ਬਾਲ ਦਿਵਸ ਬੱਚਿਆਂ ਦੇ ਜੀਵਨ ਵਿਚ ਖ਼ੁਸ਼ੀਆਂ, ਉਤਸ਼ਾਹ ਅਤੇ ਨਵੀਆਂ ਸਿੱਖਿਆਵਾਂ ਲੈ ਕੇ ਆਉਣ ਵਾਲਾ ਮਹੱਤਵਪੂਰਨ ਦਿਨ ਹੈ | ਭਾਰਤ ਵਿਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ | ਇਹ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਦੀ ਯਾਦ ਵਿਚ ਮਨਾਇਆ ਜਾਂਦਾ ਹੈ | ਬੱਚੇ ਉਨ੍ਹਾਂ ਨੂੰ ਪਿਆਰ ਨਾਲ 'ਚਾਚਾ ਨਹਿਰੂ' ਕਹਿੰਦੇ ਸਨ | ਉਨ੍ਹਾਂ ਦਾ ਵਿਸ਼ਵਾਸ ਸੀ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਸਹੀ ਸਿੱਖਿਆ ਤੇ ਚੰਗੇ ਸੰਸਕਾਰ ਦੇਣਾ ਬਹੁਤ ਜ਼ਰੂਰੀ ਹੈ | ਬਾਲ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਸਿਰਫ਼ ਕਿਤਾਬਾਂ ਪੜ੍ਹਨ, ਸਵਾਲਾਂ ਦੇ ਜਵਾਬ ਯਾਦ ਕਰਨ ਅਤੇ ਪ੍ਰੀਖਿਆਵਾਂ ਵਿਚ ਚੰਗੇ ਅੰਕ ਪ੍ਰਾਪਤ ਕਰਨ ਤੱਕ ਸੀਮਤ ਨਹੀਂ ਹੋਣੀ ਚਾਹੀਦੀ | ਸਿੱਖਿਆ ਦਾ ਅਸਲ ਉਦੇਸ਼ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ | ਬੱਚਿਆਂ ਵਿਚ ਸੋਚਣ, ਸਮਝਣ, ਸਵਾਲ ਪੁੱਛਣ, ਸਮੱਸਿਆਵਾਂ ਦਾ ਹੱਲ ਲੱਭਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਯੋਗਤਾ ਵਿਕਸਿਤ ਹੋਣੀ ਚਾਹੀਦੀ ਹੈ |

ਸਕੂਲ ਬੱਚਿਆਂ ਲਈ ਅਜਿਹੀ ਥਾਂ ਹੋਣੀ ਚਾਹੀਦੀ ਹੈ, ਜਿੱਥੇ ਉਹ ਖ਼ੁਸ਼ੀ ਨਾਲ ਸਿੱਖਣ, ਨਵੀਆਂ ਗੱਲਾਂ ਜਾਣਨ ਅਤੇ ਆਪਣੀਆਂ ਰੁਚੀਆਂ ਨੂੰ ਪਛਾਣਨ | ਬਾਲ ਦਿਵਸ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਪੜ੍ਹਾਈ ਦਾ ਮਾਹੌਲ ਡਰ-ਮੁਕਤ, ਪਿਆਰ ਭਰਿਆ ਅਤੇ ਉਤਸ਼ਾਹਜਨਕ ਹੋਵੇ |
ਬਾਲ ਦਿਵਸ ਮੌਕੇ ਸਕੂਲਾਂ ਵਿਚ ਖੇਡਾਂ, ਕਵਿਤਾ ਉਚਾਰਨ, ਭਾਸ਼ਣ, ਗੀਤ, ਨਾਟਕ, ਚਿੱਤਰਕਲਾ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਆਪਣੀ ਪ੍ਰਤਿੱਭਾ ਦਿਖਾਉਣ ਦਾ ਮੌਕਾ ਮਿਲਦਾ ਹੈ | ਉਹ ਟੀਮ ਵਿਚ ਕੰਮ ਕਰਨਾ, ਅਨੁਸ਼ਾਸਨ ਦੀ ਪਾਲਣਾ ਕਰਨਾ, ਦੂਜਿਆਂ ਦਾ ਸਤਿਕਾਰ ਕਰਨਾ ਅਤੇ ਜਿੱਤ-ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਸਿੱਖਦੇ ਹਨ |
