ਮਾਛੀਵਾੜਾ ਸਾਹਿਬ, 17 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਥਾਣਾ ਕੂੰਮਕਲਾਂ ਪੁਲਿਸ ਵਲੋਂ ਇੱਕ ਨਾਬਾਲਗ ਲੜਕੀ ਦਾ ਇਤਰਾਜ਼ਯੋਗ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ 'ਤੇ ਪੁਲਿਸ ਨੇ ਇਕ ਵਿਅਕਤੀ ਮੁੰਦਰ ਸਿੰਘ ਵਾਸੀ ਹੈਦਰ ਨਗਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਕੋਲ ਨਾਬਾਲਗ ਲੜਕੀ ਦੇ ਪਿਤਾ ਨੇ ਬਿਆਨ ਦਰਜ ਕਰਵਾਏ ਕਿ ਉਸਨੇ ਪਿਛਲੇ ਸਾਲ 21-3-2025 ਨੂੰ ਸੁਖਵਿੰਦਰ ਸਿੰਘ ਖ਼ਿਲਾਫ਼ ਥਾਣਾ ਕੂੰਮਕਲਾਂ ਵਿਚ ਪੋੋਸਕੋ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਸੀ ਅਤੇ ਮੁਲਜ਼ਮ ਉਸ ਸਮੇਂ ਤੋਂ ਫ਼ਰਾਰ ਚੱਲਿਆ ਆ ਰਿਹਾ ਸੀ | ਬਿਆਨਕਰਤਾ ਅਨੁਸਾਰ ਜਿਸ ਦਿਨ ਤੋਂ ਉਸਨੇ ਮਾਮਲਾ ਦਰਜ ਕਰਵਾਇਆ, ਸੁਖਵਿੰਦਰ ਸਿੰਘ ਦਾ ਸਾਰਾ ਪਰਿਵਾਰ ਉਸਦੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦੇ ਕੇ ਦਬਾਅ ਪਾ ਰਿਹਾ ਹੈ ਕਿ ਦਰਜ ਕਰਵਾਏ ਮਾਮਲੇ ਸਬੰਧੀ ਰਾਜ਼ੀਨਾਮਾ ਕਰ ਲਵੇ | ਇਸ ਮਾਮਲੇ ਸਬੰਧੀ ਮੁਲਜ਼ਮ ਸੁਖਵਿੰਦਰ ਸਿੰਘ ਦੀਆਂ ਮਾਣਯੋਗ ਅਦਾਲਤਾਂ ਤੋਂ ਜ਼ਮਾਨਤਾਂ ਖ਼ਾਰਜ ਹੋ ਚੁੱਕੀਆਂ ਹਨ | ਬਿਆਨਕਰਤਾ ਅਨੁਸਾਰ ਸੋਸ਼ਲ ਮੀਡੀਆ 'ਤੇ ਇੱਕ ਵੱਟਸਐਪ ਗਰੁੱਪ ਵਿਚ 10 ਫਰਵਰੀ 2026 ਨੂੰ ਮੇਰੀ ਨਾਬਾਲਗ ਲੜਕੀ ਦਾ ਇਤਰਾਜ਼ਯੋਗ ਵੀਡੀਓ ਕਲਿੱਪ ਵਾਇਰਲ ਕਰ ਦਿੱਤਾ ਗਿਆ | ਜਦੋਂ ਵੀਡੀਓ ਬਾਰੇ ਪਤਾ ਕੀਤਾ ਤਾਂ ਇਹ ਮੁਲਜ਼ਮ ਸੁਖਵਿੰਦਰ ਸਿੰਘ ਦੇ ਭਰਾ ਮੁੰਦਰ ਸਿੰਘ ਦੇ ਨੰਬਰ ਤੋਂ ਵਾਇਰਲ ਕੀਤੀ ਹੋਈ ਸੀ | ਪੁਲਿਸ ਵਲੋਂ ਬਿਆਨਾਂ ਦੇ ਅਧਾਰ 'ਤੇ ਮੁੰਦਰ ਸਿੰਘ ਖ਼ਿਲਾਫ਼ 67-ਬੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ |