ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ, ਖੰਨਾ ਦੇ ਸਰਪ੍ਰਸਤੀ ਹੇਠ ਕਾਲਜ ਦੀ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਦੀ ਯੋਗ ਅਗਵਾਈ ਤੇ ਏ. ਐਨ. ਓ. ਡਾ. ਗੋਲਡੀ ਗਰਗ ਦੀ ਨਿਗਰਾਨੀ ਹੇਠ, ਦੋ ਐਨ. ਸੀ. ਸੀ. ਕੈਡਿਟਾਂ, ਅਰਸ਼ ਤੇ ਹਰਲੀਨ ਨੇ 1 ਸਤੰਬਰ 2026 ਤੋਂ 12 ਸਤੰਬਰ 2026 ਤੱਕ ਪਟਿਆਲਾ ਵਿਖੇ ਫ਼ੌਜ ਨਾਲ ਜੋੜਨ ਦੇ ਕੈਂਪ ਵਿਚ ਸਫਲਤਾਪੂਰਵਕ ਭਾਗ ਲਿਆ ਅਤੇ ਵੀਹ ਐਨ. ਸੀ. ਸੀ. ਕੈਡਿਟਾਂ ਨੇ 9 ਸਤੰਬਰ 2026 ਤੋਂ 18 ਸਤੰਬਰ 2026 ਤੱਕ ਐਨ. ਸੀ. ਸੀ. ਅਕੈਡਮੀ, ਰੋਪੜ ਵਿਖੇ ਸਾਂਝੇ ਸਾਲਾਨਾ ਟ੍ਰੇਨਿੰਗ ਕੈਂਪ (ਸੀ. ਏ. ਟੀ. ਸੀ.-100) ਵਿਚ ਭਾਗ ਲਿਆ। ਕੈਂਪ ਦੌਰਾਨ ਕੈਡਿਟਾਂ ਨੇ ਸਾਰੀਆਂ ਨਿਰਧਾਰਤ ਗਤੀਵਿਧੀਆਂ ਤੇ ਸਿਖਲਾਈ ਪ੍ਰੋਗਰਾਮਾਂ ਵਿਚ ਸਰਗਰਮੀ ਨਾਲ ਭਾਗ ਲਿਆ। ਕੈਡਿਟਾਂ ਨੇ ਸਖ਼ਤ ਸਿਖਲਾਈ ਪ੍ਰਾਪਤ ਕੀਤੀ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ, ਜਿਨ੍ਹਾਂ ਵਿਚ ਨਾਅਰਾ ਲੇਖਨ, ਸਰੀਰਕ ਅਭਿਆਸ, ਨਕਸ਼ਾ ਪੜ੍ਹਨਾ, ਹਥਿਆਰਾਂ ਦੀ ਸਿਖਲਾਈ, ਗੋਲੀਬਾਰੀ, ਰੁਕਾਵਟ ਕੋਰਸ ਅਤੇ ਵੱਖ-ਵੱਖ ਖੇਡਾਂ ਸ਼ਾਮਿਲ ਸਨ। ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਐਸ. ਯੂ. ਓ. ਅਰਸ਼ ਨੇ ਲੇਖ ਲਿਖਣ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ਲਈ ਉਸ ਨੂੰ ਤਗਮੇ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। ਕੈਡਿਟ ਅਮਨਵੀਰ ਕੌਰ ਨੂੰ ਸਮਾਪਤੀ ਸਮਾਰੋਹ ਦੀ ਐਂਕਰਿੰਗ ਕਰਨ ਲਈ ਟਰਾਫੀ ਪ੍ਰਦਾਨ ਕੀਤੀ ਗਈ। ਸਾਰੇ ਭਾਗ ਲੈਣ ਵਾਲੇ ਕੈਡਿਟਾਂ ਨੂੰ ਉਨ੍ਹਾਂ ਦੀ ਸਮਰਪਣ ਭਾਵਨਾ ਅਤੇ ਕੈਂਪ ਸਿਖਲਾਈ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਕਾਲਜ ਦੀ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਨੇ ਐਨ. ਸੀ. ਸੀ. ਕੈਡਿਟਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਜੇਤੂ ਕੈਡਿਟਾਂ ਨੂੰ ਤਗਮੇ ਤੇ ਟਰਾਫੀ ਅਤੇ ਸਾਰੇ ਕੈਡਿਟਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।