ਧਾਮ ਨਾਲ ਵਿਆਹ ਕਰਨਾ ਚਾਹੁੰਦਾ ਸੀ।
ਪਰ 1947 ਦੇ ਸ਼ੁਰੂ ਵਿਚ ਪਾਕਿਸਤਾਨ ਦੇ ਵੱਖ ਮੁਲਕ ਬਣਨ ਦੀ ਅਫ਼ਵਾਹ ਉੱਡਣ ਲੱਗ ਪਈ ਪਰ ਸਰਗੋਧੇ ਜਿਲ੍ਹੇ ਵਿਚ ਪੂਰਨ ਅਮਨ-ਅਮਾਨ ਸੀ ਅਤੇ ਸਿੱਖ-ਮੁਸਲਿਮ ਆਪਸ ਵਿਚ ਪਹਿਲਾਂ ਵਰਗੇ ਪਿਆਰ ਨਾਲ ਮਿਲਦੇ ਸਨ।
ਪਰ ਪਾਕਿਸਤਾਨ ਦੇ ਹੋਰ ਖੇਤਰਾਂ ਵਿਚ ਦਿਨ-ਬ-ਦਿਨ ਹਾਲਾਤ ਵਿਗੜ ਰਹੇ ਸਨ। ਹਰ ਰੋਜ਼ ਅਖ਼ਬਾਰਾਂ ਵਿਚ ਫ਼ਿਰਕੂ ਦੰਗਿਆਂ ਦੀਆਂ ਖਬਰਾਂ ਆਉਂਦੀਆਂ ਸਨ।
ਜਦੋਂ ਤੋਂ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਆਉਂਦੀਆਂ ਸਨ ਉਦੋਂ ਤੋਂ ਹੀ ਬੁੱਢੇ ਖ਼ਾਨ ਘੁੰਮਣ ਦੂਸਰੇ-ਤੀਸਰੇ ਦਿਨ ਆਉਂਦਾ ਅਤੇ ਲਛਮਣ ਸਿੰਘ ਨੂੰ ਮਿਲ ਕੇ ਜਾਂਦਾ ਤੇ ਇਹ ਵੀ ਕਹਿੰਦਾ, ਜਦੋਂ ਵੀ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਖਦਸ਼ਾ ਪੈਦਾ ਹੋਵੇ ਤਾਂ ਤੁਸੀਂ ਸੁਨੇਹਾ ਭੇਜਣਾ। ਅਸੀਂ ਤੁਹਾਨੂੰ ਆ ਕੇ ਲੈ ਜਾਵਾਂਗੇ। ਪਰ ਇਕ ਮਹੀਨੇ ਬਾਅਦ ਸਾਰੇ ਹੀ ਪੱਛਮੀ ਅਤੇ ਪੂਰਬੀ ਪੰਜਾਬ ਵਿਚ ਕੁੱਝ ਦਿਨ ਛੱਡ ਕੇ ਦੰਗੇ ਦੋਹਰਾਏ ਜਾ ਰਹੇ ਸਨ ਅਤੇ ਪਾਕਿਸਤਾਨ ਬਣਨ ਦੀ ਸੰਭਾਵਨਾ ਵਧ ਰਹੀ ਸੀ। ਕੁਝ ਸਿੱਖ ਪਰਿਵਾਰ ਪੂਰਬੀ ਪੰਜਾਬ ਚਲੇ ਗਏ ਸਨ ਅਤੇ ਦੂਸਰੀ ਤਰਫ਼ ਕੁਝ ਮੁਸਲਿਮ ਪਰਿਵਾਰ ਪੱਛਮੀ ਪੰਜਾਬ ਦੇ ਕੁਝ ਪਿੰਡਾਂ ਅਤੇ ਸ਼ਹਿਰਾਂ ਵਿਚ ਆ ਗਏ ਸਨ। ਪਰ ਅਖ਼ੀਰ ਪਾਕਿਸਤਾਨ ਦਾ ਮਤਾ ਪਾਸ ਹੋ ਗਿਆ। ਭਾਵੇਂ ਕਿ ਲੋਕਾਂ ਨੂੰ ਆਪਣੀ-ਆਪਣੀ ਜਗ੍ਹਾ ਰਹਿਣ ਲਈ ਕਿਹਾ ਗਿਆ ਸੀ ਪਰ ਰਾਵਲਪਿੰਡੀ ਖੇਤਰ ਵਿਚ ਬਹੁਤ ਵੱਡੇ ਦੰਗੇ ਹੋ ਗਏ ਅਤੇ ਉੱਧਰ ਪੂਰਬੀ ਪੰਜਾਬ ਦੇ ਕੁਝ ਸ਼ਹਿਰਾਂ ਵਿਚ ਵੀ ਦੰਗੇ ਹੋਏ, ਜਿਸ ਕਰਕੇ ਲੋਕ ਉੱਠਣ ਲੱਗ ਪਏ ਅਤੇ ਪੂਰਬੀ ਪੰਜਾਬ ਤੋਂ ਪੱਛਮੀ ਪੰਜਾਬ ਵਿਚ ਮੁਸਲਿਮ ਵਸੋਂ ਆ ਰਹੀ ਸੀ।
ਬਾਅਦ ਵਿਚ 14 ਅਗਸਤ ਪਾਕਿਸਤਾਨ ਦੀ ਸੁਤੰਤਰਤਾ ਦਾ ਦਿਵਸ ਅਤੇ 15 ਅਗਸਤ ਭਾਰਤ ਦੀ ਸੁਤੰਤਰਤਾ ਦੇ ਦਿਵਸ ਦੀ ਘੋਸ਼ਣਾ ਕਰ ਦਿੱਤੀ ਗਈ। ਜਿਸ ਨਾਲ ਦੋਵਾਂ ਪਾਸਿਓਂ ਸ਼ਰਨਾਰਥੀਆਂ ਦਾ ਆਉਣਾ ਜਾਣਾ ਤੇਜ਼ ਹੋ ਗਿਆ। ਸਿੱਖ ਵਸੋਂ ਕੋਲ ਪੱਛਮੀ ਪਾਕਿਸਤਾਨ ਵਿਚ ਬਹੁਤ ਵੱਡੀਆਂ ਜ਼ਮੀਨਾਂ ਦੀ ਮਾਲਕੀ ਸੀ ਜਿਹੜੀ ਉਨ੍ਹਾਂ ਨੇ ਬਹੁਤ ਮਿਹਨਤ ਨਾਲ ਖ਼ਰੀਦੀ ਸੀ। ਉਨ੍ਹਾਂ ਨੂੰ ਉੱਥੇ ਰਹਿਣ ਲਈ ਭਾਵੇਂ ਪ੍ਰੇਰਨਾ ਵੀ ਦਿੱਤੀ ਜਾ ਰਹੀ ਸੀ ਪਰ ਵਧਦੇ ਹੋਏ ਦੰਗਿਆਂ ਕਾਰਨ ਖ਼ਾਸ ਕਰਕੇ ਜਿਨ੍ਹਾਂ ਖੇਤਰਾਂ ਵਿਚ ਸਿੱਖਾਂ ਦੀ ਅਬਾਦੀ ਬਹੁਤ ਘੱਟ ਸੀ, ਉੱਥੇ ਉਨ੍ਹਾਂ ਦੇ ਕਤਲ ਹੋ ਰਹੇ ਸਨ। ਭਾਵੇਂ ਸਰਗੋਧੇ ਜਿਲ੍ਹੇ ਵਿਚ ਦੰਗੇ ਤਾਂ ਘੱਟ ਹੋਏ ਪਰ ਲੁੱਟ ਮਾਰ ਇੱਥੇ ਵੀ ਹੋ ਰਹੀ ਸੀ। ਇਸ ਲਈ ਨੰਬਰਦਾਰ ਲਛਮਣ ਸਿੰਘ ਨੇ ਵੀ ਪੂਰਬੀ ਪੰਜਾਬ ਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਪਰ ਇਹ ਵੀ ਅਜੀਬ ਗੱਲ ਸੀ ਕਿ ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਕਿੱਥੇ ਜਾਣਾ ਹੈ? ਪੂਰਬੀ ਪੰਜਾਬ ਵਿਚ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਬਹੁਤ ਘੱਟ ਸਨ ਪਰ ਫਿਰ ਵੀ ਉਨ੍ਹਾਂ ਨੇ ਗੁਪਤ ਢੰਗ ਨਾਲ ਉਧਰੋਂ ਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਇਕ ਦਿਨ ਬੁੱਢੇ ਖ਼ਾਨ ਘੁੰਮਣ ਨੂੰ ਉਸ ਨੇ ਘਰ ਬੁਲਾਇਆ ਅਤੇ ਕਿਹਾ ਵੇਖ ਜ਼ੈਲਦਾਰ, ਇਹ ਘੋੜੀਆਂ, ਇਹ ਮੱਝਾਂ, ਇਹ ਬਲ਼ਦ, ਇਹ ਬਿਸਤਰੇ, ਮੰਜੇ, ਇਕ ਕੁਰਸੀਆਂ-ਮੇਜ਼ ਕੁਝ ਵੀ ਮੈਂ ਨਾਲ ਨਹੀਂ ਖੜ ਸਕਦਾ, ਤੂੰ ਜੋ ਕੁਝ ਵੀ ਚਾਹੁੰਦਾ ਹੈਂ, ਲੈ ਜਾ, ਨਹੀਂ ਤਾਂ ਲੋਕਾਂ ਨੇ ਲੁੱਟ ਕੇ ਲੈ ਜਾਣਾ ਹੈ। ਬੁੱਢੇ ਖ਼ਾਨ ਨੇ ਲਛਮਣ ਸਿੰਘ ਦੇ ਮੂੰਹ ਅੱਗੇ ਹੱਥ ਰੱਖ ਦਿੱਤਾ ਅਤੇ ਉਸ ਦੀ ਭੁੱਬ ਨਿਕਲ ਗਈ ਅਤੇ ਉਹ ਬੱਚਿਆਂ ਵਾਂਗ ਉੱਚੀ-ਉੱਚੀ ਰੋਣ ਲੱਗ ਪਿਆ। ਲਛਮਣ ਸਿੰਘ ਦਾ ਵੀ ਰੋਣ ਤਾਂ ਨਿਕਲ ਗਿਆ ਪਰ ਫਿਰ ਵੀ ਉਹ ਹਮੇਸ਼ਾ ਵਾਂਗ ਵੱਡੇ ਹੌਸਲੇ ਵਿਚ ਸੀ। ਉਸ ਨੇ ਉੱਠ ਕੇ ਜ਼ੈਲਦਾਰ ਨੂੰ ਗਲ਼ ਨਾਲ ਲਾਇਆ ਅਤੇ ਉਹ ਉਸ ਦਾ ਪਿੰਡਾ ਥਾਪੜ ਰਿਹਾ ਸੀ।
