27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਭਿ ਦੂਖ ਵਿਸਾਰਣਹਾਰਾ

ਅਜੀਤ ਡੈਸਕ 09-03-2026

ਧਰਤੀ 'ਤੇ ਵਸਦੇ ਜੀਵਾਂ 'ਚੋਂ ਮਨੁੱਖ ਨੂੰ ਸਰਵਸ੍ਰੇਸ਼ਠ ਜੀਵ ਮੰਨਿਆ ਗਿਆ ਹੈ। ਆਪਣੀਆਂ ਜੈਵਿਕ ਖੂਬੀਆਂ ਕਰਕੇ ਉਹ ਦੂਜੇ ਜੀਵਾਂ ਤੋਂ ਭਿੰਨ ਹੈ। ਇਹ ਵੀ ਇਕ ਸਚਾਈ ਹੈ ਕਿ ਮਨੁੱਖ ਦੂਜੇ ਜੀਵਾਂ ਨਾਲੋਂ ਵੱਧ ਨਿਰਾਸ਼ ਅਤੇ ਹਤਾਸ਼ ਹੈ। ਉਹ ਆਪੇ ਸਹੇੜੇ ਅਜਿਹੇ ਦੁੱਖਾਂ ਵਿਚ ਗ੍ਰਸਿਆ ਹੋਇਆ ਜਿਨ੍ਹਾਂ ਦਾ ਕੋਈ ਇਲਾਜ ਹੀ ਸੰਭਵ ਨਹੀਂ। ਅਜਿਹੇ ਹਾਲਾਤ ਵਿਚ ਗੁਰੂ ਸਾਹਿਬਾਨ ਦੀ ਰਚੀ ਗੁਰਬਾਣੀ ਮਨੁੱਖ ਦਾ ਮਾਰਗਦਰਸ਼ਨ ਕਰਦੀ ਹੈ। ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਰਾਗ ਆਸਾ ਵਿਚ ਉਚਾਰੇ ਸ਼ਬਦ 'ਚ ਫੁਰਮਾਉਂਦੇ ਹਨ:
ਸਭਿ ਜੀਅ ਤੁਮਾਰੇ ਜੀ
ਤੂੰ ਜੀਆ ਕਾ ਦਾਤਾਰਾ॥
ਹਰਿ ਧਿਆਵਹੁ ਸੰਤਹੁ ਜੀ
ਸਭਿ ਦੂਖ ਵਿਸਾਰਣਹਾਰਾ॥
ਹਰਿ ਆਪੇ ਠਾਕੁਰੁ ਹਰਿ
ਆਪੇ ਸੇਵਕੁ ਜੀ
ਕਿਆ ਨਾਨਕ ਜੰਤ ਵਿਚਾਰਾ॥
(ਆਸਾ, ਮ:4, ਅੰਗ : 10)
ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਉਹ ਸੱਚਾ ਪਰਮਾਤਮਾ ਖ਼ੁਦ ਸੰਸਾਰ ਰੂਪੀ ਮਾਇਆ ਤੋਂ ਮੁਕਤ ਹੈ। ਸੰਸਾਰ ਦੇ ਸਾਰੇ ਜੀਵ ਉਸ ਨੂੰ ਧਿਆਉਂਦੇ ਹਨ। ਸਭ ਜੀਵਾਂ ਦਾ ਉਹੀ ਸਿਰਜਣਹਾਰ ਹੈ। ਗੁਰੂ ਸਾਹਿਬ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ਕਿ ਹੇ ਸੱਚੇ ਸਿਰਜਣਹਾਰ ਪਰਮਾਤਮਾ, ਸੰਸਾਰ ਦੇ ਸਾਰੇ ਜੀਵ ਤੇਰੀ ਹੀ ਘਾਤੜ ਹਨ। ਤੂੰ ਹੀ ਸਭ ਜੀਵਾਂ ਨੂੰ ਦਾਤਾਂ ਬਖ਼ਸ਼ਣ ਵਾਲਾ ਏਂ। ਐ ਸੰਤ ਜਨੋਂ। ਉਸੇ ਸੱਚੇ ਪਰਮਾਤਮਾ ਨੂੰ ਧਿਆਓ। ਉਹ ਆਪਣੇ ਜੀਵਾਂ ਦੇ ਸਾਰੇ ਦੁੱਖ ਭੁਲਾ ਦਿੰਦਾ ਹੈ, ਸਾਰੇ ਦੁੱਖ ਦੂਰ ਕਰ ਦਿੰਦਾ ਹੈ। ਉਹ ਪਰਮਾਤਮਾ ਖ਼ੁਦ ਹੀ ਸਾਰੇ ਜੀਵਾਂ ਦਾ ਮਾਲਕ ਹੈ। ਆਪੇ ਸੇਵਕ ਬਣ ਕੇ ਸਾਰੇ ਜੀਵਾਂ ਨੂੰ ਪਾਲਦਾ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਉਸ ਸੱਚੇ ਪਰਮਾਤਮਾ ਦਾ ਨਾਂਅ ਸੰਸਾਰ ਦੇ ਦੁੱਖਾਂ ਦੀ ਔਖੀ ਤੋਂ ਔਖੀ ਘਾਟੀ ਤੋਂ ਵੀ ਪਾਰ ਲੰਘਾ ਦਿੰਦਾ ਹੈ। ਸਰੀਰਕ, ਮਾਨਸਿਕ ਰੋਗਾਂ ਨੂੰ ਪਲਾਂ 'ਚ ਮੁਕਾ ਦਿੰਦਾ ਹੈ। ਉਸ ਵਿਚ ਸ਼ਰਧਾ ਅਤੇ ਵਿਸ਼ਵਾਸ ਗੂੜ੍ਹਾ ਅਤੇ ਪੱਕਾ ਹੋਵੇ ਤਾਂ ਦੁੱਖ ਟਿਕੇਗਾ ਹੀ ਨਹੀਂ। ਉਸ ਦੇ ਭਾਣੇ 'ਚ ਰਹਿ ਕੇ, ਉਸ ਦੀ ਮਰਜ਼ੀ ਨੂੰ ਸਵੀਕਾਰ ਕਰਦਿਆਂ ਚਲਦੇ ਰਹਿਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੇ ਬਚਨ ਸੱਚ ਦੀ ਵੱਡੀ ਮਿਸਾਲ ਸਥਾਪਤ ਕਰਦੇ ਹਨ। ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ ਜਿਹੇ ਭਿਆਨਕ ਅਤੇ ਅਸਾਧ ਰੋਗ ਮਨੁੱਖ ਦਾ ਕੁਝ ਨਹੀਂ ਵਿਗਾੜ ਪਾਉਂਦੇ। ਉਸ ਸੱਚੇ ਪਿਤਾ ਪਰਮਾਤਮਾ ਦੀ ਸੱਚੀ ਕੁਦਰਤ ਅਨੁਸਾਰ ਜਿਊਂਦੇ ਲੋਕ ਉਸ ਪਰਮਾਤਮਾ ਦੀ ਗੋਦ ਦਾ ਨਿੱਘ ਮਾਣਦੇ ਹੋਏ ਦੁੱਖਾਂ-ਰੋਗਾਂ ਤੋਂ ਬਚੇ ਰਹਿੰਦੇ ਹਨ।

-ਮੋਬਾਈਲ : 98146-81444

ਪਿਛਲੀ ਖ਼ਬਰ ਮਹਿਲਾ ਮੰਡਲ ਟੋਹਾਣਾ ਵੱਲੋਂ ਤੇਰਾਪੰਥ ਭਵਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਸ਼ਹੀਦੀ ਦਿਵਸ 'ਤੇ ਵਿਸ਼ੇਸ਼-ਸਿੱਖ ਪੰਥ ਦੀ ਅਹਿਮ ਸ਼ਖ਼ਸੀਅਤ ਬਾਬੂ ਲਾਭ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।