20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਆਕਾਸ਼ੀ ਲਾਲਟੈਨ ਕਿਵੇਂ ਉੱਡਦੀ ਹੈ?

ਅਜੀਤ ਡੈਸਕ 31-01-2026

ਪਿਆਰੇ ਬੱਚਿਓ! ਦੀਵਾਲੀ ਦੀ ਰਾਤ ਨੂੰ ਤੁਸੀਂ ਆਕਾਸ਼ ਵਿਚ ਉੱਡਦਾ ਲਾਲ ਰੰਗ ਦਾ ਜਗਦਾ ਹੋਇਆ ਗ਼ੁਬਾਰਾ ਜ਼ਰੂਰ ਦੇਖਿਆ ਹੋਣਾ। ਤੁਹਾਡੇ ਗਲੀ-ਮੁਹੱਲੇ, ਘਰਾਂ ਦੀਆਂ ਛੱਤਾਂ 'ਤੇ ਵੀ ਇਹ ਡਿੱਗਿਆ ਵੀ ਹੋਣਾ। ਬੁੱਝੇ ਹੋਏ ਇਸ ਗ਼ੁਬਾਰੇ ਨੂੰ ਤੁਸੀਂ ਗਹੁ ਨਾਲ ਦੇਖਿਆ ਵੀ ਹੋਣਾ। ਤੁਹਾਡੇ ਅੰਦਰ ਇਸ ਦੇ ਉੱਡਣ ਪਿੱਛੇ ਛੁਪਿਆ ਵਿਗਿਆਨਕ ਸਿਧਾਂਤ ਜਾਣਨ ਦੀ ਉਤਸੁਕਤਾ ਵੀ ਜ਼ਰੂਰ ਵਧੀ ਹੋਵੇਗੀ। ਆਓ, ਇਸ ਬਾਰੇ ਗਿਆਨ ਪ੍ਰਾਪਤ ਕਰਦੇ ਹਾਂ। ਇਹ ਆਕਾਸ਼ੀ ਲਾਲਟੈਨ ਜਾਂ ਉੱਡਦਾ ਲੈਂਪ ਪਤਲੀ ਤਾਰ ਜਾਂ ਬਾਂਸ ਦੇ ਫਰੇਮ ਨਾਲ ਪਤਲੇ ਕਾਗਜ਼ ਦਾ ਗ਼ੁਬਾਰੇ ਵਰਗਾ ਬਣਿਆ ਹੁੰਦਾ ਹੈ। ਹੇਠਲੇ ਪਾਸੇ ਤੋਂ ਇਹ ਖੁੱਲ੍ਹਾ ਹੁੰਦਾ ਹੈ। ਇਸ ਦੇ ਹੇਠਲੇ ਪਾਸੇ ਛੋਟੀ ਜਿਹੀ ਮੋਮਬੱਤੀ ਜਾਂ ਮੋਮ ਵਰਗੇ ਜ਼ਲਣਸ਼ੀਲ ਪਦਾਰਥ ਦਾ ਬਣਿਆ ਫਿਊਲ ਸੈੱਲ ਹੁੰਦਾ ਹੈ। ਕਈ ਇਸ ਨੂੰ 'ਪੈਰਾਸ਼ੂਟ' ਵੀ ਕਹਿੰਦੇ ਹਨ ਪ੍ਰੰਤੂ ਵਿਗਿਆਨਕ ਪੱਖ ਤੋਂ ਇਹ ਨਾਂਅ ਸਹੀ ਨਹੀਂ ਹੈ। ਅਸਲ ਵਿਚ, ਇਹ ਗਰਮ ਹਵਾ ਦੇ ਗ਼ੁਬਾਰੇ ਨਾਲ ਮੇਲ ਖਾਂਦਾ ਹੈ। ਜਦੋਂ ਮੋਮਬੱਤੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਲਾਟ ਆਕਾਸ਼ੀ ਲਾਲਟੈਨ ਦੇ ਅੰਦਰਲੀ ਹਵਾ ਨੂੰ ਗਰਮ ਕਰ ਦਿੰਦੀ ਹੈ। ਹਵਾ ਗਰਮ ਹੋ ਕੇ ਹਲਕੀ ਯਾਨੀ ਘੱਟ ਘਣਤਾ ਵਾਲੀ ਹੋ ਜਾਂਦੀ ਹੈ। ਸੰਵਹਿਣ (ਕਨਵੈਕਸ਼ਨ) ਵਿਧੀ ਨਾਲ ਇਸ ਅੰਦਰ ਸਾਰੀ ਹਵਾ ਗਰਮ ਹੋ ਜਾਂਦੀ ਹੈ। ਇਸ ਦੇ ਬਾਹਰ ਹਵਾ ਠੰਡੀ ਹੁੰਦੀ ਹੈ। ਗਰਮ ਹਵਾ ਉਪਰ ਵੱਲ ਉਛਾਲ ਬਲ ਪੈਦਾ ਕਰਦੀ ਹੈ। ਜਦੋਂ ਇਹ ਉਛਾਲ ਬਲ ਗ਼ੁਬਾਰੇ ਦੇ ਭਾਰ ਤੋਂ ਵੱਧ ਜਾਂਦਾ ਹੈ ਤਾਂ ਇਹ ਜ਼ਮੀਨ ਤੋਂ ਉੱਪਰ ਵੱਲ ਨੂੰ ਉੱਡ ਜਾਂਦਾ ਹੈ। ਜਿੰਨਾ ਚਿਰ ਲਾਟ ਜਗਦੀ ਹੈ, ਓਨਾ ਚਿਰ ਹੀ ਇਹ ਹਵਾ 'ਚ ਉੱਡਦਾ ਹੈ। ਜਦੋਂ ਲਾਟ ਬੁਝ ਜਾਂਦੀ ਹੈ ਤਾਂ ਅੰਦਰਲੀ ਹਵਾ ਠੰਢੀ ਹੋ ਜਾਣ ਕਾਰਣ ਭਾਰੀ ਹੋ ਜਾਂਦੀ ਹੈ ਅਤੇ ਇਹ ਜ਼ਮੀਨ 'ਤੇ ਵਾਪਸ ਡਿੱਗ ਪੈਂਦਾ ਹੈ। ਹਵਾ 'ਚ ਇਹ 8 ਤੋਂ 10 ਮਿੰਟ ਸਮੇਂ ਤੱਕ 2 ਤੋਂ 5 ਮੀਲ ਦੂਰ ਵੀ ਜਾ ਸਕਦਾ ਹੈ। ਕਈ ਵਾਰ ਹਵਾ 'ਚ ਟੇਢਾ ਹੋ ਜਾਣ ਕਾਰਨ ਸਾਰੇ ਕਾਗਜ਼ ਨੂੰ ਅੱਗ ਲੱਗ ਜਾਂਦੀ ਹੈ। ਜੇਕਰ ਬਲਦਾ ਹੋਇਆ ਇਹ ਧਰਤੀ 'ਤੇ ਡਿੱਗ ਪਵੇ ਤਾਂ ਮਨੁੱਖਾਂ, ਫ਼ਸਲਾਂ, ਜਾਨਵਰਾਂ, ਜੰਗਲਾਂ ਆਦਿ ਨੂੰ ਅੱਗ ਦਾ ਖ਼ਤਰਾ ਬਣ ਜਾਂਦਾ ਹੈ। ਲਾਟ ਦੇ ਬਲਣ ਨਾਲ ਕਾਰਬਨ ਡਾਈਆਕਸਾਈਡ ਪੈਦਾ ਹੋਣ ਕਾਰਨ ਹਵਾ ਪ੍ਰਦੂਸ਼ਣ ਵਧ ਜਾਂਦਾ ਹੈ। ਕਈ ਥਾਂ ਆਕਾਸ਼ੀ ਲਾਲਟੈਨ ਉਡਾਉਣ 'ਤੇ ਪਾਬੰਦੀ ਵੀ ਲਗਾਈ ਗਈ ਹੈ।

-ਮੋਬਾਈਲ : 9814592534

ਪਿਛਲੀ ਖ਼ਬਰ 31-01-26 ਅਗਲੀ ਖ਼ਬਰ ਆਓ, ਕੁਝ ਜਾਣੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।