ਕੂੜੇ ਦੇ ਡੰਪ ’ਚ ਲੱਗੀ ਅੱਗ ਤੋਂ ਉੱਠ ਰਹੇ ਧੂੰਏਂ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ
ਨਵੇਂ ਬੱਸ ਸਟੈਂਡ ਨੇੜੇ ਫੈਲ ਰਿਹਾ ਜ਼ਹਿਰੀਲਾ ਧੂੰਆਂ, ਗਊਸ਼ਾਲਾ ਦੀਆਂ ਗਊਆਂ ਤੇ ਸੇਵਾਦਾਰ ਵੀ ਹੋ ਰਹੇ ਪ੍ਰੇਸ਼ਾਨ
ਤਪਾ ਮੰਡੀ, 27 ਨਵੰਬਰ (ਪ੍ਰਵੀਨ ਗਰਗ)-ਪਿਛਲੇ ਕਾਫੀ ਦਿਨਾਂ ਤੋਂ ਤਪਾ ਦੇ ਨਵੇਂ ਬੱਸ ਸਟੈਂਡ ਵਿਖੇ ਬਣੇ ਕੂੜੇ ਦੇ ਡੰਪ ’ਚ ਲੱਗੀ ਅੱਗ ਕਾਰਨ ਨਿਕਲ ਰਹੇ ਧੂੰਏਂ ਨੇ ਆਸ-ਪਾਸ ਦੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ। ਕੂੜੇ ਦੇ ਢੇਰਾਂ ਵਿਚੋਂ ਲਗਾਤਾਰ ਉੱਠ ਰਹੇ ਧੂੰਏਂ ਕਾਰਨ ਜਿੱਥੇ ਆਲੇ-ਦੁਆਲੇ ਦੇ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਅਤੇ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਇਸ ਦਾ ਅਸਰ ਨਜ਼ਦੀਕ ਸਥਿਤ ਗਊਸ਼ਾਲਾ ਵਿਚ ਰਹਿ ਰਹੀਆਂ ਗਊਆਂ ’ਤੇ ਵੀ ਪੈ ਰਿਹਾ ਹੈ।
ਤਪਾ ਮੰਡੀ, 27 ਨਵੰਬਰ (ਪ੍ਰਵੀਨ ਗਰਗ)-ਪਿਛਲੇ ਕਾਫੀ ਦਿਨਾਂ ਤੋਂ ਤਪਾ ਦੇ ਨਵੇਂ ਬੱਸ ਸਟੈਂਡ ਵਿਖੇ ਬਣੇ ਕੂੜੇ ਦੇ ਡੰਪ ’ਚ ਲੱਗੀ ਅੱਗ ਕਾਰਨ ਨਿਕਲ ਰਹੇ ਧੂੰਏਂ ਨੇ ਆਸ-ਪਾਸ ਦੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ। ਕੂੜੇ ਦੇ ਢੇਰਾਂ ਵਿਚੋਂ ਲਗਾਤਾਰ ਉੱਠ ਰਹੇ ਧੂੰਏਂ ਕਾਰਨ ਜਿੱਥੇ ਆਲੇ-ਦੁਆਲੇ ਦੇ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਅਤੇ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਇਸ ਦਾ ਅਸਰ ਨਜ਼ਦੀਕ ਸਥਿਤ ਗਊਸ਼ਾਲਾ ਵਿਚ ਰਹਿ ਰਹੀਆਂ ਗਊਆਂ ’ਤੇ ਵੀ ਪੈ ਰਿਹਾ ਹੈ। ਗਊਸ਼ਾਲਾ ਵਿਚ ਗਊਆਂ ਦੀ ਸੇਵਾ ਕਰਨ ਲਈ ਆਉਣ ਵਾਲੇ ਸੇਵਾਦਾਰਾਂ ਨੂੰ ਵੀ ਧੂੰਏਂ ਕਾਰਨ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਸੇਵਾਦਾਰਾਂ ਦਾ ਕਹਿਣਾ ਹੈ ਕਿ ਧੂੰਏਂ ਦੀ ਬਦਬੂ ਅਤੇ ਇਸ ਨਾਲ ਹੋਣ ਵਾਲੀ ਘੁਟਨ ਕਾਰਨ ਗਊਆਂ ਦੀ ਸੇਵਾ ਕਰਨੀ ਵੀ ਔਖੀ ਹੋ ਗਈ ਹੈ। ਸ਼ਹਿਰ ਵਾਸੀਆਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਕਿ ਕੂੜੇ ਦੇ ਡੰਪ ਵਿਚ ਲੱਗੀ ਅੱਗ ਨੂੰ ਬੁਝਾਉਣ ਅਤੇ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਸਬੰਧਿਤ ਵਿਭਾਗ ਵਲੋਂ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਿਆ ਜਾ ਰਿਹਾ। ਲੋਕਾਂ ਨੇ ਨਗਰ ਕੌਂਸਲ ਅਤੇ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕੂੜੇ ਦੇ ਡੰਪ ਵਿਚ ਲੱਗੀ ਅੱਗ ਨੂੰ ਤੁਰੰਤ ਬੁਝਾਇਆ ਜਾਵੇ ਅਤੇ ਭਵਿੱਖ ਵਿਚ ਅਜਿਹੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ, ਤਾਂ ਜੋ ਲੋਕਾਂ ਅਤੇ ਬੇਜ਼ਬਾਨ ਪਸ਼ੂਆਂ ਨੂੰ ਇਸ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ। ਜਦ ਇਸ ਸਬੰਧੀ ਨਗਰ ਕੌਂਸਲ ਤਪਾ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੀਵਾਲੀ ਦੇ ਸਮੇਂ ਪਟਾਕਿਆਂ ਦੀ ਚਿੰਗਾਰੀ ਕੂੜੇ ਦੇ ਢੇਰ ਵਿਚ ਡਿੱਗਣ ਕਾਰਨ ਅੱਗ ਲੱਗ ਗਈ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ.ਵਲੋਂ ਕਈ ਵਾਰ ਪਾਣੀ ਦੀਆਂ ਟੈਂਕੀਆਂ ਮੰਗਵਾ ਕੇ ਅੱਗ ਬੁਝਾਉਣ ਦੇ ਯਤਨ ਕੀਤੇ ਗਏ ਹਨ, ਪਰ ਕੂੜੇ ਦੇ ਅੰਦਰ ਤੱਕ ਅੱਗ ਸੁਲਗਦੀ ਰਹਿਣ ਕਾਰਨ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਹੁਣ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਕੂੜੇ ਦੇ ਢੇਰ ਨੂੰ ਫਰੋਲ ਕੇ ਉਸ ਵਿਚ ਪਾਣੀ ਪਾਇਆ ਜਾ ਰਿਹਾ ਹੈ, ਤਾਂ ਜੋ ਅੰਦਰ ਤੱਕ ਸੁਲਗ ਰਹੀ ਅੱਗ ਨੂੰ ਪੂਰੀ ਤਰ੍ਹਾਂ ਬੁਝਾਇਆ ਜਾ ਸਕੇ।