ਮਲੌਦ ਸ਼ਹਿਰ ਵਿਚ ਲਗਦੇ ਮਿੰਟ-ਮਿੰਟ ਬਾਅਦ ਜਾਮ ਤੋਂ 40 ਪਿੰਡਾਂ ਦੇ ਲੋਕ ਭਾਰੀ ਪ੍ਰੇਸ਼ਾਨ
ਮਲੌਦ, 29 ਅਗਸਤ (ਪੱਤਰ ਪ੍ਰੇਰਕ)-ਮਲੌਦ ਸ਼ਹਿਰ ਵਿੱਚ ਲਗਦੇ ਮਿੰਟ ਮਿੰਟ ਬਾਅਦ ਜਾਮ ਤੋਂ 40 ਪਿੰਡਾਂ ਦੇ ਲੋਕ ਭਾਰੀ ਪ੍ਰੇਸ਼ਾਨ ਹਨ। ਜਿੱਥੇ ਲੋਕਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ, ਉੱਥੇ ਹੀ ਕਈ ਵਾਰ ਤਾਂ ਰਾਹਗੀਰਾਂ ਦੀ ਲੰਘਣ ਨੂੰ ਲੈ ਕੇ ਲੜਾਈ ਵੀ ਹੋ ਜਾਂਦੀ ਹੈ।
ਮਲੌਦ, 29 ਅਗਸਤ (ਪੱਤਰ ਪ੍ਰੇਰਕ)-ਮਲੌਦ ਸ਼ਹਿਰ ਵਿੱਚ ਲਗਦੇ ਮਿੰਟ ਮਿੰਟ ਬਾਅਦ ਜਾਮ ਤੋਂ 40 ਪਿੰਡਾਂ ਦੇ ਲੋਕ ਭਾਰੀ ਪ੍ਰੇਸ਼ਾਨ ਹਨ। ਜਿੱਥੇ ਲੋਕਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ, ਉੱਥੇ ਹੀ ਕਈ ਵਾਰ ਤਾਂ ਰਾਹਗੀਰਾਂ ਦੀ ਲੰਘਣ ਨੂੰ ਲੈ ਕੇ ਲੜਾਈ ਵੀ ਹੋ ਜਾਂਦੀ ਹੈ। 40 ਪਿੰਡਾਂ ਦੇ ਲੋਕ ਬੇਹੱਦ ਪ੍ਰੇਸ਼ਾਨ ਹੋ ਰਹੇ ਹਨ ਅਤੇ ਮਲੌਦ ਪੁਲਿਸ ਦਾ ਇਸ ਟਰੈਫ਼ਿਕ ਸਮੱਸਿਆ ਵੱਲ ਰਤਾ ਵੀ ਧਿਆਨ ਨਹੀਂ ਹੈ। ਮਰਹੂਮ ਬਾਵੂ ਸੁਰਿੰਦਰ ਕੁਮਾਰ ਬਗਈ ਵਲੋਂ ਲਗਦੇ ਜਾਮ ਦਾ ਮੁੱਦਾ ਪੂਰੀ ਗਰਮਜੋਸ਼ੀ ਨਾਲ ਉਠਾ ਕੇ ਸਾਰਾ ਮਸਲਾ ਮਾਨਯੋਗ ਅਦਾਲਤ ਵਿੱਚ ਰੱਖਿਆ ਸੀ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਉਸ ਸਮੇਂ ਦੀ ਕਾਬਜ਼ ਨਗਰ ਪੰਚਾਇਤ ਮਲੌਦ ਵਲੋਂ ਕੁੱਝ ਨਾਜ਼ਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ ਸੀ ਪ੍ਰੰਤੂ ਪਤਾ ਲੱਗਾ ਕਿ ਕੁੱਝ ਕਥਿਤ ਤੌਰ ’ਤੇ ਅਜੇ ਵੀ ਬਰਕਰਾਰ ਹਨ। ਸ਼ਹਿਰ ਵਿਚੋਂ ਵੱਡੇ ਵੱਡੇ ਟਰੱਕ, ਰੇਤ ਭਰੇ ਪਾਣੀ ਸਿੰਮਦੇ ਟਿੱਪਰਾਂ, ਮਿੱਟੀ ਭਰੀਆਂ ਟਰਾਲੀਆਂ ਕਾਰਨ ਲੋਕਾਂ ਨੂੰ ਲਗਾਤਾਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਵਰਲੋਡ ਟਿੱਪਰਾਂ, ਟਰਾਲੀਆਂ ਕਾਰਨ ਜਿੱਥੇ ਸੜਕਾਂ ਟੁੱਟ ਰਹੀਆਂ ਹਨ। ਉੱਥੇ ਹੀ ਟਿੱਪਰਾਂ ਵਿਚੋਂ ਕਿਰਦੀ ਬਜ਼ਰੀ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਗੈਰਕਾਨੂੰਨੀ ਮਾਈਨਿੰਗ ਨਿਕਾਸੀ ਲਈ ਲੋਕਾਂ ਵਲੋਂ ਇਹ ਰਸਤਾ ਕਾਫ਼ੀ ਸੁਰੱਖਿਅਤ ਮੰਨਿਆ ਹੋਣ ਕਾਰਨ ਸਵੇਰੇ ਤੋਂ ਸ਼ਾਮ ਤੱਕ ਰੇਤ ਬਜ਼ਰੀ ਭਰੇ ਟਿੱਪਰ, ਟਰੱਕ ਕਾਫ਼ੀ ਗਿਣਤੀ ਵਿਚ ਇਥੋਂ ਦੀ ਲੰਘਦੇ ਹਨ। ਜਦੋਂਕਿ ਸਕੂਲੀ ਵਿਦਿਆਰਥੀਆਂ, ਮੁਲਾਜ਼ਮਾਂ, ਹੋਰ ਰੋਜ਼ਾਨਾ ਕੰਮਾਂ ਕਾਰਾਂ ਵਾਲਿਆਂ ਦੇ ਸਮੇਂ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ। ਪਤਾ ਲੱਗਾ ਕਿ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਸਕੂਲੀ ਸਮੇਂ ਦੌਰਾਨ ਭਾਰੀ ਵਾਹਨਾਂ, ਟਿੱਪਰਾਂ, ਟਰੱਕਾਂ ਤੇ ਸਖ਼ਤੀ ਨਾਲ ਰੋਕ ਲਗਾਈ ਗਈ ਹੈ ਪ੍ਰੰਤੂ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਜ਼ਿਲ੍ਹਾ ਖੰਨਾ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਟਿੱਪਰਾਂ, ਟਰੱਕਾਂ ਵਾਲੇ ਸਕੂਲ ਦੇ ਐਨ ਕੋਲ ਮੁੱਖ ਸੜਕ ਤੇ ਵਾਹਨ ਖੜ੍ਹੇ ਕਰਕੇ ਸਕੂਲੀ ਵਿਦਿਆਰਥੀਆਂ ਲਈ ਖ਼ਤਰਾ ਬਣੇ ਹੋਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਮੇਨ ਰੋਡ, ਸਬ-ਤਹਿਸੀਲ ਅਤੇ ਕਈ ਹੋਰ ਥਾਵਾਂ ਤੇ ਸਿੱਧੇ ਤੌਰ ’ਤੇ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ।ਪੁਰਾਣੇ ਥਾਣੇ ਵਾਲੀ ਇਮਾਰਤ ਅੱਗੇ ਲੋਕਾਂ ਵਲੋਂ ਸਕੂਟਰ, ਮੋਟਰਸਾਈਕਲ ਅਤੇ ਹੋਰ ਵਾਹਨ ਖੜ੍ਹੇ ਕਰਨ ਕਰਕੇ ਫਿਰ ਜਾਮ ਲੱਗਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਕੰਪਨੀਆਂ ਦੇ ਮਸ਼ਹੂਰੀਆਂ ਵਾਲੇ ਵੱਡੇ ਤੇ ਪ੍ਰਚਾਰ ਬੋਰਡ ਵੀ ਸੜਕਾਂ ਤੇ ਲਗਾਏ ਜਾ ਰਹੇ ਹਨ। ਪ੍ਰੰਤੂ ਕਾਰਜ ਸਾਧਕ ਅਫ਼ਸਰ ਮਲੌਦ ਅਤੇ ਹੋਰ ਅਧਿਕਾਰੀ, ਕਰਮਚਾਰੀ ਖਾਮੋਸ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਨ੍ਹਾਂ ਨਜ਼ਾਇਜ਼ ਕਬਜ਼ਿਆਂ ਨੂੰ ਰੋਕਿਆ ਨਹੀਂ ਜਾਂਦਾ ਫਿਰ ਉਹੀ ਲੋਕ ਇਨ੍ਹਾਂ ਤੇ ਅਪਣਾ ਹੱਕ ਸਮਝਣ ਲੱਗ ਜਾਂਦੇ ਹਨ। ਸ਼ਹਿਰੀਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਪੁਲਿਸ ਥਾਣਾ ਚੋਮੋਂ ਪਿੰਡ ਬਣ ਗਿਆ ਹੈ। ਕੁੱਝ ਲੋਕ ਮਨਮਰਜ਼ੀਆਂ ਕਰਦੇ ਵਿਖਾਈ ਦਿੰਦੇ ਹਨ। 40 ਪਿੰਡਾਂ ਦੇ ਲੋਕਾਂ ਦਾ ਰੋਜ਼ਾਨਾ ਮਲੌਦ ਸ਼ਹਿਰ ਨਾਲ ਸਿੱਧਾ ਵਾਸਤਾ ਹੋਣ ਕਾਰਨ ਆਉਣਾ ਜਾਣਾ ਰਹਿੰਦਾ ਹੈ। ਪਤਾ ਲੱਗਾ ਹੈ ਕਿ ਲੋਕਾਂ ਵਲੋਂ ਵਾਰ ਵਾਰ ਧਿਆਨ ਵਿਚ ਲਿਆਉਣ ਤੇ ਟਰੈਫ਼ਿਕ ਸਮੱਸਿਆ ਦਾ ਮੁੱਖ ਮੁੱਦਾ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਿ ਧਾਨ ਸਭਾ ਵਿਚ ਵੀ ਉਠਾ ਕੇ ਬਾਈਪਾਸ ਕੱਢਣ ਦੀ ਗੱਲ ਕਰ ਚੁੱਕੇ ਹਨ। ਲੋਕਾਂ ਦੀ ਮੰਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਉਕਤ ਸਮੱਸਿਆਵਾਂ ਵੱਲ ਨਿੱਜੀ ਤੌਰ ਤੇ ਧਿਆਨ ਦੇ ਕੇ ਆਵਾਜਾਈ ਦੀ ਸਮੱਸਿਆ ਦਾ ਹੱਲ ਤੁਰੰਤ ਕਰਵਾਉਣ। ਭਾਰੀ ਵਾਹਨਾਂ ਦੀ ਆਵਾਜਾਈ ਮੇਨ ਬਾਜ਼ਾਰ ਵਿੱਚੋਂ ਤੁਰੰਤ ਰੋਕੀ ਜਾਵੇ।