(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)

ਸਵੇਰੇ ਉਹ ਨਿੱਕੀ ਜਿਹੀ ਬੱਚੀ ਤਿਆਰ ਹੋਈ ਉਹਨੇ ਲੱਤਾਂ 'ਚ ਖਰਗੋਸ਼ ਲਿਆ, ਹੱਥ ' ਚ ਬਟੇਰਾ ਫੜਿਆ, ਤਨ 'ਤੇ ਦਰੱਖਤਾਂ ਦੇ ਪੱਤੇ ਲਪੇਟੇ ਤੇ ਆਪਣੇ ਬਾਪੂ ਨਾਲ ਜੱਜ ਕੋਲ ਪੇਸ਼ ਹੋਣ ਲਈ ਚੱਲ ਪਈ | ਜੱਜ ਉਸ ਦੀ ਉਡੀਕ ਕਰ ਰਿਹਾ ਸੀ | ਉਹ ਅੱਗੇ ਵਧੀ ਉਹਨੇ ਜੱਜ ਨੂੰ ਬਟੇਰਾ ਫੜਾਇਆ ਤਾਂ ਉਹ ਜੱਜ ਦੇ ਹੱਥ 'ਚੋਂ ਉੱਡ ਗਿਆ, ਉਹਨੇ ਲੱਤਾਂ 'ਚ ਲਿਆ ਖਰਗੋਸ਼ ਬਾਹਰ ਕੱਢ ਦਿੱਤਾ ਤੇ ਤਨ ਦਰੱਖਤਾਂ ਦੇ ਪੱਤਿਆ ਨਾਲ ਢਕਿਆ ਵੇਖ ਕੇ ਜੱਜ ਹੈਰਾਨ ਸੀ ਕਿ ਨਿੱਕੀ ਜਿਹੀ ਕੁੜੀ ਨੇ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਹਨ |
ਜੱਜ ਬੱਚੀ ਨੂੰ ਕਹਿਣ ਲੱਗਾ 'ਤੈਨੂੰ ਪਤਾ ਕਿ ਤੇਰੇ ਤਾਏ ਦੀ ਗੱਡੀ ਨੇ ਵਛੇਰਾ ਦਿੱਤਾ ਹੈ ਉਹਦਾ ਹੱਕ ਐ ਤੇ ਤੇਰਾ ਬਾਪੂ ਕਹਿੰਦਾ ਮੇਰੀ ਘੋੜੀ ਦਾ ਵਛੇਰਾ ਹੈ ਮੈਨੂੰ ਦਿਓ | ਪਰ ਪਹਿਲਾਂ ਦੱਸ ਤੂੰ ਦੇਰੀ ਨਾਲ ਕਿਉਂ ਆਈਾ ਏਾ?
'ਜੱਜ ਸਾਹਿਬ ਮੈਂ ਮੱਛੀ ਦਾ ਸੂਪ ਬਣਾਉਣ ਲੱਗ ਪਈ ਸੀ |'
'ਮੱਛੀ ਦਾ ਸੂਪ ਤਾਂ ਮੈਨੂੰ ਵੀ ਬਹੁਤ ਪਸੰਦ ਐ' ਜੱਜ ਦੇ ਸੁਣ ਕੇ ਜਿਵੇਂ ਮੂੰਹ 'ਚ ਪਾਣੀ ਆ ਗਿਆ ਹੋਵੇ |
'ਫਿਰ ਮੇਰੀ ਇਕ ਅਰਜ਼ ਮੰਨੋਗੇ?'
'ਦੱਸ?'
'ਜੱਜ ਸਾਹਿਬ ਚਲੋ ਅਸੀਂ ਗ਼ਰੀਬ ਹਾਂ ਪਰ ਖਾਂਦੇ ਮਾੜਾ ਨੀ, ਕਿਤੇ ਸਾਡੇ ਘਰ ਆਇਓ, ਮੈਂ ਰੇਤ ਵਿਚ ਮੱਛੀਆਂ ਰੱਖੀਆਂ ਹੋਈਆਂ ਨੇ ਉਨ੍ਹਾਂ ਦਾ ਸੂਪ ਬਣਾਵਾਂਗੀ ਤੇ ਤੁਸੀਂ ਸੂਪ ਪੀ ਕੇ ਵੇਖਿਓ ਮੂੰਹ ਨਾਲੋਂ ਨਹੀਂ ਲੱਥੇਗਾ, ਵਾਰ-ਵਾਰ ਮੰਗੋਗੇ |'
ਜੱਜ ਆਪਣੀ ਕੁਰਸੀ ਤੋਂ ਉੱਠ ਕੇ ਖੜ੍ਹਾ ਹੋ ਗਿਆ, ਕਹਿਣ ਲੱਗਾ 'ਵਡੀਏ ਸਿਆਣੀਏ ਸੂਪ ਪਿਆਉਣ ਦੀ ਗੱਲ ਕਰਦੀ ਏਾ ਤੇ ਨਾਲੇ ਆਖਦੀ ਏਾ ਮੈਂ ਰੇਤ ਵਿਚ ਮੱਛੀਆਂ ਰੱਖੀਆਂ ਹੋਈਆਂ ਨੇ! ਭਲਾ ਰੇਤ 'ਚ ਵੀ ਕਦੇ ਮੱਛੀਆਂ ਹੁੰਦੀਆਂ ਨੇ?'
ਨਿੱਕੀ ਜਿਹੀ ਬੱਚੀ ਨੇ ਫਿਰ ਬਾਂਹ ਖੜ੍ਹੀ ਕਰਕੇ ਕਿਹਾ 'ਜੱਜ ਸਾਹਿਬ ਜੇ ਮੱਛੀਆਂ ਰੇਤ 'ਚ ਨਹੀਂ ਹੁੰਦੀਆਂ ਤਾਂ ਮੈਨੂੰ ਇਹ ਵੀ ਦੱਸ ਕਿ ਤੂੰ ਕਿਹੜੀ ਕਿਤਾਬ 'ਚ ਪੜਿ੍ਹਆ ਹੈ ਕਿ ਗੱਡੀ ਵਛੇਰੇ ਦਿੰਦੀ ਹੈ | ਵਛੇਰੇ ਘੋੜੀ ਦਿੰਦੀ, ਆ ਗੱਡੀ ਨੀ! ਬਛੇਰਾ ਸਾਡੀ ਘੋੜੀ ਦਾ ਹੈ ਤੇ ਮੇਰੇ ਬਾਪੂ ਨੂੰ ਅਮੀਰ ਤਾਏ ਤੋਂ ਲੈ ਕੇ ਦਿਓ |'
ਤੇ ਜੱਜ ਨੇ ਵਛੇਰਾ ਵੀ ਗ਼ਰੀਬ ਭਰਾ ਨੂੰ ਦੇ ਦਿੱਤਾ ਤੇ ਨਿੱਕੀ ਜਿਹੀ ਬੱਚੀ ਨੂੰ ਆਪਣੀ ਜੇਬ੍ਹ 'ਚੋਂ ਇਨਾਮ ਵੀ |
(ਸਮਾਪਤ)