28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਤੀਜੇ ਵਾਲਾ ਦਿਨ

ਅਜੀਤ ਡੈਸਕ 28-03-2026

ਸਕੁਲ ਦੇ ਸਾਰੇ ਬੱਚਿਆਂ ਦਾ ਅੱਜ ਆਖਿਰੀ ਪਰਚਾ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਦਾ ਨਤੀਜਾ ਐਲਾਨਿਆ ਜਾਣਾ ਸੀ। ਸਵੇਰ ਦੀ ਸਭਾ ਵਿਚ ਸਰੀਰਕ ਸਿੱਖਿਆ ਅਧਿਆਪਕ ਨੇ ਬੱਚਿਆਂ ਨੂੰ ਬੈਠਣ ਲਈ ਕਿਹਾ। ਸਕੂਲ ਦੀ ਵਾਈਸ ਪ੍ਰਿੰਸੀਪਲ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਕੂਲ ਦੇ ਪ੍ਰਿੰਸੀਪਲ ਨਵੇਂ ਆਏ ਹਨ। ਹਰ ਸਾਲ 31 ਮਾਰਚ ਨੂੰ ਬੋਰਡ ਦੀਆਂ ਜਮਾਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਜਮਾਤਾਂ ਦਾ ਨਤੀਜਾ ਕੱਢਿਆ ਜਾਂਦਾ ਹੈ। ਪਿਛਲੇ ਸਾਲਾਂ 'ਚ ਤੁਸੀਂ ਆਪਣੇ ਮਾਂ-ਬਾਪ ਨਾਲ ਆ ਕੇ ਆਪਣਾ ਨਤੀਜਾ ਕਾਰਡ ਲੈ ਜਾਂਦੇ ਸੀ ਪਰ ਇਸ ਸਾਲ ਤੁਸੀਂ ਸਾਰੇ ਸਵੇਰੇ 9 ਵਜੇ ਸਕੂਲ ਆਓਗੇ। ਨਤੀਜਾ ਕੱਢਣ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਾਰੇ ਬੱਚਿਆਂ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਜਮਾਤ ਇੰਚਾਰਜ ਆਪਣੀ-ਆਪਣੀ ਜਮਾਤ ਦਾ ਨਤੀਜਾ ਬੱਚਿਆਂ ਨੂੰ ਸਣਾਉਣਗੇ। ਉਸ ਦਿਨ ਹਰ ਬੱਚਾ ਆਪਣਾ ਨਤੀਜਾ ਸੁਣਨ ਲਈ ਸਕੂਲ ਆਵੇਗਾ। ਬੱਚਿਆਂ ਦੀ ਹਾਜ਼ਰੀ ਵੀ ਲੱਗੇਗੀ। ਉਸ ਤੋਂ ਬਾਅਦ ਬੱਚਿਆਂ ਨੂੰ ਪਰਚਾ ਦੇਣ ਲਈ ਉਨ੍ਹਾਂ ਦੇ ਕਮਰਿਆਂ ਵਿਚ ਭੇਜ ਦਿੱਤਾ ਗਿਆ। ਕਮਰਿਆਂ ਨੂੰ ਜਾਂਦੇ ਹੋਏ ਬੱਚੇ ਇਕ ਦੂਜੇ ਨੂੰ ਕਹਿ ਰਹੇ ਸਨ, ਪਹਿਲਾਂ ਤਾਂ ਨਤੀਜੇ ਵਾਲੇ ਦਿਨ ਬੱਚਿਆਂ ਨੂੰ ਸਕੂਲ ਬੁਲਾਇਆ ਨਹੀਂ ਜਾਂਦਾ ਸੀ ਤੇ ਨਾ ਹੀ ਪ੍ਰਿੰਸੀਪਲ ਸਾਹਿਬ ਬੱਚਿਆਂ ਨੂੰ ਸੰਬੋਧਨ ਕਰਦੇ ਸਨ। ਅਧਿਆਪਕ ਹੀ ਬੱਚਿਆਂ ਨੂੰ ਰਿਪੋਰਟ ਕਾਰਡ ਦੇ ਦਿੰਦੇ ਸਨ। ਕੋਈ ਬੱਚਾ ਨਹੀਂ ਜਾਣਦਾ ਸੀ ਕਿ ਪ੍ਰਿੰਸੀਪਲ ਸਾਹਿਬ ਉਨ੍ਹਾਂ ਨੂੰ ਕੀ ਕਹਿਣਗੇ? ਹਰ ਬੱਚੇ ਦੀ ਇਹ ਜਾਣਨ ਦੀ ਇੱਛਾ ਸੀ ਕਿ ਪ੍ਰਿੰਸੀਪਲ ਸਾਹਿਬ ਨਤੀਜੇ ਵਾਲੇ ਦਿਨ ਉਨ੍ਹਾਂ ਨੂੰ ਕੀ ਕਹਿਣਗੇ।
ਨਤੀਜੇ ਵਾਲੇ ਦਿਨ ਸਾਰੇ ਬੱਚੇ ਪਹਿਲਾਂ ਵਾਂਗ 9 ਵਜੇ ਪ੍ਰਾਰਥਨਾ ਸਭਾ ਵਾਲੀ ਥਾਂ ਤੇ ਪਹੁੰਚ ਗਏ। ਸਾਰੇ ਬੱਚਿਆਂ ਦੇ ਮਨਾਂ ਵਿਚ ਆਪਣਾ ਨਤੀਜਾ ਸੁਣਨ ਅਤੇ ਪ੍ਰਿੰਸੀਪਲ ਸਾਹਿਬ ਕੀ ਕਹਿਣਗੇ ਇਹ ਜਾਣਨ ਦੀ ਤਾਂਘ ਸੀ। ਪ੍ਰਿੰਸੀਪਲ ਸਾਹਿਬ ਨੇ ਅਧਿਆਪਕਾਂ ਵਲੋਂ ਨਤੀਜਾ ਸੁਣਾਏ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਬੱਚਿਓ, ਅੱਜ ਤੁਹਾਡੀ ਸਾਰੇ ਸਾਲ ਦੀ ਮਿਹਨਤ ਦਾ ਨਤੀਜਾ ਸੁਣਾਇਆ ਜਾਣਾ ਹੈ। ਤੁਸੀਂ ਸਾਰਿਆਂ ਨੇ ਜਿੰਨੀ-ਜਿੰਨੀ ਮਿਹਨਤ ਕੀਤੀ ਹੋਵੇਗੀ, ਅੱਜ ਉਸਦਾ ਫਲ ਤੁਹਾਨੂੰ ਮਿਲ ਜਾਵੇਗਾ। ਤੁਹਾਡੇ ਅਧਿਆਪਕ ਤੁਹਾਨੂੰ ਸਾਰਿਆਂ ਨੂੰ ਇਕੋ ਜਿਹਾ ਪੜ੍ਹਾਉਂਦੇ ਸਨ। ਤੁਹਾਨੂੰ ਸਾਰਿਆਂ ਨੂੰ ਮਿਹਨਤ ਕਰਨ ਦੀ ਨਸੀਹਤ ਦਿੰਦੇ ਸਨ। ਜਿਨ੍ਹਾਂ ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਨਸੀਹਤ ਮੰਨ ਕੇ ਦਿਲ ਲਗਾ ਕੇ ਪੜ੍ਹਾਈ ਕੀਤੀ, ਅੱਜ ਉਹ ਬੱਚੇ ਚੰਗੇ ਅੰਕ ਲੈ ਕੇ ਪਾਸ ਹੋਣਗੇ। ਜਿਨ੍ਹਾਂ ਬੱਚਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਵੇਗੀ ਉਹ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਵੀ ਆਉਣਗੇ।
ਮਿਹਨਤ ਕਰਕੇ ਚੰਗੇ ਅੰਕ ਹਾਸਲ ਕਰਨ ਵਾਲੇ ਬੱਚੇ ਚਾਈਂ-ਚਾਈਂ ਆਪਣੇ ਘਰਾਂ ਨੂੰ ਜਾਣਗੇ , ਉਨ੍ਹਾਂ ਦੇ ਚਿਹਰੇ ਖਿੜੇ ਹੋਏ ਹੋਣਗੇ। ਉਨ੍ਹਾਂ ਨੂੰ ਆਪਣੀ ਮਿਹਨਤ ਉੱਤੇ ਮਾਣ ਹਾਸਲ ਹੋਵੇਗਾ।
ਉਨ੍ਹਾਂ ਦੇ ਮਾਂ-ਬਾਪ ਖੁਸ਼ ਹੋਣਗੇ। ਉਹੀ ਬੱਚੇ ਆਪਣੀ ਜ਼ਿੰਦਗੀ ਵਿਚ ਤਰੱਕੀ ਕਰਨਗੇ ਪਰ ਜਿਨ੍ਹਾਂ ਬੱਚਿਆਂ ਨੇ ਸਾਰਾ ਸਾਲ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੀ ਨਸੀਹਤ ਉੱਤੇ ਅਮਲ ਨਾ ਕਰਕੇ ਮਿਹਨਤ ਨਹੀਂ ਕੀਤੀ, ਅੱਜ ਉਹ ਘੱਟ ਅੰਕ ਆਉਣ ਕਾਰਨ ਜਾਂ ਅਸਫਲ ਰਹਿਣ ਕਾਰਨ ਜ਼ਰੂਰ ਪਛਤਾਉਣਗੇ। ਅੱਜ ਉਨ੍ਹਾਂ ਦੇ ਚਿਹਰੇ ਉਦਾਸ ਹੋਣਗੇ। ਉਨ੍ਹਾਂ ਨੂੰ ਦੂਜਿਆਂ ਸਾਹਮਣੇ ਸ਼ਰਮਿੰਦਾ ਹੋਣਾ ਪਵੇਗਾ।
ਇਸ ਨਤੀਜੇ ਵਾਲੇ ਦਿਨ ਹਰ ਬੱਚੇ ਨੂੰ ਆਪਣੇ ਆਪ ਨਾਲ ਵਾਅਦਾ ਕਰਨਾ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਮਿਹਨਤ ਕਰੇਗਾ। ਅਧਿਆਪਕਾਂ ਦੀ ਨਸੀਹਤ ਉੱਤੇ ਅਮਲ ਕਰੇਗਾ। ਉਸ ਤੋਂ ਬਾਅਦ ਅਧਿਆਪਕਾਂ ਨੇ ਹਰ ਜਮਾਤ ਦਾ ਨਤੀਜਾ ਐਲਾਨਿਆ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸ਼ਾਬਾਸ਼ ਦਿੱਤੀ ਗਈ। ਸਾਰੇ ਬੱਚਿਆਂ ਨੂੰ ਪ੍ਰਿੰਸੀਪਲ ਸਾਹਿਬ ਵਲੋਂ ਬੱਚਿਆਂ ਨੂੰ ਸੰਬੋਧਨ ਕਰਨ ਦਾ ਉਦੇਸ਼ ਸਮਝ ਆ ਗਿਆ ਸੀ।
ਮਿਹਨਤੀ ਬੱਚਿਆਂ ਦੇ ਚਿਹਰੇ ਖਿੜੇ ਹੋਏ ਸਨ ਪਰ ਮਿਹਨਤ ਨਾ ਕਰਨ ਵਾਲੇ ਬੱਚਿਆਂ ਦੇ ਚਿਹਰੇ ਉਦਾਸ ਸਨ।

-ਮੋਬਾਈਲ : 98726-27136

ਪਿਛਲੀ ਖ਼ਬਰ ਸਵੇਰ ਦੀ ਸਭਾ ਦੀ ਮਹੱਤਤਾ ਅਗਲੀ ਖ਼ਬਰ ਬਿਨਾਂ ਖੰਬਾ ਤੋਂ ਉੜਦਾ ਹਾਂ, ਬਿਨਾਂ ਅੱਖਾਂ ਤੋਂ ਰੋਂਦਾ ਹਾਂ - ਦੱਸੋ ਕੀ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।