20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਖੇਤੀਬਾੜੀ ਦਫ਼ਤਰ ਵਾਲੀ ਬਿਲਡਿੰਗ ਮੰਡੀ ਬੋਰਡ ਤੋਂ 5 ਕਰੋੜ 6 ਲੱਖ 60 ਹਜ਼ਾਰ ਰੁਪਏ ’ਚ ਖ਼ਰੀਦਣ ਦੇ ਬਾਵਜੂਦ ਖ਼ਰੀਦਦਾਰ ਨੂੰ ਨਹੀਂ ਦਿੱਤਾ ਜਾ ਰਿਹਾ ਕਬਜ਼ਾ

ਬਰਨਾਲਾ, 19 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਦੇ ਫਰਵਾਹੀ ਬਾਜ਼ਾਰ ਸਥਿਤ ਪੰਜਾਬ ਮੰਡੀ ਬੋਰਡ ਦੀ ਖੇਤੀਬਾੜੀ ਦਫ਼ਤਰ ਵਾਲੀ ਬਿਲਡਿੰਗ ਨੂੰ 5 ਕਰੋੜ 60 ਲੱਖ 60 ਹਜ਼ਾਰ ਰੁਪਏ ਵਿਚ ਖ਼ਰੀਦਣ ਦੇ 9 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਖ਼ਰੀਦਦਾਰ ਨੂੰ ਕਬਜ਼ਾ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆਂ ਬਿਲਡਿੰਗ ਦੇ ਖ਼ਰੀਦਦਾਰ ਫੁਲਵਿੰਦਰ ਸਿੰਘ ਵਰਨ ਨੇ ਦੱਸਿਆ ਕਿ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਵਲੋਂ ਨਵੰਬਰ 2025 ਵਿਚ ਨਿਲਾਮ ਕੀਤੀਆਂ ਸਾਈਟਾਂ ਅਧੀਨ 530 ਗਜ਼ ਵਿਚ ਬਣੇ ਉਕਤ ਦਫ਼ਤਰ ਦੀ ਆਨਲਾਈਨ ਬੋਲੀ 3.

ਪੰਜਾਬ ਮੰਡੀ ਬੋਰਡ ਵਲੋਂ ਜਾਰੀ ਕੀਤੇ ਗਏ ਅਲਾਟਮੈਂਟ ਪੱਤਰ ਅਤੇ ਬਿਲਡਿੰਗ ਦਾ ਕਬਜ਼ਾ ਨਾ ਮਿਲਣ ਸਬੰਧੀ ਜਾਣਕਾਰੀ ਦਿੰਦੇ ਹੋਏ ਫੁਲਵਿੰਦਰ ਸਿੰਘ ਵਰਨ। ਤਸਵੀਰ : ਰਿੰਪੀ ਸਟੂਡੀਓ 20-08-2026
ਬਰਨਾਲਾ, 19 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਦੇ ਫਰਵਾਹੀ ਬਾਜ਼ਾਰ ਸਥਿਤ ਪੰਜਾਬ ਮੰਡੀ ਬੋਰਡ ਦੀ ਖੇਤੀਬਾੜੀ ਦਫ਼ਤਰ ਵਾਲੀ ਬਿਲਡਿੰਗ ਨੂੰ 5 ਕਰੋੜ 60 ਲੱਖ 60 ਹਜ਼ਾਰ ਰੁਪਏ ਵਿਚ ਖ਼ਰੀਦਣ ਦੇ 9 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਖ਼ਰੀਦਦਾਰ ਨੂੰ ਕਬਜ਼ਾ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆਂ ਬਿਲਡਿੰਗ ਦੇ ਖ਼ਰੀਦਦਾਰ ਫੁਲਵਿੰਦਰ ਸਿੰਘ ਵਰਨ ਨੇ ਦੱਸਿਆ ਕਿ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਵਲੋਂ ਨਵੰਬਰ 2025 ਵਿਚ ਨਿਲਾਮ ਕੀਤੀਆਂ ਸਾਈਟਾਂ ਅਧੀਨ 530 ਗਜ਼ ਵਿਚ ਬਣੇ ਉਕਤ ਦਫ਼ਤਰ ਦੀ ਆਨਲਾਈਨ ਬੋਲੀ 3.92 ਕਰੋੜ ਰੁਪਏ ਤੋਂ ਸ਼ੁਰੂ ਹੋਈ ਸੀ ਅਤੇ ਇਹ ਬੋਲੀ 5 ਕਰੋੜ 6 ਲੱਖ 60 ਹਜ਼ਾਰ ਵਿਚ ਉਸ ਨੇ ਅਤੇ ਰਾਜ ਕੁਮਾਰ ਨੇ ਆਪਣੇ ਨਾਂਅ ਕੀਤੀ ਸੀ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਉਨ੍ਹਾਂ ਬੋਲੀ ਵਾਲੇ ਦਿਨ 2 ਫ਼ੀਸਦੀ, ਇੱਕ ਹਫ਼ਤੇ ਅੰਦਰ 8 ਫ਼ੀਸਦੀ ਅਤੇ ਬਾਅਦ ਵਿਚ 15 ਫ਼ੀਸਦੀ ਰਕਮ ਭਾਵ 1 ਕਰੋੜ 26 ਲੱਖ 65 ਹਜ਼ਾਰ ਰੁਪਏ ਉਨ੍ਹਾਂ ਜਮ੍ਹਾਂ ਕਰਵਾ ਦਿੱਤੇ ਗਏ ਹਨ। ਲੇਕਿਨ ਨਵੰਬਰ 2025 ਤੋਂ ਹੁਣ ਤੱਕ ਕਬਜ਼ਾ ਲੈਣ ਲਈ ਉਹ ਪੰਜਾਬ ਮੰਡੀ ਬੋਰਡ ਦੇ ਚੰਡੀਗੜ੍ਹ ਦਫ਼ਤਰ, ਜ਼ਿਲ੍ਹਾ ਮੰਡੀ ਅਫ਼ਸਰ ਬਰਨਾਲਾ, ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਚੱਕਰ ਲਗਾ ਰਹੇ ਹਨ। ਫੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਉਨ੍ਹਾਂ ਨੂੰ ਮਿਤੀ 6 ਜੁਲਾਈ ਨੂੰ ਅਲਾਟਮੈਂਟ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿਚ ਇਹ ਲਿਖਿਆ ਗਿਆ ਹੈ ਕਿ ਜਗ੍ਹਾ ਦਾ ਕਬਜ਼ਾ ਅਲਾਟਮੈਂਟ ਪੱਤਰ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਲਿਆ ਜਾਵੇ। ਮਿਥੇ ਸਮੇਂ ਵਿਚ ਕਬਜ਼ਾ ਨਾ ਲੈਣ ਦੀ ਸੂਰਤ ਵਿਚ ਕਬਜ਼ਾ ਦਿੱਤਾ ਗਿਆ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਲਿਖਿਆ ਗਿਆ ਹੈ ਕਿ ਅਲਾਟਮੈਂਟ ਪੱਤਰ ਜਾਰੀ ਹੋਣ ਦੀ ਮਿਤੀ ਤੋਂ 90 ਦਿਨਾਂ ਦੇ ਅੰਦਰ-ਅੰਦਰ 5 ਫ਼ੀਸਦੀ ਕੈਸ਼ ਡਿਸਕਾਊਂਟ ਸਮੇਤ ਜਮਾਂ ਕਰਵਾਈ ਜਾ ਸਕਦੀ ਹੈ। ਪਰ ਜੇਕਰ ਉਨ੍ਹਾਂ ਨੂੰ ਪੰਜਾਬ ਮੰਡੀ ਬੋਰਡ ਵਲੋਂ ਬਿਲਡਿੰਗ ਦਾ ਕਬਜ਼ਾ ਹੀ ਨਹੀਂ ਦਿਵਾਇਆ ਜਾ ਰਿਹਾ ਤਾਂ ਉਹ ਮੰਡੀ ਬੋਰਡ ਨੂੰ ਪੂਰੀ ਰਕਮ ਨਹੀਂ ਭਰ ਸਕਣਗੇ। ਜਿਸ ਨਾਲ ਉਨ੍ਹਾਂ ਨੂੰ ਪੂਰੀ ਰਕਮ ਭਰੇ ਜਾਣ ’ਤੇ ਮਿਲਣ ਵਾਲੇ 5 ਫ਼ੀਸਦੀ ਕੈਸ਼ ਡਿਸਕਾਊਂਟ ਦਾ ਵੀ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਜਨਵਰੀ ਮਹੀਨੇ ਵਿਚ ਜਦੋਂ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ 31 ਮਾਰਚ ਤੱਕ ਜਗ੍ਹਾ ਖ਼ਾਲੀ ਕਰਵਾ ਕੇ ਅਪ੍ਰੈਲ ਵਿਚ ਕਬਜ਼ਾ ਦੇਣ ਦਾ ਭਰੋਸਾ ਦਿੱਤਾ ਸੀ ਪਰ ਉਹ ਜਦ ਅਪ੍ਰੈਲ ਮਹੀਨੇ ਮੁੜ ਡਿਪਟੀ ਕਮਿਸ਼ਨਰ ਨੂੰ ਮਿਲੇ ਤਾਂ ਉਨ੍ਹਾਂ ਨੇ ਸਮਾਂ ਵਧਾ ਕੇ 30 ਜੂਨ ਕਰ ਦਿੱਤਾ। ਕਬਜ਼ਾ ਨਾ ਮਿਲਣ ਦੀ ਸੂਰਤ ਵਿਚ ਉਹ ਮੁੜ ਡਿਪਟੀ ਕਮਿਸ਼ਨਰ ਨੂੰ ਜੁਲਾਈ ਮਹੀਨੇ ਵਿਚ ਮਿਲੇ ਤਾਂ ਉਨ੍ਹਾਂ ਨੇ ਇੱਕ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ। ਉਸ ਤੋਂ ਬਾਅਦ ਜਦ ਉਹ 18 ਅਗਸਤ ਨੂੰ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਗਏ ਤਾਂ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਡੀ.ਸੀ. ਦਫ਼ਤਰ ਬੈਠੇ ਰਹੇ ਪਰ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਬਦਲਵੇਂ ਪ੍ਰਬੰਧਾਂ ਤੋਂ ਬਿਨਾਂ ਦਫ਼ਤਰ ਛੱਡਣ ਲਈ ਤਿਆਰ ਨਹੀਂ ਹਨ ਅਤੇ ਪੰਜਾਬ ਮੰਡੀ ਬੋਰਡ ਤੇ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਜਿਸ ਕਾਰਨ ਉਹ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਜਗ੍ਹਾ ਦਾ ਤੁਰੰਤ ਕਬਜ਼ਾ ਨਾ ਦਿਵਾਇਆ ਗਿਆ ਤਾਂ ਉਹ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ। ਜਦੋਂ ਇਸ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਬਰਨਾਲਾ ਵੀਰਇੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਖੇਤੀਬਾੜੀ ਵਿਭਾਗ ਨੂੰ ਬਿਲਡਿੰਗ ਖ਼ਾਲੀ ਕਰਨ ਲਈ ਲਿਖ ਰਹੇ ਹਨ ਅਤੇ ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਨੂੰ ਵੀ ਨਿੱਜੀ ਤੌਰ ’ਤੇ ਵੀ ਮਿਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉੱਪਰਲੀ ਮੰਜ਼ਿਲ ਦੀ ਉਸਾਰੀ ਅਧੀਨ ਇਮਾਰਤ ਇੱਕ ਮਹੀਨੇ ਵਿਚ ਮੁਕੰਮਲ ਹੋ ਜਾਵੇਗੀ। ਇਮਾਰਤ ਤਿਆਰ ਹੁੰਦਿਆਂ ਹੀ ਖੇਤੀਬਾੜੀ ਦਫ਼ਤਰ ਉੱਥੇ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਖ਼ਰੀਦਦਾਰਾਂ ਨੂੰ ਜਗ੍ਹਾ ਦਾ ਕਬਜ਼ਾ ਸੌਂਪ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਅਗਲੀ ਖ਼ਬਰ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕੰਮਾਂ ’ਚ ਤੇਜ਼ੀ ਲਿਆਂਦੀ ਜਾਵੇਗੀ-ਪ੍ਰਧਾਨ ਬਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।