07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਜਤਿੰਦਰ ਪਾਠਕ ਬਣੇ ਖੰਨਾ ਨਗਰ ਕੌਂਸਲ ਦੇ ਪ੍ਰਧਾਨ

ਅਜੀਤ ਡੈਸਕ 02-07-2026
ਖੰਨਾ, 1 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਨਗਰ ਕੌਂਸਲ ਨੂੰ ਨਵੀਂ ਲੀਡਰਸ਼ਿਪ ਮਿਲ ਗਈ ਹੈ। ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ ਬਹੁਮਤ ਦੇ ਆਧਾਰ ’ਤੇ ਆਪਣੇ ਉਮੀਦਵਾਰ ਜਿਤਾ ਲਏ। ਐਸ. ਡੀ. ਐਮ. ਖੰਨਾ ਸਵਾਤੀ ਟਿਵਾਣਾ ਦੀ ਅਗਵਾਈ ਵਿਚ ਹੋਈ ਇਸ ਚੋਣ ਵਿਚ ਤਿੰਨਾਂ ਹੀ ਅਹੁਦਿਆਂ ਲਈ ਇੰਨਾ ਉਮੀਦਵਾਰਾਂ ਨੂੰ 26-26 ਵੋਟਾਂ ਪਈਆਂ। ਜਿਨ੍ਹਾਂ ਵਿਚੋਂ 25 ਵੋਟਾਂ ਆਪ ਦੇ ਜਿੱਤੇ ਕੌਂਸਲਰਾਂ ਨੇ ਪਾਈਆਂ ਅਤੇ 26ਵੀਂ ਵੋਟ ਵਿਧਾਇਕ ਨੇ ਪਾਈ। ਇਸ ਮੌਕੇ ਹਾਜ਼ਰ ਕਾਂਗਰਸ ਦੇ 4, ਅਕਾਲੀ ਦਲ ਦੇ 2, ਭਾਜਪਾ 1, ਆਜ਼ਾਦ 1 ਨੇ ਨਾ ਤਾਂ ਵੋਟ ਪਾਈ ਅਤੇ ਨਾ ਹੀ ਮੁਕਾਬਲੇ ਵਿਚ ਕੋਈ ਬੰਦਾ ਖੜਾ ਕੀਤਾ। ਇਹ ਵੋਟਿੰਗ ਸਿਰਫ਼ ਹੱਥ ਖੜੇ ਕਰਵਾ ਕੇ ਹੋਈ। ਪੰਜ ਵਾਰ ਦੇ ਕੌਂਸਲਰ ਰਹਿ ਚੁੱਕੇ ਜਤਿੰਦਰ ਪਾਠਕ ਨੂੰ ਨਗਰ ਕੌਂਸਲ ਖੰਨਾ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਹਰੀਸ਼ ਗੁਪਤਾ ਸੀਨੀਅਰ ਮੀਤ ਪ੍ਰਧਾਨ ਅਤੇ ਕਰਮਜੀਤ ਸਿਫਤੀ ਮੀਤ ਪ੍ਰਧਾਨ ਚੁਣੇ ਗਏ। ਚੋਣ ਪ੍ਰਕਿਰਿਆ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਹਾਜ਼ਰ ਰਹੇ, ਇਸ ਦੌਰਾਨ ਨਵੇਂ ਚੁਣੇ ਗਏ ਕੌਂਸਲਰਾਂ ਨੇ ਸਹੁੰ ਚੁੱਕੀ, ਜਿਸ ਤੋਂ ਬਾਅਦ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਗਈ। ਪ੍ਰੋਟੋਕਾਲ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਨੇ ਅੱਜ ਆਪਣਾ ਅਹੁਦਾ ਸੰਭਾਲਦੇ ਹੋਏ ਨਗਰ ਕੌਂਸਲ ਦੇ ਕੰਮਕਾਜ ਦੀ ਸ਼ੁਰੂਆਤ ਕਰ ਦਿੱਤੀ। ਜਦਕਿ ਪ੍ਰਧਾਨ ਜਤਿੰਦਰ ਪਾਠਕ ਸਰਕਾਰੀ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਆਪਣਾ ਅਧਿਕਾਰਕ ਕਾਰਜਕਾਰ ਸੰਭਾਲਣਗੇ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਖੰਨਾ ਸ਼ਹਿਰ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਅੱਗੇ ਕਰਵਾਇਆ ਜਾਵੇਗਾ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਨਗਰ ਕੌਂਸਲ ਮਿਲ ਕੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ, ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਖੰਨਾ ਨੂੰ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸ਼ਾਮਲ ਕਰਨ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਿਕਾਸ ਕਾਰਜ ਪ੍ਰਭਾਵਿਤ ਰਹੇ, ਪਰ ਹੁਣ ਨਗਰ ਕੌਂਸਲ ਵਿੱਚ ਮਿਲੇ ਸਪਸ਼ਟ ਬਹੁਮਤ ਨਾਲ ਵਿਕਾਸ ਪ੍ਰੋਜੈਕਟਾਂ ਨੂੰ ਰਫ਼ਤਾਰ ਦਿੱਤੀ ਜਾਵੇਗੀ। ਇਸ ਮੌਕੇ ਈ. ਓ. ਚਰਨਜੀਤ ਸਿੰਘ ਉਭੀ ਵੀ ਹਾਜ਼ਰ ਸਨ। ਨਵੇਂ ਚੁਣੇ ਗਏ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਅਤੇ ਮੀਤ ਪ੍ਰਧਾਨ ਕਰਮਜੀਤ ਸਿਫਤੀ ਨੇ ਪਾਰਟੀ ਹਾਈਕਮਾਨ ਅਤੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਸਮਰਪਣ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹਿਰ ਦੇ ਵਿਕਾਸ, ਸਫ਼ਾਈ, ਪੀਣ ਵਾਲੇ ਪਾਣੀ, ਸੜਕਾਂ ਅਤੇ ਹੋਰ ਨਾਗਰਿਕ ਸਹੂਲਤਾਂ ਨੂੰ ਬਿਹਤਰ ਬਣਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ
ਪਿਛਲੀ ਖ਼ਬਰ ਭਾਰੀ ਆਵਾਜਾਈ ਲਈ ਤਿੰਨ ਦਿਨ ਪਹਿਲਾਂ ਬੰਦ ਕੀਤਾ ਪੁਲ, ਸ਼ਾਮ ਨੂੰ ਫਿਰ ਖੁੱਲ੍ਹਿਆ ਅਗਲੀ ਖ਼ਬਰ ਜਗਰਾਉਂ ਸਿਵਲ ਹਸਪਤਾਲ ਦੇ ਸਟਾਫ਼ ਵਲੋਂ ਐੱਸ. ਐੱਮ. ਓ. ਦੀ ਬਦਲੀ ਰੱਦ ਕਰਵਾਉਣ ਲਈ ਹਲਕਾ ਵਿਧਾਇਕਾ ਨੂੰ ਦਿੱਤਾ ਮੰਗ ਪੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।