07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਖ਼ਿਲਾਫ਼ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਦਾ ਹੱਲਾ ਬੋਲ

ਅਜੀਤ ਡੈਸਕ 02-07-2026
ਖੰਨਾ, 1 ਜੁਲਾਈ (ਹਰਜਿੰਦਰ ਸਿੰਘ ਲਾਲ)- ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਰਵੱਈਏ ਤੋਂ ਖ਼ਫ਼ਾ ਕੰਪਿਊਟਰ ਅਧਿਆਪਕਾਂ ਨੇ ਅੱਜ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਅੱਜ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਵਾਅਦਾ ਖਿਲਾਫੀ ਦੇ ਰੋਸ ਵੱਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ’ਆਪ’ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਦੀਆਂ ਕਾਪੀਆਂ ਫੂਕ ਕੇ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ। ਅੱਜ ਦੇ ਇਸ ਐਕਸ਼ਨ ਦੌਰਾਨ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਆਪਣੇ-ਆਪਣੇ ਸਕੂਲਾਂ ਵਿੱਚ ਸਟਾਫ਼ ਦੇ ਸਹਿਯੋਗ ਨਾਲ ਚੋਣ ਮਨੋਰਥ ਪੱਤਰ ਫੂਕ ਕੇ ਆਪਣਾ ਗ਼ੁੱਸਾ ਜ਼ਾਹਿਰ ਕੀਤਾ। ਇਸ ਸਬੰਧੀ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਆਗੂ ਪ੍ਰਦੀਪ ਕੁਮਾਰ ਮਲੂਕਾ, ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਜਸਪਾਲ ਫ਼ਤਿਹਗੜ੍ਹ ਸਾਹਿਬ, ਰਾਕੇਸ਼ ਸੈਣੀ, ਪਰਮਵੀਰ ਸਿੰਘ ਪੰਮੀ, ਹਰਚਰਨ ਸਿੰਘ, ਦਵਿੰਦਰ ਪਾਠਕ ਅਤੇ ਜਤਿੰਦਰ ਸਿੰਘ ਸੋਢੀ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਵਰਗ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ 15 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਸਰਕਾਰ ਨੇ ਉਨ੍ਹਾਂ ਦੇ ਬਣਦੇ ਹੱਕ ਅਤੇ ਲਾਭ ਬਹਾਲ ਨਹੀਂ ਕੀਤੇ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵੇਲੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਨਮੋਲ ਗਗਨ ਮਾਨ ਵੱਲੋਂ ਸਾਰੇ ਲਾਭ ਦੇਣ ਦਾ ਜੋ ਭਰੋਸਾ ਦਿੱਤਾ ਗਿਆ ਸੀ, ਉਹ ਮਹਿਜ਼ ’ਚੋਣ ਜੁਮਲਾ’ ਸਾਬਤ ਹੋਇਆ। ਇੱਥੋਂ ਤੱਕ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਨਤਕ ਤੌਰ ’ਤੇ ਕੀਤੇ ਗਏ ਐਲਾਨ ਵੀ ਹਕੀਕਤ ਵਿੱਚ ਬਦਲ ਨਹੀਂ ਸਕੇ।
ਸੰਗਰੂਰ ਵਿਖੇ ਲੱਗੇਗਾ ਪੱਕਾ ਮੋਰਚਾ, ਪਿੰਡ ਪਿੰਡ ਜਾ ਕੇ ਹੋਵੇਗਾ ਪ੍ਰਚਾਰ
ਐਸੋਸੀਏਸ਼ਨ ਦੇ ਆਗੂਆਂ ਮੁਤਾਬਿਕ ਮੌਜੂਦਾ ਸਰਕਾਰ ਨੇ ਪੁਰਾਣੇ ਲਾਭ ਦੇਣ ਦੀ ਬਜਾਏ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ’ਤੇ ਵੀ ਰੋਕ ਲਗਾ ਦਿੱਤੀ ਹੈ। ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ 6ਵਾਂ ਪੇ-ਕਮਿਸ਼ਨ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ ਮ੍ਰਿਤਕ ਅਧਿਆਪਕਾਂ ਦੇ ਵਾਰਸਾਂ ਨੂੰ ਨੌਕਰੀ ਦੇਣਾ ਵਰਗੀਆਂ ਮੰਗਾਂ ਤੁਰੰਤ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਜਲਦ ਹੀ ਉਹ ਸੰਗਰੂਰ ਵਿਖੇ ਪੱਕਾ ਮੋਰਚਾ ਲਗਾ ਕੇ ਭੁੱਖ ਹੜਤਾਲ ਸ਼ੁਰੂ ਕਰਨਗੇ। ­
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਕੁਲਾਹੜ ਵਿਖੇ ਮੀਟਿੰਗ ਅਗਲੀ ਖ਼ਬਰ ਭਾਰੀ ਆਵਾਜਾਈ ਲਈ ਤਿੰਨ ਦਿਨ ਪਹਿਲਾਂ ਬੰਦ ਕੀਤਾ ਪੁਲ, ਸ਼ਾਮ ਨੂੰ ਫਿਰ ਖੁੱਲ੍ਹਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।