ਅਗਲੇ ਦਿਨ ਸਵੇਰੇ ਜਦੋਂ ਲਛਮਣ ਸਿੰਘ ਨੇ ਇਕ ਗੱਡੇ ਤੇ ਜ਼ਰੂਰੀ ਸਮਾਨ ਲਦਵਾ ਲਿਆ ਅਤੇ ਸਰਗੋਧੇ ਵੱਲ ਨੂੰ ਜਾਣ ਵਾਲੇ ਸਨ ਤਾਂ ਬੁੱਢੇ ਖ਼ਾਨ ਘੁੰਮਣ ਅਤੇ ਉਸ ਦੇ ਤਿੰਨ ਭਤੀਜੇ ਘੋੜੀਆਂ ਤੇ ਸਵਾਰ ਅਤੇ ਬੰਦੂਕਾਂ ਨਾਲ ਲੈਸ ਪਿੰਡ ਆ ਗਏ ਅਤੇ ਲਛਮਣ ਸਿੰਘ ਨੂੰ ਕਹਿਣ ਲੱਗੇ, ਅਸੀਂ ਤੁਹਾਨੂੰ ਕਾਫਲੇ ਨਾਲ ਮਿਲਾ ਕੇ ਮੁੜਾਂਗੇ। ਲਛਮਣ ਸਿੰਘ ਨੇ ਉਨ੍ਹਾਂ ਨੂੰ ਬਥੇਰਾ ਕਿਹਾ ਕਿ ਅੱਗ ਵਰ੍ਹ ਰਹੀ ਹੈ, ਤੁਸੀਂ ਆਪਣੇ ਆਪ ਨੂੰ ਮੁਸੀਬਤ ਵਿਚ ਕਿਉਂ ਪਾਉਂਦੇ ਹੋ? ਤਾਂ ਉਹ ਕਹਿਣ ਲੱਗਾ ਕਿ ਜੇ ਅਸੀਂ ਤੁਹਾਡੀ ਹਿਫਾਜ਼ਤ ਵਿਚ ਮਰ ਵੀ ਗਏ ਤਾਂ ਅਸੀਂ ਬਹਿਸ਼ਤ ਵਿਚ ਜਾਵਾਂਗੇ। ਇਹ ਸੌਦਾ ਸਾਡੇ ਲਈ ਲਾਭਦਾਇਕ ਹੈ।
ਅਫ਼ਵਾਹਾਂ ਤਾਂ ਬਹੁਤ ਉੱਡ ਰਹੀਆਂ ਸਨ। ਫ਼ਲਾਣੇ ਸਿੱਖਾਂ ਦੇ ਕਾਫ਼ਲੇ 'ਤੇ ਹਮਲਾ ਹੋਇਆ। ਖ਼ੁਸਾਬ ਸ਼ਹਿਰ ਵਿਚ ਇਕ ਡਾਕਟਰ ਨੂੰ ਇਲਾਜ਼ ਦੇ ਬਹਾਨੇ ਸੱਦਿਆ ਪਰ ਉਸ ਦਾ ਕਤਲ ਕਰ ਦਿੱਤਾ ਗਿਆ। ਪਰ ਲਛਮਣ ਸਿੰਘ ਦਾ ਪਰਿਵਾਰ ਅੱਗੇ ਜਾ ਰਿਹਾ ਸੀ ਅਤੇ ਮਗਰ ਬੁੱਢੇ ਖ਼ਾਨ, ਉਸ ਦੇ ਭਤੀਜੇ ਅਤੇ ਨੰਬਰਦਾਰ ਇਕ ਘੋੜੀ ਤੇ ਚੜ੍ਹੇ ਆਉਂਦੇ ਸਨ। ਉਸ ਵੇਲੇ ਜਿਵੇਂ ਗੱਡਾ ਹੌਲੀ-ਹੌਲੀ ਚੱਲ ਰਿਹਾ ਸੀ। ਨੰਬਰਦਾਰ ਅਤੇ ਘੁੰਮਣ ਪਰਿਵਾਰ ਆਪਣੀਆਂ ਘੋੜੀਆਂ ਵੀ ਹੌਲੀ-ਹੌਲੀ ਮਗਰ ਲੈ ਕੇ ਆ ਰਹੇ ਸਨ। ਜਦੋਂ ਸਰਗੋਧਾ ਸ਼ਹਿਰ ਆਇਆ ਤਾਂ ਉੱਥੇ ਸੜਕਾਂ 'ਤੇ ਇਸ ਤਰ੍ਹਾਂ ਗੱਡੇ ਲੱਦੇ ਹੋਰ ਪਰਿਵਾਰ ਵੀ ਜਾਂਦੇ ਮਿਲੇ। ਬੁੱਢੇ ਖ਼ਾਨ ਨੇ ਆਪਣੇ ਭਤੀਜਿਆਂ ਨੂੰ ਗੱਡੇ ਦੇ ਦੋਵੇਂ ਪਾਸੇ ਹੋ ਜਾਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਹੁਸ਼ਿਆਰ ਰਹਿਣਾ ਅਤੇ ਇੱਧਰ-ਉੱਧਰ ਧਿਆਨ ਰੱਖਣਾ। ਭਾਵੇਂ ਸਰਗੋਧਾ ਸ਼ਹਿਰ ਸ਼ਾਂਤ ਸੀ ਪਰ ਉਸ ਤੋਂ ਪਹਿਲਾਂ ਇਹ ਖ਼ਬਰਾਂ ਵੀ ਆਈਆਂ ਸਨ ਕਿ ਖਿਜਰ ਹਯਾਤ ਟਿਵਾਨਾ ਜਿਹੜਾ ਪੰਜਾਬ 'ਚ ਚੀਫ਼ ਮਨਿਸਟਰ ਸੀ, ਉਹ ਸਰਗੋਧੇ ਤੋਂ ਭੱਜ ਕੇ ਲੰਡਨ ਚਲਾ ਗਿਆ ਸੀ ਅਤੇ ਮੁਸਲਿਮ ਵਸੋਂ ਵਿਚ ਉਸ ਸਬੰਧੀ ਬਹੁਤ ਗੁੱਸਾ ਸੀ, ਕਿਉਂ ਜੋ ਜ਼ਿਆਦਾਤਰ ਮੁਸਲਿਮ ਪਾਕਿਸਤਾਨ ਬਣਨ ਦੇ ਹੱਕ ਵਿਚ ਸਨ ਜਦੋਂ ਕਿ ਯੂਨੀਅਨਿਸਟ ਪਾਰਟੀ ਜਿਸ ਵਿਚ ਕੁਝ ਮੁਸਲਿਮ ਲੀਡਰ ਵੀ ਸਨ, ਉਹ ਪਾਕਿਸਤਾਨ ਦੇ ਵੱਖ ਹੋਣ ਅਤੇ ਦੇਸ਼ ਦੀ ਵੰਡ ਦੇ ਖਿਲਾਫ਼ ਸਨ।
ਅਖ਼ੀਰ ਉਹ ਇਕ ਕਾਫ਼ਲੇ ਵਿਚ ਪਹੁੰਚੇ ਜਿੱਥੇ ਬਹੁਤ ਸਾਰੇ ਟਰੱਕ ਖੜ੍ਹੇ ਸਨ ਅਤੇ ਉਨ੍ਹਾਂ ਵਿਚ ਉਨ੍ਹਾਂ ਲੋਕਾਂ ਦੇ ਛੱਡ ਜਾਣ ਵਾਲਿਆਂ ਦੇ ਪਰਿਵਾਰ ਬੈਠੇ ਸਨ। ਲਛਮਣ ਸਿੰਘ ਘੋੜੀ ਤੋਂ ਉੱਤਰਿਆ ਤੇ ਇਕ ਮੁੰਡੇ ਨੂੰ ਘੋੜੀ ਫੜ੍ਹਾ ਕੇ ਟਰੱਕਾਂ ਤੇ ਨਜ਼ਰ ਮਾਰੀ ਅਤੇ ਫਿਰ ਇਕ ਟਰੱਕ, ਜਿਸ ਨੂੰ ਪਹਿਲਾਂ ਹੀ ਕਿਹਾ ਹੋਇਆ ਸੀ। ਉਸ ਨਾਲ ਗੱਲ ਕਰਕੇ ਪਰਿਵਾਰ ਦੇ ਜੀਆਂ ਨੂੰ ਅਤੇ ਥੋੜ੍ਹਾ ਬਹੁਤ ਸਮਾਨ, ਜਿਹੜਾ ਲੈ ਕੇ ਆਏ ਸਨ, ਉਸ ਟਰੱਕ ਵਿਚ ਰੱਖ ਦਿੱਤਾ ਅਤੇ ਪਰਿਵਾਰ ਦੇ ਜੀਆਂ ਨੂੰ ਟਰੱਕ ਵਿਚ ਬਿਠਾ ਕੇ ਫਿਰ ਥੱਲੇ ਆ ਗਿਆ ਅਤੇ ਉਸ ਨੇ ਬੁੱਢੇ ਖ਼ਾਨ ਨੂੰ ਕਿਹਾ ਕਿ ਤੁਸੀਂ ਹੁਣ ਜਾਓ ਪਰ ਧਿਆਨ ਨਾਲ ਜਾਣਾ। ਪਰ ਬੁੱਢੇ ਖ਼ਾਨ ਅਤੇ ਉਸ ਦੇ ਭਤੀਜੇ ਉੱਥੇ ਹੀ ਖੜ੍ਹੇ ਕਾਫ਼ਲੇ ਦੇ ਜਾਣ ਦੀ ਉਡੀਕ ਕਰਦੇ ਰਹੇ।
ਅਖ਼ੀਰ ਜਦ ਟਰੱਕ ਚੱਲਣ ਲੱਗਾ, ਬਾਕੀ ਪਰਿਵਾਰ ਘੁੰਮਣ ਪਰਿਵਾਰ ਨੂੰ ਮਿਲ ਕੇ ਟਰੱਕ ਵਿਚ ਬੈਠ ਗਿਆ। ਟਰੱਕ ਡਰਾਈਵਰ ਨੇ ਟਰੱਕ ਸਟਾਰਟ ਕਰ ਦਿੱਤਾ ਤਾਂ ਬੁੱਢੇ ਖ਼ਾਨ ਨੇ ਲਛਮਣ ਸਿੰਘ ਨੂੰ ਜੱਫੀ ਪਾ ਲਈ ਤਾਂ ਉਸ ਦੀ ਭੁੱਬ ਨਿਕਲ ਗਈ ਤੇ ਉਹ ਫਿਰ ਬੱਚਿਆਂ ਵਾਂਗ ਰੋਣ ਲੱਗ ਪਿਆ ਪਰ ਲਛਮਣ ਸਿੰਘ ਉਸ ਨੂੰ ਹੌਸਲਾ ਦੇ ਰਿਹਾ ਸੀ ਕਿ ਕੋਈ ਗੱਲ ਨਹੀਂ, ਮਿਲਣਾ-ਗਿਲਣਾ ਥੋੜ੍ਹਾ ਬੰਦ ਹੋ ਜਾਣਾ ਹੈ, ਲੋਕ ਵਲਾਇਤ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਹਨ, ਅਸੀਂ ਤਾਂ ਇਕੋ ਮੁਲਕ ਦੇ ਦੋ ਹਿੱਸਿਆਂ ਵਿਚ ਹੋਵਾਂਗੇ, ਛੇਤੀ ਹੀ ਥੋੜ੍ਹਾ ਜਿਹਾ ਠੰਡਾ ਹੋ ਲੈਣ ਦਿਓ, ਮੈਂ ਤੁਹਾਨੂੰ ਆਪ ਮਿਲਣ ਆਵਾਂਗਾ, ਮਿਲਦੇ ਰਹਾਂਗੇ ਅਤੇ ਜਦੋਂ ਬੁੱਢੇ ਖ਼ਾਨ ਘੁੰਮਣ ਜਾ ਰਿਹਾ ਸੀ ਤਾਂ ਲਛਮਣ ਸਿੰਘ ਟਰੱਕ ਦੇ ਪਿਛਲੇ ਪਾਸੇ ਖਲੋ ਕੇ ਦੂਰ ਤਕ ਉਸ ਨੂੰ ਦੇਖਦਾ ਰਿਹਾ, ਜਦ ਤਕ ਉਹ ਨਜ਼ਰ ਆਉਣੋਂ ਹਟ ਨਾ ਗਿਆ। ਪਰ ਜ਼ਿੰਦਗੀ ਵਿਚ ਉਹ ਫਿਰ ਕਦੀ ਵੀ ਨਾ ਮਿਲ ਸਕੇ।
-0-