ਬਰਨਾਲਾ, 7 ਮਈ (ਅਸ਼ੋਕ ਭਾਰਤੀ)-ਡਰੱਗ ਸਰਵੇ ਦੌਰਾਨ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਅਮਰਜੀਤ ਸਿੰਘ ਰਾਏਪੁਰ ਦੀ ਅਗਵਾਈ ਹੇਠ ਵਫ਼ਦ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਨੂੰ ਮਿਲਿਆ ਤੇ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਸਰਵੇਅਰ ਕਰਮਜੀਤ ਸਿੰਘ ਭੋਤਨਾ, ਯਾਦਵਿੰਦਰ ਸਿੰਘ, ਜਗਤਾਰ ਸਿੰਘ ਚੂੰਘਾ, ਨਿਤਿਨ ਕੁਮਾਰ, ਮੈਡਮ ਬਲਜੀਤ ਕੌਰ ਨੇ ਕਿਹਾ ਕਿ ਐਪ ਵਿਚ ਤਕਨੀਕੀ ਖ਼ਾਮੀਆਂ ਅਤੇ ਏ.ਆਈ ਮੁਲਾਂਕਣ ਕਾਰਨ ਬਹੁਤ ਸਾਰੇ ਸਰਵੇ ''ਪੁਆਰ ਕੁਆਲਿਟੀ' ਦਰਜ ਹੋ ਰਹੇ ਹਨ, ਜਿਸ ਨਾਲ ਕਰਮਚਾਰੀ ਮਿਹਨਤਾਨੇ ਤੋਂ ਵੰਜਿਤ ਰਹਿ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਹਰ ਸਰਵੇ ਲਈ ਮਿਹਨਤਾਨਾ ਦਿੱਤਾ ਜਾਵੇ ਅਤੇ ਘੱਟੋ-ਘੱਟ 250 ਰੁਪਏ ਪ੍ਰਤੀ ਸਰਵੇ ਨਿਰਧਾਰਿਤ ਕੀਤੇ ਜਾਣ | ਉਨ੍ਹਾਂ ਨੇ ਸਰਵੇ ਦੀ ਜਟਿਲ ਭਾਸ਼ਾ, ਲੋਕਾਂ ਵਲੋਂ ਨਿੱਜੀ ਜਾਣਕਾਰੀ ਦੇਣ ਵਿਚ ਹਿਚਕਚਾਹਟ ਅਤੇ ਕਰਮਚਾਰੀਆਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਜਤਾਈਆਂ, ਨਾਲ ਹੀ ਐਪ ਦੀਆਂ ਤਕਨੀਕੀ ਸਮੱਸਿਆਵਾਂ, ਡਾਟਾ ਮਿਟਣ ਅਤੇ ਟਾਰਗੈਟ ਦੇ ਦਬਾਅ ਕਾਰਨ ਕੰਮ ਪ੍ਰਭਾਵਿਤ ਹੋਣ ਦੀ ਗੱਲ ਉਠਾਈ ਗਈ | ਉਨ੍ਹਾਂ ਮੰਗ ਕੀਤੀ ਕਿ ਟਰੇਨਿੰਗ ਮੁੜ ਕਰਵਾਈ ਜਾਵੇ, ਹੇਲਪਲਾਈਨ ਸਹੂਲਤ ਦਿੱਤੀ ਜਾਵੇ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ |