ਖ਼ਤਰਨਾਕ ਇਲਾਕੇ ਵਿਚ ਲੁਕੀਆਂ 3 ਨਾਬਾਲਗ ਲੜਕੀਆਂ ਪੁਲਿਸ ਨੇ ਲੱਭ ਕੇ ਘਰ ਪਹੁੰਚਾਈਆਂ
ਖੰਨਾ, 12 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਦੇਰ ਰਾਤ ਜੰਗਲੀ ਜਾਨਵਰਾਂ ਨਾਲ ਭਰੇ ਖਤਰਨਾਕ ਖੇਤਾਂ ਵਿੱਚ ਫਸੀਆਂ ਤਿੰਨ ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। 11, 15 ਅਤੇ 15 ਸਾਲ ਦੀ ਉਮਰ ਦੀਆਂ ਇਹ ਤਿੰਨੇ ਲੜਕੀਆਂ ਪਾਇਲ ਇਲਾਕੇ ਦੇ ਪਿੰਡ ਭਰਥਾਲਾ ਰੰਧਾਵਾ ਦੀਆਂ ਰਹਿਣ ਵਾਲੀਆਂ ਹਨ।
ਖੰਨਾ, 12 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਦੇਰ ਰਾਤ ਜੰਗਲੀ ਜਾਨਵਰਾਂ ਨਾਲ ਭਰੇ ਖਤਰਨਾਕ ਖੇਤਾਂ ਵਿੱਚ ਫਸੀਆਂ ਤਿੰਨ ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। 11, 15 ਅਤੇ 15 ਸਾਲ ਦੀ ਉਮਰ ਦੀਆਂ ਇਹ ਤਿੰਨੇ ਲੜਕੀਆਂ ਪਾਇਲ ਇਲਾਕੇ ਦੇ ਪਿੰਡ ਭਰਥਾਲਾ ਰੰਧਾਵਾ ਦੀਆਂ ਰਹਿਣ ਵਾਲੀਆਂ ਹਨ। ਪਤਾ ਲੱਗਾ ਹੈ ਕਿ ਇਹ ਤਿੰਨੇ ਲੜਕੀਆਂ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਆਪਣੇ ਘਰਾਂ ਤੋਂ ਅਚਾਨਕ ਲਾਪਤਾ ਹੋ ਗਈਆਂ ਸਨ। ਦੱਸਿਆ ਜਾਂਦਾ ਹੈ ਕਿ ਸਕੂਲ ਵਿੱਚ ਅਧਿਆਪਕਾਂ ਵੱਲੋਂ ਮੋਬਾਈਲ ਫੋਨ ਜ਼ਬਤ ਕੀਤੇ ਜਾਣ ਤੋਂ ਬਾਅਦ, ਉਹ ਕਿਸੇ ਨੂੰ ਦੱਸੇ ਬਿਨਾਂ ਘਰੋਂ ਨਿਕਲ ਗਈਆਂ ਅਤੇ ਪਿੰਡ ਨੇੜਲੇ ਸੰਘਣੇ ਖੇਤਾਂ ਵਿੱਚ ਜਾ ਕੇ ਲੁਕ ਗਈਆਂ। ਜੰਗਲੀ ਸੂਰਾਂ ਅਤੇ ਸੱਪਾਂ ਨਾਲ ਭਰਿਆ ਇਲਾਕਾ: ਜਿਸ ਇਲਾਕੇ ਵਿੱਚ ਲੜਕੀਆਂ ਲੁਕੀਆਂ ਹੋਈਆਂ ਸਨ, ਉੱਥੇ ਵੱਡੀ ਗਿਣਤੀ ਵਿੱਚ ਖਤਰਨਾਕ ਜੰਗਲੀ ਸੂਰ ਅਤੇ ਜ਼ਹਿਰੀਲੇ ਸੱਪ ਮੌਜੂਦ ਹਨ। ਕਈ ਘੰਟਿਆਂ ਤੱਕ ਖੇਤਾਂ ਵਿੱਚ ਲੁਕੇ ਰਹਿਣ ਕਾਰਨ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰਾ ਸੀ। ਜਿਵੇਂ ਹੀ ਪਰਿਵਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਪਾਇਲ ਥਾਣੇ ਦੇ ਐਸ. ਐਚ. ਓ. ਨੇ ਬਿਨਾਂ ਸਮਾਂ ਬਰਬਾਦ ਕੀਤੇ ਆਪਣੀ ਟੀਮ ਨਾਲ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਜੰਗਲੀ ਸੂਰਾਂ ਦੇ ਹਮਲੇ ਤੋਂ ਪਹਿਲਾਂ ਸੁਰੱਖਿਅਤ ਬਚਾਅ: ਪੁਲਿਸ ਦੀ ਟੀਮ ਨੇ ਹਨੇਰੇ ਵਿੱਚ ਸੰਘਣੇ ਖੇਤਾਂ ਦੀ ਛਾਣਬੀਣ ਕੀਤੀ ਅਤੇ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਰਾਤ ਦੇ ਕਰੀਬ 10 ਵਜੇ ਤਿੰਨਾਂ ਲੜਕੀਆਂ ਨੂੰ ਲੱਭ ਲਿਆ। ਖੁਸ਼ਕਿਸਮਤੀ ਨਾਲ, ਜਦੋਂ ਪੁਲਿਸ ਟੀਮ ਉੱਥੇ ਪਹੁੰਚੀ ਤਾਂ ਕੁਝ ਜੰਗਲੀ ਸੂਰ ਲੜਕੀਆਂ ਵੱਲ ਵਧ ਰਹੇ ਸਨ। ਬਹੁਤ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਪੁਲਿਸ ਮੁਲਾਜ਼ਮਾਂ ਨੇ ਸੂਰਾਂ ਨੂੰ ਭਜਾ ਦਿੱਤਾ ਅਤੇ ਤਿੰਨਾਂ ਲੜਕੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਲਾਕਾ ਨਿਵਾਸੀ ਖੰਨਾ ਪੁਲਿਸ ਦੀ ਇਸ ਤੁਰੰਤ ਕਾਰਵਾਈ ਅਤੇ ਬਹਾਦਰੀ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ। ਪੁਲਿਸ ਵਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਸਦਕਾ ਇੱਕ ਵੱਡਾ ਹਾਦਸਾ ਟਲ ਗਿਆ ਅਤੇ ਲੜਕੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ ਗਿਆ।