ਇਕ ਕਵੀ ਦੀਆਂ ਇਹ ਸਤਰਾਂ:
'ਇਹ ਜੀਵਨ ਮੋਇਆਂ ਮੁਕਦਾ ਨਹੀਂ,
ਕੁਝ ਲੋਕਾਂ ਲੇਖੇ ਲਾ ਲਈਏ,
ਕੁਝ ਲੋਕਾਂ ਕੋਲੋਂ ਸਿੱਖ ਲਈਏ
ਕੁਝ ਲੋਕਾਂ ਤਾਈਂ ਸਿਖਾ ਲਈਏ।'
ਲੇਖਿਕਾ ਪਰਮਜੀਤ ਕੌਰ ਸਰਾਂ 'ਤੇ ਪੂਰੀ ਤਰ੍ਹਾਂ ਢੁਕਦੀਆਂ ਹਨ। ਉਹ ਪੰਜਾਬੀ ਬੋਲੀ ਨੂੰ ਸਮਰਪਿਤ ਹੈ। ਇਸੇ ਬੋਲੀ 'ਚ ਉਹ ਆਪਣੇ ਜਜ਼ਬਾਤ ਦੀ ਤਰਜਮਾਨੀ ਕਰਦੀ ਹੈ। ਉਹ ਪੰਜਾਬੀ ਭਾਸ਼ਾ ਨਾਲ ਡੂੰਘੇ ਤੌਰ 'ਤੇ ਜੁੜੀ ਹੋਈ ਹੈ। ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੁੜ੍ਹਤੀ ਵੀ ਉਸ ਨੂੰ ਆਪਣੇ ਪੁਰਖਿਆਂ ਤੋਂ ਮਿਲੀ ਹੈ। ਕਿਤਾਬਾਂ ਨਾਲ ਜੋੜਨ ਦੀ ਪਹਿਲੀ ਪ੍ਰੇਰਨਾ ਸਰੋਤ ਉਨ੍ਹਾਂ ਦੀ ਦਾਦੀ ਹੈ। ਇਸ ਤੋਂ ਇਲਾਵਾ ਉਸ ਨੂੰ ਲਿਖਣ ਦੀ ਆਦਤ ਨਾਨਕੇ ਅਤੇ ਦਾਦਕੇ ਦੋਵਾਂ ਪਰਿਵਾਰਾਂ ਤੋਂ ਮਿਲੀ। ਬਹੁਤ ਸਾਰੇ ਧਾਰਮਿਕ ਗ੍ਰੰਥ ਉਸ ਨੇ ਬਚਪਨ ਵਿਚ ਹੀ ਪੜ੍ਹ ਲਏ ਹਨ। 20-25 ਸਾਲਾਂ ਦੀ ਉਮਰ ਤੱਕ ਪਹੁੰਚਦਿਆਂ ਉਸ ਦੀ ਦਿਲਚਸਪੀ ਸਾਹਿਤ ਦੀਆਂ ਹੋਰ ਵੰਨਗੀਆ ਵੱਲ ਹੋ ਗਈ। 17 ਸਾਲਾਂ ਦੀ ਉਮਰ ਵਿਚ ਮਾਪਿਆਂ ਨੇ ਪਰਮਜੀਤ ਕੌਰ ਸਰਾਂ ਦਾ ਵਿਆਹ ਕਰ ਦਿੱਤਾ। ਮਾਪਿਆਂ ਦੀ ਸੋਚ ਸੀ ਕਿ ਲੜਕੀਆਂ ਨੂੰ ਜ਼ਿਆਦਾ ਪੜ੍ਹਾਉਣ ਦੀ ਲੋੜ ਨਹੀਂ ਹੁੰਦੀ, ਪਰ ਸਹੁਰੇ ਘਰ ਵਿਚ ਉਸ ਨੂੰ ਪੜ੍ਹਨ ਦਾ ਰਸਤਾ ਮਿਲ ਗਿਆ। ਦਸਵੀਂ ਤੋਂ ਬਾਅਦ ਗਿਆਨ ਗਰੈਜੂਏਸ਼ਨ ਤਿੰਨ ਵਾਧੂ ਵਿਸ਼ਿਆਂ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਸਮੇਤ ਕੀਤੀ। ਬੀ.ਐੱਡ ਅਤੇ ਤਿੰਨ ਐਮ.ਏ. ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਨਾਲ ਲਾਇਬ੍ਰੇਰੀ ਸਾਇੰਸ ਦੀ ਡਿਗਰੀ ਅਤੇ ਐਮ.ਐੱਡ ਪੰਜਾਬੀ ਵਿਚ ਯੂ.ਜੀ.