01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਹਾਕੀ ਵਿਸ਼ਵ ਕੱਪ-2026 ਭਾਰਤੀ ਟੀਮਾਂ ਦਾ ਅਧੂਰਾ ਰਿਹਾ ਖ਼ਿਤਾਬ ਜਿੱਤਣ ਦਾ ਸੁਪਨਾ

ਹਾਕੀ ਵਿਸ਼ਵ ਕੱਪ-2026 ਭਾਰਤੀ ਟੀਮਾਂ ਦਾ ਅਧੂਰਾ ਰਿਹਾ ਖ਼ਿਤਾਬ ਜਿੱਤਣ ਦਾ ਸੁਪਨਾ

ਅਜੀਤ ਡੈਸਕ 01-09-2026

 

ਨੀਦਰਲੈਂਡਜ਼ ਤੇ ਬੈਲਜੀਅਮ 'ਚ 15 ਤੋਂ 30 ਅਗਸਤ ਤੱਕ ਕਰਵਾਏ ਗਏ ਹਾਕੀ ਵਿਸ਼ਵ ਕੱਪ-2026 ਵਿਚ ਜਿੱਥੇ ਇਕ ਪਾਸੇ ਵੱਖ-ਵੱਖ ਮੁਲਕਾਂ ਦੀਆਂ ਟੀਮਾਂ ਵੱਡੀਆਂ ਜਿੱਤਾਂ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜ ਰਹੀਆਂ ਸਨ, ਉੱਥੇ ਹੀ ਭਾਰਤੀ ਮਹਿਲਾ ਤੇ ਪੁਰਸ਼ ਹਾਕੀ ਟੀਮਾਂ 'ਫਾਡੀ' ਰਹੀਆਂ ਤੇ ਉਨ੍ਹਾਂ ਦਾ ਖ਼ਿਤਾਬ ਜਿੱਤਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ | ਦੋਵਾਂ ਟੀਮਾਂ ਨੇ ਕਾਫ਼ੀ ਨਿਰਾਸ਼ਜਨਕ ਪ੍ਰਦਰਸ਼ਨ ਕੀਤਾ, ਜਿਸ ਕਾਰਨ ਕਰੋੜਾਂ ਭਾਰਤੀ ਹਾਕੀ ਪ੍ਰੇਮੀਆਂ ਦੇ ਦਿਲ ਟੁੱਟ ਗਏ | ਇਸ ਤਰ੍ਹਾਂ ਭਾਰਤੀ ਹਾਕੀ 'ਚ 51 ਸਾਲ ਤੋਂ ਪਿਆ ਸੋਕਾ ਖ਼ਤਮ ਕਰਨ ਦੀਆਂ ਉਮੀਦਾਂ ਵੀ ਚਕਨਾਚੂਰ ਹੋ ਗਈਆਂ |
ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਵਿਸ਼ਵ ਕੱਪ 'ਚ ਭਾਰਤੀ ਟੀਮਾਂ ਦੇ ਅਜਿਹੇ ਪ੍ਰਦਰਸ਼ਨ ਦੇ ਕਾਰਨ ਕੀ ਰਹੇ? ਕੀ ਬੀਤੇ ਸਮੇਂ ਦੀਆਂ ਗਲਤੀਆਂ ਤੋਂ ਖਿਡਾਰੀਆਂ ਤੇ ਟੀਮ ਪ੍ਰਬੰਧਕਾਂ ਨੇ ਕੋਈ ਸਬਕ ਨਹੀਂ ਸਿੱਖਿਆ? ਆਖਰ ਕਮੀ ਕਿੱਥੇ ਰਹਿ ਗਈ? ਇਹ ਠੀਕ ਹੈ ਕਿ ਇਹ ਮਾਣ ਸਿਰਫ਼ ਭਾਰਤੀ ਟੀਮ ਨੂੰ  ਹੀ ਜਾਂਦਾ ਹੈ ਕਿ ਭਾਰਤ ਨੇ ਉਲੰਪਿਕ ਖੇਡਾਂ ਵਿਚ ਹੁਣ ਤੱਕ ਸਭ ਤੋਂ ਵੱਧ ਤਗਮੇ (ਅੱਠ ਸੋਨੇ ਦੇ, ਇਕ ਚਾਂਦੀ ਦਾ ਤੇ ਦੋ ਕਾਂਸੀ ਦੇ) ਜਿੱਤੇ ਹਨ | ਉਲੰਪਿਕ ਖੇਡਾਂ ਤੋਂ ਇਲਾਵਾ ਭਾਰਤੀ ਹਾਕੀ ਟੀਮ ਨੇ 1966 'ਚ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਅਤੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ | ਇਸ ਤੋਂ ਇਲਾਵਾ 1975 'ਚ ਵਿਸ਼ਵ ਕੱਪ ਜਿੱਤਿਆ ਅਤੇ ਹਰ ਪਾਸੇ ਆਪਣੀ ਬੱਲੇ-ਬੱਲੇ ਕਰਾਈ | ਇਹ ਵੀ ਇਕ ਹਕੀਕਤ ਹੈ ਕਿ ਉਲੰਪਿਕ ਖੇਡਾਂ 'ਚ ਸੁਨਿਹਰੀ ਇਤਿਹਾਸ ਰਚਣ ਵਾਲੀ ਭਾਰਤੀ ਟੀਮ 1980 ਦੀਆਂ ਮਾਸਕੋ ਉਲੰਪਿਕ ਖੇਡਾਂ 'ਚ ਸੋਨ ਤਗਮਾ ਜਿੱਤਣ ਤੋਂ ਬਾਅਦ ਪੂਰੇ ਚਾਰ ਦਹਾਕਿਆਂ ਦੌਰਾਨ ਉਲੰਪਿਕ ਵਿਚ ਕੋਈ ਤਗਮਾ ਨਹੀਂ ਜਿੱਤ ਸਕੀ ਸੀ, ਪਰ ਪਿਛਲੀਆਂ ਦੋ ਉਲੰਪਿਕ ਖੇਡਾਂ ਦੌਰਾਨ ਭਾਰਤੀ ਟੀਮ ਲਗਾਤਾਰ ਦੋ ਵਾਰ ਕਾਂਸੀ ਦਾ ਤਗਮਾ ਜਿੱਤਣ 'ਚ ਕਾਮਯਾਬ ਰਹੀ | ਭਾਰਤੀ ਟੀਮ 'ਚ ਕਈ ਅਜਿਹੀਆਂ ਕਮਜ਼ੋਰੀਆਂ ਹਨ, ਜੋ ਲੰਬੇ ਸਮੇਂ ਤੋਂ ਮੌਜੂਦ ਹਨ, ਜਿਨ੍ਹਾਂ ਨੂੰ  ਦੂਰ ਕਰਨ ਦੇ ਯਤਨ ਵੀ ਕੀਤੇ ਜਾਂਦੇ ਰਹੇ ਪਰ ਇਹੀ ਕਮਜ਼ੋਰੀਆਂ ਹਰ ਵਾਰ ਹਾਰ ਦਾ ਕਾਰਨ ਬਣਦੀਆਂ ਰਹੀਆਂ | ਵਿਸ਼ਵ ਕੱਪ ਦੌਰਾਨ ਭਾਰਤੀ ਹਾਕੀ ਟੀਮ ਡਿਫੈਂਸ, ਪੈਨਲਟੀ ਕਾਰਨਰ ਨੂੰ  ਗੋਲਾਂ ਵਿਚ ਬਦਲਣ ਅਤੇ ਮੈਦਾਨੀ ਗੋਲ ਕਰਨ ਦੇ ਮੌਕੇ ਬਣਾਉਣ 'ਚ ਅਸਫ਼ਲ ਰਹੀ ਹੈ | ਇਸ ਤੋਂ ਇਲਾਵਾ ਭਾਰਤੀ ਖਿਡਾਰੀ ਇਕ ਥਾਂ ਖੜ੍ਹੇ ਹੋ ਕੇ ਗੇਂਦ ਦੀ ਉਡੀਕ ਕਰਦੇ ਰਹੇ, ਜਿਸ ਦਾ ਫ਼ਾਇਦਾ ਦੂਜੀਆਂ ਟੀਮਾਂ ਉਠਾਉਂਦੀਆਂ ਰਹੀਆਂ | ਵਿਦੇਸ਼ੀ ਟੀਮਾਂ ਦੇ ਖਿਡਾਰੀ ਸਰੀਰਕ ਰੂਪ ਵਿਚ ਭਾਰਤੀ ਖਿਡਾਰੀਆਂ ਨਾਲੋਂ ਵੱਧ ਫਿੱਟ ਹੁੰਦੇ ਹਨ, ਜਿਸ ਕਰਕੇ ਉਹ ਆਪਣੀ ਤਾਕਤ ਨਾਲ ਵੀ ਭਾਰਤੀ ਖਿਡਾਰੀਆਂ 'ਤੇ ਦਬਾਅ ਬਣਾਉਣ ਦਾ ਯਤਨ ਕਰਦੇ ਹਨ |
 ਅਜੇ ਵੀ ਸਮਾਂ ਹੈ ਕਿ ਜੇ ਭਾਰਤੀ ਟੀਮ ਦੀ ਚੋਣ ਸਹੀ ਤਰੀਕੇ ਨਾਲ ਕੀਤੀ ਜਾਵੇ, ਚੰਗੇ ਹਾਕੀ ਖਿਡਾਰੀਆਂ ਨੂੰ  ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ, ਉਨ੍ਹਾਂ ਨੂੰ  ਸਖ਼ਤ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਜਾਵੇ, ਚੰਗੇ ਭਾਰਤੀ ਤੇ ਵਿਦੇਸ਼ੀ ਕੋਚਾਂ ਤੋਂ ਅਤਿ ਆਧੁਨਿਕ ਸਿਖਲਾਈ ਦਿਵਾਈ ਜਾਵੇ, ਉੱਚ ਪੱਧਰ ਦੀਆਂ ਖੇਡ ਸਹੂਲਤਾਂ ਦਿੱਤੀਆਂ ਜਾਣ, ਪੈਨਲਟੀ ਕਾਰਨਰਾਂ ਨੂੰ  ਗੋਲ ਵਿਚ ਬਦਲਣ ਅਤੇ ਮੈਦਾਨੀ ਗੋਲ ਕਰਨ ਦੀ ਚੰਗੀ ਮੁਹਾਰਤ ਦਿੱਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿਚ ਭਾਰਤੀ ਹਾਕੀ ਟੀਮ ਵੀ ਵਿਸ਼ਵ ਤੇ ਉਲੰਪਿਕ ਜੇਤੂ ਬਣਨ ਦਾ ਸੁਪਨਾ ਪੂਰਾ ਕਰ ਸਕਦੀ ਹੈ |
-ਲੱਕੀ ਨਿਵਾਸ, 61 ਏ ਵਿੱਦਿਆ ਨਗਰ, ਪਟਿਆਲਾ |
ਮੋਬਾਈਲ : 94638-19174 

ਪਿਛਲੀ ਖ਼ਬਰ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ ਚੋਣ ਮਨੋਰਥ ਪੱਤਰ ਬਣਾਉਣ ਦੀ ਸ਼ੁਰੂਆਤ-ਡਾ. ਅਮਰ ਸਿੰਘ ਅਗਲੀ ਖ਼ਬਰ ਡੂੁਰੰਡ ਕੱਪ–2026 ਪੂਰਬੀ ਬੰਗਾਲ ਟੀਮ 22 ਸਾਲ ਬਾਅਦ ਬਣੀ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।