ਖੇਡਾਂ ਰਾਹੀਂ ਪ੍ਰਾਪਤ ਕੀਤੀ ਵਿਵਹਾਰਿਕ ਸਿੱਖਿਆ ਬੱਚਿਆਂ ਲਈ ਦਿਲਚਸਪ ਬਣਦੀ ਹੈ | ਜਦੋਂ ਬੱਚੇ ਕਰ ਕੇ, ਦੇਖ ਕੇ ਅਤੇ ਅਨੁਭਵ ਪ੍ਰਾਪਤ ਕਰ ਕੇ ਸਿੱਖਦੇ ਹਨ, ਤਾਂ ਉਨ੍ਹਾਂ ਦੀ ਸਮਝ ਹੋਰ ਪੱਕੀ ਹੁੰਦੀ ਹੈ | ਹਰ ਬੱਚੇ ਦੀ ਸਿੱਖਣ ਦੀ ਸਮਰੱਥਾ, ਰੁਚੀ ਅਤੇ ਗਤੀ ਵੱਖਰੀ ਹੁੰਦੀ ਹੈ | ਇਸ ਲਈ ਬੱਚਿਆਂ ਦੀ ਤੁਲਨਾ ਕਰਨ ਦੀ ਬਜਾਏ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਪਛਾਣਨਾ ਚਾਹੀਦਾ ਹੈ | ਗ਼ਲਤੀ ਕਰਨ 'ਤੇ ਡਾਂਟਣ ਦੀ ਥਾਂ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ |
ਅਧਿਆਪਕਾਂ ਨੂੰ ਪੜ੍ਹਾਈ ਨੂੰ ਰੌਚਕ ਬਣਾਉਣ ਲਈ ਕਹਾਣੀਆਂ, ਚਿੱਤਰਾਂ, ਪ੍ਰਯੋਗਾਂ, ਖੇਡਾਂ ਅਤੇ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਮਾਪਿਆਂ ਨੂੰ ਵੀ ਬੱਚਿਆਂ ਨਾਲ ਸਮਾਂ ਬਿਤਾਉਣਾ, ਉਨ੍ਹਾਂ ਦੀਆਂ ਗੱਲਾਂ ਸੁਣਨਾ ਅਤੇ ਘਰ ਵਿਚ ਪੜ੍ਹਾਈ ਲਈ ਸੁਖਾਵਾਂ ਮਾਹੌਲ ਬਣਾਉਣਾ ਚਾਹੀਦਾ ਹੈ |
ਬਾਲ ਦਿਵਸ ਸਿਰਫ਼ ਇੱਕ ਦਿਨ ਮਨਾਉਣ ਦਾ ਤਿਉਹਾਰ ਨਹੀਂ, ਸਗੋਂ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਅਤੇ ਉੱਜਵਲ ਭਵਿੱਖ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦਾ ਦਿਨ ਵੀ ਹੈ | ਹਰ ਬੱਚੇ ਨੂੰ ਗੁਣਵੱਤਾਪੂਰਨ ਸਿੱਖਿਆ, ਪਿਆਰ, ਸੁਰੱਖਿਆ ਅਤੇ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ |
ਸਕੂਲਾਂ ਵਿਚ ਬਾਲ ਦਿਵਸ ਦੇ ਮੌਕੇ ਬੱਚਿਆਂ ਨੂੰ ਚੰਗੀਆਂ ਆਦਤਾਂ, ਸਫ਼ਾਈ, ਵਾਤਾਵਰਨ ਦੀ ਸੰਭਾਲ, ਸਹਿਯੋਗ, ਇਮਾਨਦਾਰੀ ਅਤੇ ਮਿਹਨਤ ਦੀ ਮਹੱਤਤਾ ਬਾਰੇ ਵੀ ਸਿਖਾਇਆ ਜਾਣਾ ਚਾਹੀਦਾ ਹੈ |
ਬੱਚੇ ਦੇਸ਼ ਦੀ ਅਨਮੋਲ ਪੂੰਜੀ ਹਨ | ਉਨ੍ਹਾਂ ਦੀ ਸਿੱਖਿਆ ਅਤੇ ਚੰਗੀ ਪਰਵਰਿਸ਼ ਵਿਚ ਕੀਤਾ ਗਿਆ ਚੰਗਾ ਕੰਮ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਬਣਾਏਗਾ |
ਜਦੋਂ ਬੱਚੇ ਖ਼ੁਸ਼ੀ ਨਾਲ ਸਿੱਖਣਗੇ, ਤਾਂ ਸਕੂਲ ਗਿਆਨ ਦੇ ਮੰਦਰ ਬਣਨਗੇ ਅਤੇ ਸਾਡਾ ਸਮਾਜ ਹੋਰ ਵੀ ਸੂਝਵਾਨ, ਸੰਵੇਦਨਸ਼ੀਲ ਅਤੇ ਖ਼ੁਸ਼ਹਾਲ ਬਣੇਗਾ |
-(ਸਟੇਟ ਐਵਾਰਡੀ)
ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ)
ਫ਼ੋਨ : 98720-89538