21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਐਲਬਰਟ ਆਈਨਸਟੀਨ ਸੰਬੰਧੀ ਕੁਝ ਦਿਲਚਸਪ ਗੱਲਾਂ

ਅਜੀਤ ਡੈਸਕ 31-01-2026

ਮਹਾਨ ਵਿਗਿਆਨੀ ਐਲਬਰਟ ਆਈਨਸਟੀਨ ਨੂੰ ਵੀਹਵੀਂ ਸਦੀ ਦਾ ਸਭ ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਵਿਗਿਆਨੀ ਮੰਨਿਆ ਜਾਂਦਾ ਹੈ। ਉਸ ਵਲੋਂ ਕੀਤੀਆਂ ਗਈਆਂ ਖੋਜਾਂ ਤੋਂ ਬਿਨਾਂ ਅੱਜ ਦੇ ਵਿਗਿਆਨ ਦੀਆਂ ਖੋਜਾਂ ਕਰ ਸਕਣੀਆਂ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਆਉ ਜਾਣਦੇ ਇਸ ਮਹਾਨ ਵਿਗਿਆਨੀਸਬੰਧੀ ਕੁਝ ਦਿਲਚਸਪ ਗੱਲਾਂ:-
ਆਈਨਸਟੀਨ ਦੇ ਜਨਮ ਸਮੇਂ ਹੀ ਉਸ ਨੂੰ ਵੇਖ ਕੇ ਪਰਿਵਾਰ ਨੂੰ ਅਜਿਹਾ ਲੱਗਣ ਲੱਗਾ ਸੀ ਕਿ ਉਹ ਇਕ ਕੁਢੱਬੇ ਜਿਹੇ ਮੁੂੰਹ ਸਿਰ ਵਾਲਾ ਬੱਚਾ ਹੈ, ਪਰ ਬਾਅਦ ਵਿਚ ਪਤਾ ਲੱਗਾ ਸੀ ਕਿ ਉਹ ਇਕ ਭਾਵਨਾਰਹਿਤ ਪਰ ਬੇਹੱਦ ਤੇਜ਼ ਬੁੱਧੀ ਵਾਲਾ ਬੱਚਾ ਸੀ। ਪੰਜ ਸਾਲ ਦੀ ਛੋਟੀ ਉਮਰ ਵਿਚ ਜਦੋਂ ਉਹ ਬਿਮਾਰ ਹੋ ਗਿਆ ਸੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਇਕ ਚੁੰਬਕੀ ਕੰਪਾਸ ਲਿਆ ਕੇ ਦਿੱਤੀ ਸੀ। ਇਸ ਕੰਪਾਸ ਦੀ ਸੂਈ ਨੂੰ ਵੇਖ ਕੇ ਉਹ ਹੈਰਾਨ ਹੋ ਗਿਆ ਸੀ ਕਿ ਕੰਪਾਸ ਦੀ ਸੂਈ ਹਮੇਸ਼ਾਇਕ ਹੀ ਦਿਸ਼ਾ ਵਿਚ ਸੰਕੇਤ ਕਿਉਂ ਕਰਦੀ ਹੈ। ਤੇਜ਼ ਬੁੱਧੀ ਵਾਲੇ ਇਸ ਬਾਲਕ ਨੂੰ ਝੱਟ ਹੀ ਸਮਝ ਆ ਗਿਆ ਸੀ ਕਿ ਸਾਡੇ ਬ੍ਰਹਿਮੰਡ ਵਿਚ ਕੁਝ ਅਜਿਹੀਆਂ ਅਦਿੱਖ ਤਾਕਤਾਂ (ਜਿਨ੍ਹਾਂ ਨੂੰ ਬਾਅਦ ਵਿਚ ਚੁੰਬਕੀ ਬਲ ਵਜੋਂ ਜਾਣਿਆ ਗਿਆ) ਹਨ ਜੋ ਲੋਹੇ ਦੀਆਂ ਚੀਜ਼ਾਂ ਨੂੰ ਗਤੀ ਵਿਚ ਲਿਆਉਂਦੀਆਂ ਹਨ। ਸ਼ੁਰੂ ਸ਼ੁਰੂ ਵਿਚ ਉਹ ਬਹੁਤ ਹੀ ਘੱਟ ਬੋਲਿਆ ਕਰਦਾ ਸੀ ਅਤੇ ਉਸ ਦੀ ਆਵਾਜ਼ ਵੀ ਬੇਹੱਦ ਮੱਧਮ ਭਾਵ ਘੱਟ ਸੀ। ਨੌਂ ਸਾਲ ਦੀ ਉਮਰ ਵਿਚ ਜਾ ਕੇ ਹੀ ਉਹ ਸਪੱਸ਼ਟ ਬੋਲਣ ਜੋਗਾ ਹੋਇਆ ਸੀ। ਬਚਪਨ ਤੋਂ ਹੀ ਉਸ ਦੀ ਹਿਸਾਬ ਅਤੇ ਵਿਗਿਆਨ ਵਿਚ ਬਹੁਤ ਜ਼ਿਆਦਾ ਰੁਚੀ ਸੀ ਅਤੇ ਬਾਕੀ ਵਿਸ਼ਿਆਂ ਵਿਚ ਉਹ ਬੇਹੱਦ ਕਮਜ਼ੋਰ ਵਿਦਿਆਰਥੀ ਸੀ। ਵਿਗਿਆਨ ਵਿਚ ਦਿਲਚਸਪੀ ਤੋਂ ਇਲਾਵਾ ਉਹ ਵਾਇਲਨ ਸੁਣਨ ਦਾ ਅਤੇ ਵਜਾਉਣ ਦਾ ਬੇਹੱਦ ਸ਼ੌਕੀਨ ਸੀ। ਉਸ ਨੂੰ ਭੌਤਿਕ ਵਿਗਿਆਨ ਵਿਚ ਸਾਲ 1921 ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਉਹ ਜੁਰਾਬਾਂ ਨਹੀਂ ਪਹਿਣਦਾ ਸੀ। ਬਚਪਨ ਵਿਚ ਉਸ ਦੇ ਪੈਰ ਦਾ ਅੰਗੂਠਾ ਜੁਰਾਬਾਂ ਵਿਚ ਛੇਕ ਕਰ ਦਿੰਦਾ ਸੀ, ਜਿਸ ਕਰਕੇ ਉਸ ਨੂੰ ਜੁਰਾਬਾਂ ਤੋਂ ਨਫ਼ਰਤ ਹੋ ਗਈ ਸੀ। ਆਈਨਸਟੀਨ ਨੇ ਆਪਣੇ ਵਿਗਿਆਨਕ ਸਿਧਾਂਤ ਵਿਚ ਦੱਸਿਆ ਸੀ ਕਿ ਕੋਈ ਵੀ ਚੀਜ਼ ਪ੍ਰਕਾਸ਼ ਦੀ ਰਫ਼ਤਾਰ ਤੋਂ ਜ਼ਿਆਦਾ ਤੇਜ਼ ਨਹੀਂ ਚੱਲ ਸਕਦੀ ਹੈ। 1955 ਵਿਚ ਉਸ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਸਰੀਰ ਦਾ ਪੋਸਟਮਾਰਟਮ ਕੀਤਾ ਗਿਆ ਸੀ ਤਾਂ ਪ੍ਰਿੰਸਟੋਨ ਹਾਰਵੇ ਨਾਂਅ ਦੇ ਡਾਕਟਰ ਨੇ ਉਸ ਦਾ ਦਿਮਾਗ਼ ਚੋਰੀ ਕਰ ਲਿਆ ਸੀ। ਬਾਅਦ ਵਿਚ ਪਰਿਵਾਰ ਦੀ ਸਹਿਮਤੀ ਲੈਣ ਤੋਂ ਬਾਅਦ ਸਦੀ ਦੇ ਮਹਾਨ ਵਿਗਿਆਨੀ ਭਾਵ ਆਈਨਸਟੀਨ ਦੇ ਦਿਮਾਗ਼ ਉੱਤੇ ਸੰਸਾਰ ਦੇ ਕਈ ਮਾਹਿਰਾਂ ਵਲੋਂ ਅਨੇਕਾਂ ਖੋਜਾਂ ਕੀਤੀਆਂ ਗਈਆਂ ਸਨ। 