ਬਰਨਾਲਾ, 22 ਜਨਵਰੀ (ਨਰਿੰਦਰ ਅਰੋੜਾ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐਸ.ਏ.ਐਸ. ਨਗਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਵਿਭਾਗ, ਲੇਬਰ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਸਿੱਖਿਆ ਵਿਭਾਗ, ਬਾਲ ਭਲਾਈ ਕਮੇਟੀ ਨਾਲ ਮਿਲ ਕੇ ਬਾਲ ਮਜ਼ਦੂਰੀ ਦੇ ਖ਼ਾਤਮੇ ਲਈ ਮਿਤੀ 26 ਜਨਵਰੀ ਤੋਂ 31 ਮਾਰਚ 2026 ਤੱਕ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ਦੌਰਾਨ ਜ਼ਿਲ੍ਹਾ ਬਰਨਾਲਾ ਦੀਆਂ ਦੁਕਾਨਾਂ, ਢਾਬੇ ਅਤੇ ਹੋਰ ਵਪਾਰਕ ਸੰਸਥਾਵਾਂ ਨੂੰ ਚੈੱਕ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਬਾਲ ਮਜ਼ਦੂਰ ਕੰਮ ਨਾ ਕਰਦਾ ਹੋਵੇ | ਇਸ ਮੁਹਿੰਮ ਦਾ ਮੁੱਖ ਉਦੇਸ਼ ਬਾਲ ਮਜ਼ਦੂਰਾਂ ਦੀ ਸ਼ਨਾਖ਼ਤ ਕਰ ਕੇ, ਉਨ੍ਹਾਂ ਨੂੰ ਮੁੜ ਵਸਾਉਣਾ, ਮੁਆਵਜ਼ਾ ਦੇਣਾ ਅਤੇ ਸਿੱਖਿਆ ਪ੍ਰਦਾਨ ਕਰਨਾ ਹੈ | ਇਸ ਤਹਿਤ ਅੱਜ ਸ਼੍ਰੀ ਮਦਨ ਲਾਲ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਬਰਨਾਲਾ ਵਲੋਂ ਲੇਬਰ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਬਾਲ ਸੁਰੱਖਿਆ ਵਿਭਾਗ ਨਾਲ ਮੀਟਿੰਗ ਕੀਤੀ ਗਈ | ਜਿਸ ਵਿਚ ਉਕਤ ਵਿਭਾਗ ਦੇ ਅਧਿਕਾਰੀਆਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਉਕਤ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਦੇਣਗੇ | ਇਸ ਮੀਟਿੰਗ ਵਿਚ ਮਿਸ. ਇੰਦਰਪ੍ਰੀਤ ਕੌਰ ਲੇਬਰ ਇੰਸਪੈਕਟਰ ਤਪਾ, ਮੰਨਪ੍ਰੀਤ ਸਿੰਘ ਲੇਬਰ ਇੰਸਪੈਕਟਰ, ਮੈਡਮ ਹੀਮਾ ਲੀਗਲ ਅਸਿਸਟੈਂਟ ਐਜੂਕੇਸ਼ਨ ਡਿਪਾਰਟਮੈਂਟ ਬਰਨਾਲਾ, ਅਮਨਪ੍ਰੀਤ ਕੌਰ ਸੀ.ਪੀ.ਓ. (ਐੱਨ.ਆਈ.ਸੀ.) ਬਰਨਾਲਾ ਅਤੇ ਰੁਪਿੰਦਰ ਸਿੰਘ ਸੀ.ਪੀ.ਓ. (ਆਈ.ਸੀ.) ਬਰਨਾਲਾ ਮੌਜੂਦ ਸਨ |