ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੀ ਬਲਾਕ ਇਕਾਈ ਦੀ ਮੀਟਿੰਗ ਕਾਮਰੇਡ ਯਸ਼ਪਾਲ ਸਿੰਘ ਯਾਦਗਾਰੀ ਪਾਰਕ ਮਹਿਲ ਕਲਾਂ ਵਿਖੇ ਹੋਈ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 15 ਮਈ ਨੂੰ ਪੰਜਾਬ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਤੋਂ ਵੱਡੇ ਕਾਫ਼ਲੇ ਚੰਡੀਗੜ੍ਹ ਵੱਲ ਰਵਾਨਾ ਕੀਤੇ ਜਾਣਗੇ | ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਬਹੁਤ ਗੰਭੀਰ ਰੂਪ ਧਾਰ ਚੁੱਕਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਨਹਿਰੀ ਪਾਣੀ ਪਹਿਲਾਂ ਹੀ ਆਪਣੇ ਬਣਦੇ ਹੱਕ ਤੋਂ ਘੱਟ ਮਿਲ ਰਿਹਾ ਹੈ, ਜਦ ਕਿ ਹੋਰ ਰਾਜਾਂ ਨੂੰ ਵੱਧ ਹਿੱਸਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ ਵਿਚ ਪੰਜਾਬ ਅਤੇ ਹਰਿਆਣਾ ਦੀ ਪੱਕੀ ਨੁਮਾਇੰਦਗੀ ਖ਼ਤਮ ਕਰ ਕੇ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਨੂੰ ਬਰਾਬਰ ਮੈਂਬਰੀ ਦੇਣ ਨਾਲ ਪੰਜਾਬ ਦੀ ਆਵਾਜ਼ ਹੋਰ ਕਮਜ਼ੋਰ ਹੋਵੇਗੀ ਅਤੇ ਭਵਿੱਖ ਵਿਚ ਪਾਣੀਆਂ ਦੀ ਵੰਡ ਵਿਚ ਪੰਜਾਬ ਨਾਲ ਹੋਰ ਅਨਿਆਇ ਹੋਣ ਦਾ ਖ਼ਤਰਾ ਵੱਧ ਗਿਆ ਹੈ | ਜੱਥੇਬੰਦੀ ਨੇ ਮੰਗ ਕੀਤੀ ਕਿ ਰਿਪੇਰੀਅਨ ਕਾਨੂੰਨ ਦੇ ਆਧਾਰ 'ਤੇ ਮੁੜ ਪਾਣੀਆਂ ਦੀ ਨਿਆਂਯੁਕਤ ਵੰਡ ਕੀਤੀ ਜਾਵੇ | ਆਗੂਆਂ ਨੇ ਕਿਹਾ ਕਿ 15 ਮਈ ਦੇ ਚੰਡੀਗੜ੍ਹ ਐਕਸ਼ਨ ਨੂੰ ਸਫਲ ਬਣਾਉਣ ਲਈ ਹਰ ਪਿੰਡ ਤੋਂ ਵੱਡੀ ਗਿਣਤੀ ਵਿਚ ਟਰੈਕਟਰ-ਟਰਾਲੀਆਂ ਅਤੇ ਹੋਰ ਵੱਖ-ਵੱਖ ਵਾਹਨਾਂ ਦੇ ਜਥੇਦਾਰ ਭੇਜੇ ਜਾਣਗੇ | ਜੱਗਾ ਸਿੰਘ ਮਹਿਲ ਕਲਾਂ, ਸੱਤਪਾਲ ਸਿੰਘ ਸੋਹੀ ਅਤੇ ਜੱਸਾ ਸਿੰਘ ਗਹਿਲ ਨੇ ਕਿਹਾ ਕਿ ਸਰਕਾਰ ਵੱਲੋਂ ਹੱਦ ਕਰਜ਼ੇ ਨੂੰ ਵਧਾ ਕੇ 39,000 ਰੁਪਏ ਕਰਨ ਦੇ ਬਾਵਜੂਦ ਸਹਿਕਾਰੀ ਬੈਂਕ ਇਸ ਨੂੰ ਲਾਗੂ ਕਰਨ ਤੋਂ ਪਾਸਾ ਵੱਟ ਰਹੇ ਹਨ | ਉਨ੍ਹਾਂ ਕਿਹਾ ਕਿ ਖੇਤੀਬਾੜੀ ਲਾਗਤਾਂ 'ਚ ਲਗਾਤਾਰ ਵਾਧੇ ਕਾਰਨ ਘੱਟ ਕਰਜ਼ਾ ਸਾਉਣੀ ਦੀ ਫ਼ਸਲ ਲਈ ਕਾਫ਼ੀ ਨਹੀਂ, ਜਿਸ ਕਾਰਨ ਕਿਸਾਨਾਂ ਨੂੰ ਮੁੜ ਸ਼ਾਹੂਕਾਰਾਂ ਤੋਂ ਮਹਿੰਗੇ ਵਿਆਜ 'ਤੇ ਕਰਜ਼ਾ ਲੈਣਾ ਪੈਂਦਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬੈਂਕਾਂ ਨੇ ਸਸਤਾ ਕਰਜ਼ਾ ਨਾ ਦਿੱਤਾ ਤਾਂ ਕਿਸਾਨ ਹੋਰ ਕਰਜ਼ੇ ਦੇ ਬੋਝ ਹੇਠ ਆ ਜਾਣਗੇ | ਜੱਥੇਬੰਦੀ ਨੇ ਮੰਗ ਕੀਤੀ ਕਿ ਸਹਿਕਾਰੀ ਬੈਂਕ ਤੁਰੰਤ ਵਧੇ ਹੋਏ ਹੱਦ ਕਰਜ਼ੇ ਅਨੁਸਾਰ ਕਰਜ਼ਾ ਜਾਰੀ ਕਰਨ | ਇਸ ਮੌਕੇ ਦਲਵੀਰ ਸਿੰਘ ਸਹੌਰ, ਬਲਵੀਰ ਸਿੰਘ ਮਾਂਗੇਵਾਲ, ਜਗਰੂਪ ਸਿੰਘ ਨਿਹਾਲੂਵਾਲ, ਸੁਖਮਿੰਦਰ ਸਿੰਘ ਕਲਾਲ ਮਾਜਰਾ, ਸੰਦੀਪ ਸਿੰਘ ਦੱਧਾਹੂਰ, ਗੋਰਾ ਸਿੰਘ ਰਾਏਸਰ, ਦਾਰਾ ਸਿੰਘ, ਭੋਲਾ ਸਿੰਘ ਕਲਾਲਾ, ਪਰਮਜੀਤ ਸਿੰਘ ਦਰਦੀ, ਸੋਹਣ ਸਿੰਘ ਬੀਹਲਾ, ਗੋਗੀ ਮਨਾਲ ਆਦਿ ਹਾਜ਼ਰ ਸਨ |