1999 ਦੀ ਇਕ ਖੋਜ ਵਿਚ ਪਤਾ ਲੱਗਾ ਸੀ ਕਿ ਆਈਨਸਟੀਨ ਦੇ ਦਿਮਾਗ਼ ਵਿਚ ਆਮ ਆਦਮੀ ਨਾਲੋਂ ਕਿਤੇ ਜ਼ਿਆਦਾ ਵੱਧ ਮੋੜ ਭਾਵ ਵਲ ਸਨ, ਜਿਨ੍ਹਾਂ ਕਰਕੇ ਉਹ ਬੇਹੱਦ ਤੇਜ਼ ਅਕਲ ਦਾ ਮਾਲਕ ਸੀ। ਜ਼ਿਕਰਯੋਗ ਹੈ ਕਿ ਆਮ ਲੋਕਾਂ ਦਾ ਆਈ.ਕਿਊ. ਭਾਵ ਦਿਮਾਗ਼ੀ ਅਕਲ ਦਾ ਪੈਮਾਨਾ 100 ਤੋਂ 120 ਦੇ ਦਰਮਿਆਨ ਹੁੰਦਾ ਹੈ, ਜਦ ਕਿ ਆਈਨਸਟੀਨ ਦਾ ਆਈ.ਕਿਊ. 160 ਦੇ ਕਰੀਬ ਸੀ। ਆਈਨਸਟੀਨ ਯਹੂਦੀ ਧਰਮ ਨਾਲ ਸਬੰਧ ਰੱਖਦਾ ਸੀ। 1952 ਵਿਚ ਇਜ਼ਰਾਈਲ ਦੇ ਉਸ ਵਕਤ ਦੇ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਆਈਨਸਟੀਨ ਨੂੰ ਅਗਲਾ ਰਾਸ਼ਟਰਪਤੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਆਈਨਸਟੀਨ ਨੇ ਬੜੀ ਹਲੀਮੀ ਅਤੇ ਨਿਮਰਤਾ ਨਾਲ ਅਜਿਹਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਆਪਣੇ ਜੀਵਨ ਵਿਚ ਤਿੰਨ ਦੇਸ਼ਾਂ ਦਾ ਨਾਗਰਿਕ ਰਿਹਾ ਸੀ। ਉਸ ਦਾ ਜਨਮ ਜਰਮਨੀ ਵਿਚ ਹੋਇਆ ਸੀ। ਬਾਅਦ ਵਿਚ ਉਹ ਸਵਿਟਜ਼ਰਲੈਂਡ ਦਾ ਅਤੇ ਜੀਵਨ ਦੇ ਆਖ਼ਰੀ ਪੜਾਅ ਵਿਚ ਉਹ ਅਮਰੀਕਾ ਦਾ ਨਾਗਰਿਕ ਬਣਿਆ ਸੀ।

-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ (ਗੁਰਦਾਸਪੁਰ)।
ਮੋਬਾਈਲ : 62842-20595

ਪਿਛਲੀ ਖ਼ਬਰ ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ ਅਗਲੀ ਖ਼ਬਰ ਇੰਜ ਹੁੰਦੀ ਹੈ ਪਹਾੜੀ ਖੇਤਰਾਂ 'ਚ ਬਰਫ਼ਬਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।