ਤਪਾ ਮੰਡੀ, 21 ਜਨਵਰੀ (ਪ੍ਰਵੀਨ ਗਰਗ)-ਪਿੰਡ ਮਹਿਤਾ ਵਿਖੇ ਚੋਰਾਂ ਵਲੋਂ ਇਕ ਵਪਾਰੀ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਦੋ ਮੱਝਾਂ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ ਜਿਸ ਕਾਰਨ ਵਪਾਰੀ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੱਝਾਂ ਦੇ ਵਪਾਰੀ ਬਿਬਾਲ ਖ਼ਾਨ ਮੁਹੰਮਦ ਦੇ ਭਾਣਜੇ ਸੋਨੂੰ ਖ਼ਾਨ ਨੇ ਦੱਸਿਆ ਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਮੱਝਾਂ ਦੇ ਵਪਾਰ ਨਾਲ ਜੁੜੇ ਹੋਏ ਹਨ | ਘਟਨਾ ਵਾਲੀ ਰਾਤ ਵਪਾਰੀ ਆਪਣੇ ਪਸ਼ੂ ਵਾੜੇ ਦੇ ਅੰਦਰ ਹੀ ਸੌਂ ਰਿਹਾ ਸੀ | ਅੱਧੀ ਰਾਤ ਦੇ ਕਰੀਬ ਅਣਪਛਾਤੇ ਚੋਰ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਉਸ ਨੂੰ ਨਸ਼ੀਲਾ ਪਦਾਰਥ ਸੁੰਘਾ ਦਿੱਤਾ, ਜਿਸ ਕਾਰਨ ਉਹ ਬੇਸੁੱਧ ਹੋ ਗਿਆ | ਚੋਰਾਂ ਨੇ ਵਪਾਰੀ ਦੀ ਜੇਬ ਵਿਚ ਪਈਆਂ ਚਾਬੀਆਂ ਕੱਢ ਕੇ ਮੁੱਖ ਗੇਟ ਖੋਲਿ੍ਹਆ ਅਤੇ ਅੰਦਰ ਬਣੇ ਪਸ਼ੂ ਵਾੜੇ ਵਿਚੋਂ ਦੋ ਮੱਝਾਂ ਨੂੰ ਬਾਹਰ ਕੱਢ ਲਿਆ | ਦੱਸਿਆ ਜਾ ਰਿਹਾ ਹੈ ਕਿ ਚੋਰ ਪਹਿਲਾਂ ਤੋਂ ਹੀ ਤਿਆਰੀ ਨਾਲ ਆਏ ਹੋਏ ਸਨ ਅਤੇ ਉਨ੍ਹਾਂ ਨੇ ਪਸ਼ੂਆਂ ਨੂੰ ਹੇਠਾਂ ਉਤਾਰਨ ਅਤੇ ਚੜ੍ਹਾਉਣ ਲਈ ਬਣੇ ਟੋਏ ਵਿਚ ਇਕ ਵਾਹਨ ਖੜ੍ਹਾ ਕੀਤਾ ਹੋਇਆ ਸੀ, ਮੱਝਾਂ ਨੂੰ ਉਸ ਵਾਹਨ ਵਿਚ ਲੱਦਿਆ ਅਤੇ ਬਿਨਾਂ ਕਿਸੇ ਰੁਕਾਵਟ ਦੇ ਮੌਕੇ ਤੋਂ ਫ਼ਰਾਰ ਹੋ ਗਏ | ਸਵੇਰੇ ਸਮੇਂ ਗੁਆਂਢੀਆਂ ਨੇ ਵੇਖਿਆ ਕਿ ਵਪਾਰੀ ਦਾ ਗੇਟ ਖੱੁਲ੍ਹਾ ਪਿਆ ਹੈ, ਅੰਦਰ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਵਪਾਰੀ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ ਅਤੇ ਪਸ਼ੂ ਵਾੜੇ ਵਿਚੋਂ ਦੋ ਮੱਝਾਂ ਗ਼ਾਇਬ ਸਨ | ਇਸ ਉਪਰੰਤ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਸੂਚਨਾ ਮਿਲਦੇ ਹੀ ਥਾਣਾ ਮੁਖੀ ਸ਼ਰੀਫ਼ ਖ਼ਾਨ ਦੀ ਅਗਵਾਈ 'ਚ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਅਣਪਛਾਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ | ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ ਅਤੇ ਲੋਕਾਂ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਇਸ ਮੌਕੇ ਬਾਬੂ ਖਾਂ, ਸਮੀਰ ਖਾਂ, ਆਸ਼ੂ ਖਾਂ, ਨੂਰਾ ਖਾਂ ਆਦਿ ਹਾਜਰ ਸਨ |