ਸੀ. (ਨੈਟ) ਪਾਸ ਕੀਤਾ, ਪਰ ਘਰ ਵਿਚ ਆਰਥਿਕ ਤੰਗੀ ਕਾਰਨ ਉਸ ਨੇ ਪ੍ਰਾਈਵੇਟ ਨੌਕਰੀ ਅਤੇ ਟਿਊਸ਼ਨਾਂ ਵੀ ਪੜ੍ਹਾਈਆਂ। ਇਸ ਦੇ ਨਾਲ-ਨਾਲ ਉਸ ਨੇ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਮੋਹ ਭੰਗ ਨਹੀਂ ਹੋਣ ਦਿੱਤਾ। ਸਖ਼ਤ ਮਿਹਨਤ ਤੋਂ ਬਾਅਦ ਉਸ ਨੇ ਸਰਕਾਰੀ ਅਧਿਆਪਕਾ ਵਜੋਂ ਨੌਕਰੀ ਵਿਚ ਪ੍ਰਵੇਸ਼ ਕੀਤਾ। ਪੰਜਾਬੀ ਬੋਲੀ ਸਿੱਖਿਆ ਤੇ ਮਹੱਤਵਪੂਰਨ ਸਮਾਜਿਕ ਵਿਸ਼ਿਆਂ 'ਤੇ ਦੋ ਸੌ ਦੇ ਕਰੀਬ ਲੇਖ ਪੰਜਾਬੀ ਦੇ ਵੱਖ-ਵੱਖ ਅਖ਼ਬਾਰਾਂ ਵਿਚ ਛਪ ਚੁੱਕੇ ਹਨ। ਸਾਲ 2019 ਵਿਚ ਨਿਊਯਾਰਕ ਤੋਂ ਛਪਦੇ ਅਖ਼ਬਾਰ 'ਪਿੰਡ ਦਾ ਇਤਿਹਾਸ' ਲੜੀਵਾਰ ਛਪਿਆ। ਦੋ ਵਾਰਤਕ ਪੁਸਤਕਾਂ 'ਸੋਚਧਾਰਾ' ਅਤੇ 'ਸ਼ਬਦ ਵਣਜਾਰੇ' ਛਪੀਆਂ। ਖੋਜ ਭਰਪੂਰ ਕਿਤਾਬ ਫ਼ਰੀਦਕੋਟ ਜ਼ਿਲ੍ਹੇ ਦੇ 100 ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸਕ ਵੇਰਵਾ ਹੈ। ਇਕ ਬੱਚਿਆਂ ਲਈ ਸੰਪਾਦਿਤ ਪੁਸਤਕ 'ਨਵੀਆਂ ਕਲਮਾਂ, ਨਵੀਂ ਉਡਾਣ' ਤਿਆਰ ਕਰਵਾਈ, ਜੋ ਬਾਲ ਲੇਖਕਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦਾ ਇਕ ਵਿਲੱਖਣ ਉਪਰਾਲਾ ਕਿਹਾ ਜਾ ਸਕਦਾ ਹੈ। ਉਸ ਦੀਆਂ ਵੱਖ-ਵੱਖ ਚੈਨਲਾਂ ਅਤੇ ਰੇਡੀਓ 'ਤੇ ਔਰਤਾਂ ਦੇ ਵਿਸ਼ਿਆਂ 'ਤੇ ਵਾਰਤਾਵਾਂ ਅਤੇ ਹੋਈਆਂ ਚਰਚਾ ਵਿਚ ਰਹੀਆਂ ਹਨ। ਉਹ ਹੁਣ ਤੱਕ ਅੰਤਰਰਾਸ਼ਟਰੀ ਮਾਂ-ਬੋਲੀ 'ਤੇ ਪਾਕਿਸਤਾਨ, ਨਿਊਜ਼ੀਲੈਂਡ, ਦੁਬਈ ਸਮੇਤ ਕਈ ਦੇਸ਼ਾਂ ਅੰਦਰ ਸੈਮੀਨਾਰਾਂ ਵਿਚ ਸ਼ਮੂਲੀਅਤ ਕਰ ਚੁੱਕੀ ਹੈ। ਉਹ ਪੰਜਾਬੀ ਸਾਹਿਤ ਨੂੰ ਆਪਣੇ ਤੱਕ ਨਾ ਸੀਮਤ ਰੱਖ ਕੇ ਬੱਚਿਆਂ ਨੂੰ ਜੋੜਨ ਦਾ ਉਪਰਾਲਾ ਕਰ ਰਹੀ ਹੈ। ਉਸ ਦਾ ਮੰਨਣਾ ਹੈ ਕਿ ਉਹ ਉਸਤਾਦ ਹਮੇਸ਼ਾ ਯਾਦ ਰੱਖੇ ਜਾਂਦੇ ਹਨ, ਜੋ ਹੁਨਰ ਆਪਣੇ ਸ਼ਾਗਿਰਦਾਂ ਨੂੰ ਦੇ ਕੇ ਜਾਂਦੇ ਹਨ। ਪਰਮਜੀਤ ਕੌਰ ਸਰਾਂ ਕਈ ਵੱਕਾਰੀ ਸਨਮਾਨ ਪ੍ਰਾਪਤ ਕਰ ਚੁੱਕੀ ਹੈ। ਉਸ ਦਾ ਇਹ ਸਫ਼ਰ ਅਜੇ ਵੀ ਜਾਰੀ ਹੈ।
-ਅਜੀਤ ਜ਼ਿਲ੍ਹਾ ਇੰਚਾਰਜ
ਉਪ ਦਫ਼ਤਰ ਫ਼ਰੀਦਕੋਟ।