ਸਮਰਾਲਾ, 7 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸਮਰਾਲਾ ਦੀ ਮਾਣਮੱਤੀ ਸਿੱਖਿਆ ਸੰਸਥਾ ਟੈਗੋਰ ਗਲੋਬਲ ਸਕੂਲ ਸੀ. ਸੈ. ਵਿਖੇ ਰਬਿੰਦਰ ਨਾਥ ਟੈਗੋਰ ਦੀ ਜੈਅੰਤੀ ਸੰਬੰਧੀ ਸਮਾਰੋਹ ਕਰਵਾਇਆ ਗਿਆ | ਇਹ ਸਮਾਗਮ ਡਾਇਰੈਕਟਰ ਸ੍ਰੀ ਬਾਲ ਕਿ੍ਸ਼ਨ ਅਨੇਜਾ ਅਤੇ ਸ੍ਰੀਮਤੀ ਸਵਾਤੀ ਅਨੇਜਾ ਦੀ ਰਹਿਨੁਮਾਈ ਅਧੀਨ ਹੋਇਆ | ਸਮਾਗਮ ਦੀ ਸ਼ੁਰੂਆਤ 'ਚ ਮੰਚ ਦਾ ਸੰਚਾਲਨ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਭਾਸ਼ਨ 'ਚ ਟੈਗੋਰ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 'ਗੁਰੂਦੇਵ' ਵਜੋਂ ਜਾਣੇ ਜਾਂਦੇ ਰਾਬਿੰਦਰਨਾਥ ਟੈਗੋਰ ਦਾ ਨਾਂ ਸਾਹਿਤ ਅਤੇ ਕਲਾ ਜਗਤ ਦੀਆਂ ਮਹਾਨ ਸ਼ਖ਼ਸੀਅਤਾਂ 'ਚ ਸ਼ੁਮਾਰ ਹੁੰਦਾ ਹੈ | ਅਦੁੱਤੀ ਪ੍ਰਤਿਭਾ ਦੇ ਧਨੀ ਇਸ ਕਵੀ, ਕਹਾਣੀਕਾਰ, ਨਾਟਕਕਾਰ, ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਅਤੇ ਸਮਾਜ ਸੁਧਾਰਕ ਦਾ ਜਨਮ ਇਕ ਖ਼ੁਸ਼ਹਾਲ ਪਰਿਵਾਰ ਵਿਚ 7 ਮਈ 1861 ਈਸਵੀ ਨੂੰ ਕਲਕੱਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿਚ ਹੋਇਆ ਸੀ | ਉਨ੍ਹਾਂ ਦੇ ਪਿਤਾ ਮਹਾਂਰਿਸ਼ੀ ਦੇਵੇਂਦਰ ਨਾਥ ਠਾਕੁਰ ਅਤੇ ਮਾਤਾ ਸ਼ਾਰਦਾ ਦੇਵੀ ਸੀ | ਇਸ ਤੋਂ ਉਪਰੰਤ ਟੈਗੋਰ ਜੀ ਦੇ ਵਿਚਾਰ, ਕਵਿਤਾਵਾਂ, ਅਤੇ ਕੋਰਿਓਗ੍ਰਾਫੀ ਨੂੰ ਵਿਦਿਆਰਥੀ ਦੇ ਸਨਮੁੱਖ ਪੇਸ਼ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਸ਼੍ਰੀ ਮਨੋਜ ਕੁਮਾਰ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਕਿਹਾ ਸਾਡੇ ਕੋਲ ਟੈਗੋਰ ਜੀ ਦੇ ਵਿਚਾਰਾਂ ਅਤੇ ਕਦਰਾਂ-ਕੀਮਤਾਂ ਨੂੰ ਯਾਦ ਕਰਨ ਦਾ ਮੌਕਾ ਹੈ | ਇਸ ਸਮੇਂ ਪਿ੍ੰਸੀਪਲ ਸਾਹਿਬ ਟੈਗੋਰ ਦੀ ਪ੍ਰਸਿੱਧ ਕਵਿਤਾ ਵਿਚ ਹਵਾਲਾ ਦਿੰਦੇ ਕਿਹਾ ਕਿ ਜਿੱਥੇ ਗਿਆਨ ਦੀ ਭਰਮਾਰ ਹੁੰਦੀ ਹੈ, ਉੱਥੇ ਮਨ ਹਮੇਸ਼ਾ ਡਰ ਤੋਂ ਮੁਕਤ ਰਹਿੰਦਾ ਹੈ ਅਤੇ ਸਿਰ ਮਾਣ ਨਾਲ ਉੱਚਾ ਰਹਿੰਦਾ ਹੈ |