ਸਮਰਾਲਾ, 18 ਫਰਵਰੀ (ਗੋਪਾਲ ਸੋਫਤ)-ਇੱਥੋਂ ਨਜ਼ਦੀਕੀ ਪਿੰਡ ਕੁੱਲੇਵਾਲ ਦੇ ਨੇੜੇ ਨਸ਼ਾ ਕੀਤੇ ਇੱਕ ਕਾਰ ਸਵਾਰ ਵਲੋਂ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰਨ ਕਾਰਨ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦਕਿ ਪਤੀ ਨੂੰ ਗੰਭੀਰ ਹਾਲਤ ਵਿਚ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ ਹੈ | ਕਾਰ ਚਾਲਕ ਕੋਲੋਂ ਪੁਲਿਸ ਨੇ 5 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਇੱਥੋਂ ਨਜ਼ਦੀਕੀ ਪਿੰਡ ਗਹਿਲੇਵਾਲ ਦੇ ਵਸਨੀਕ ਨਿਰਮਲ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਖੰਨਾ ਹਸਪਤਾਲ ਤੋਂ ਦਵਾਈ ਲੈ ਕੇ ਆਪਣੇ ਪਿੰਡ ਗਹਿਲੇਵਾਲ ਨੂੰ ਵਾਪਸ ਪਰਤ ਰਹੇ ਸਨ ਕਿ ਪਿੰਡ ਕੱੁਲੇਵਾਲ ਦੀ ਗੁੱਗਾ ਮਾੜੀ ਦੇ ਨਜ਼ਦੀਕ ਸਮਰਾਲਾ ਵਲੋਂ ਜਾ ਰਹੇ ਇੱਕ ਕਾਰ ਸਵਾਰ ਨੇ ਉਲਟ ਪਾਸੇ ਵੱਲ ਜਾ ਕੇ ਮੋਟਰਸਾਈਕਲ ਸਵਾਰਾਂ ਨੂੰ ਦਰੜ ਦਿੱਤਾ | ਜਿਸ ਵਿਚ ਬਲਵਿੰਦਰ ਕੌਰ 55 ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦਕਿ ਉਸ ਦੇ ਪਤੀ ਨਿਰਮਲ ਸਿੰਘ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ | ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ | ਸਿਵਲ ਹਸਪਤਾਲ ਦੇ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਲਗਭਗ ਢਾਈ ਵਜੇ ਦੁਪਹਿਰ ਇਹ ਐਕਸੀਡੈਂਟ ਕੇਸ ਹਸਪਤਾਲ ਵਿਚ ਆਇਆ ਸੀ, ਜਿਸ ਵਿਚ ਅÏਰਤ ਹਸਪਤਾਲ ਪਹੁੰਚਣ ਸਮੇਂ ਹੀ ਮਿ੍ਤਕ ਸੀ | ਜਦਕਿ ਉਸ ਦੇ ਪਤੀ ਨਿਰਮਲ ਸਿੰਘ ਦੇ ਸਿਰ ਵਿਚ ਗੰਭੀਰ ਸੱਟ ਸੀ | ਉਸ ਨੂੰ ਫ਼ਸਟ ਏਡ ਦੇ ਕੇ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ | ਸਥਾਨਕ ਐੱਸ. ਐੱਚ. ਓ. ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਹਿਚਾਣ ਪ੍ਰਮੋਦ ਕੁਮਾਰ ਵਾਸੀ ਸਮਰਾਲਾ ਵਜੋਂ ਹੋਈ ਹੈ ਅਤੇ ਉਸ ਪਾਸੋਂ 5.15 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ |